ਦੀਵਾਲੀ ਵਾਲੀ ਰਾਤ ਨੂੰ ਧਮਾਕੇ ਨਾਲ ਫਟੇ ਦੋ ਸਿਲੰਡਰ, ਘਰ ਦਾ ਸਾਮਾਨ ਸੜ ਕੇ ਸੁਆਹ ਦੀਵਾਲੀ ਵਾਲੀ ਰਾਤ ਨੂੰ ਧਮਾਕੇ ਨਾਲ ਫਟੇ ਦੋ ਸਿਲੰਡਰ, ਘਰ ਦਾ ਸਾਮਾਨ ਸੜ ਕੇ ਸੁਆਹ
Publish Date: Mon, 09 Nov 2026 05:11 PM (IST)
Updated Date: Mon, 09 Nov 2026 05:11 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸਥਾਨਕ ਕਿਸ਼ਨਪੁਰਾ ਬਸਤੀ ਦੀ ਗਲੀ ਨੰਬਰ ਤਿੰਨ, ਬਠਿੰਡਾ ਰੋਡ ’ਤੇ ਦੀਵਾਲੀ ਦੀ ਰਾਤ ਇੱਕ ਘਰ ’ਚ ਅਚਾਨਕ ਸਿਲੰਡਰਾਂ ਦੇ ਫੱਟਣ ਨਾਲ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਕਾਰਨ ਘਰ ’ਚ ਅੱਗ ਲੱਗ ਗਈ ਅਤੇ ਉੱਥੇ ਰੱਖਿਆ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਧਮਕਾ ਇੰਨਾ ਤੇਜ਼ ਸੀ ਕਿ ਮਕਾਨ ਦੀਆਂ ਕੰਧਾਂ ’ਚ ਤਰੇੜਾਂ ਆ ਗਈਆਂ ਅਤੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਕੇ ਦੂਰ-ਦੂਰ ਤੱਕ ਖਿਲਰ ਗਏ। ਪਰਿਵਾਰ ਨੇ ਇਸ ਹਾਦਸੇ ’ਚ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ। ਖ਼ੁਸ਼ਕਿਸਮਤੀ ਰਹੀ ਕਿ ਜਿਸ ਕਮਰੇ ’ਚ ਸਿਲੰਡਰ ਰੱਖੇ ਸਨ, ਉੱਥੇ ਉਸ ਸਮੇਂ ਪਰਿਵਾਰ ਦਾ ਕੋਈ ਮੈਂਬਰ ਨਹੀਂ ਸੌਂ ਰਿਹਾ ਸੀ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਘਰ ਦੀ ਰਹਿਣ ਵਾਲੀ ਮਨਜੀਤ ਕੌਰ ਨੇ ਦੱਸਿਆ ਕਿ ਕੁੱਝ ਦਿਨਾਂ ਬਾਅਦ ਉਨ੍ਹਾਂ ਦੇ ਘਰ ’ਚ ਬੱਚਿਆਂ ਦਾ ਸਮਾਗਮ ਰੱਖਿਆ ਗਿਆ ਸੀ। ਇਸੇ ਸਮਾਗਮ ਦੀਆਂ ਤਿਆਰੀਆਂ ਲਈ ਉਨ੍ਹਾਂ ਨੇ ਪਹਿਲਾਂ ਹੀ ਸਿਲੰਡਰ ਭਰਵਾ ਕੇ ਰੱਖੇ ਹੋਏ ਸਨ। ਦੀਵਾਲੀ ਦੀ ਰਾਤ ਪਰਿਵਾਰ ਦੇ ਸਾਰੇ ਮੈਂਬਰ ਘਰ ’ਚ ਸੌਂ ਰਹੇ ਸਨ। ਰਾਤ ਕਰੀਬ 12 ਵਜੇ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਧਮਾਕਾ ਸੁਣ ਕੇ ਪਰਿਵਾਰ ਦੇ ਮੈਂਬਰ ਘਬਰਾ ਕੇ ਉੱਠੇ ਅਤੇ ਘਰ ’ਚ ਦੇਖਿਆ ਤਾਂ ਚਾਰੇ ਪਾਸੇ ਕੱਚ ਦੇ ਟੁਕੜੇ ਖਿੱਲਰੇ ਪਏ ਸਨ। ਘਰ ’ਚ ਰੱਖੇ ਸਾਮਾਨ ਦਾ ਵੀ ਭਾਰੀ ਨੁਕਸਾਨ ਹੋਇਆ ਸੀ। ਫਿਰ ਥੋੜ੍ਹੀ ਦੇਰ ਬਾਅਦ ਇੱਕ ਹੋਰ ਧਮਾਕਾ ਹੋਇਆ ਅਤੇ ਗੈਸ ਦੀ ਬਦਬੂ ਆਈ ਤਾਂ ਪਤਾ ਲੱਗਾ ਕਿ ਸਿਲੰਡਰ ਫਟੇ ਹਨ। ਮਨਜੀਤ ਕੌਰ ਅਨੁਸਾਰ ਘਰ ਚ ਰੱਖੇ ਕੱਪੜੇ, ਅਲਮਾਰੀ, ਵਾਸ਼ਿੰਗ ਮਸ਼ੀਨ, ਐੱਲਸੀਡੀ ਅਤੇ ਹੋਰ ਘਰੇਲੂ ਸਾਮਾਨ ਅੱਗ ਤੇ ਧਮਾਕੇ ਦੀ ਚਪੇਟ ’ਚ ਆ ਕੇ ਨੁਕਸਾਨਿਆ ਗਿਆ। ਮਕਾਨ ਦੀਆਂ ਕੰਧਾਂ ’ਚ ਵੀ ਤਰੇੜਾਂ ਪੈ ਗਈਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਪਹਿਲਾਂ ਉਸੇ ਕਮਰੇ ’ਚ ਸੌਂਦੇ ਸਨ, ਪਰ ਸੰਯੋਗ ਨਾਲ ਦੀਵਾਲੀ ਦੀ ਰਾਤ ਉਹ ਕਿਸੇ ਕੰਮ ਲਈ ਬਾਹਰ ਗਏ ਹੋਏ ਸਨ ਅਤੇ ਪਰਿਵਾਰ ਦੇ ਦੂਜੇ ਕਮਰੇ ’ਚ ਹੋਣ ਕਰਕੇ ਸਾਰੇ ਮੈਂਬਰ ਸੁਰੱਖਿਅਤ ਬਚ ਗਏ। ਪਰਿਵਾਰ ਨੇ ਸਿਲੰਡਰ ਦੀ ਗੁਣਵੱਤਾ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਸਿਲੰਡਰ ’ਚ ਖ਼ਰਾਬੀ ਕਾਰਨ ਉਹ ਅਚਾਨਕ ਫਟ ਗਿਆ। ਉਨ੍ਹਾਂ ਸੰਬੰਧਿਤ ਗੈਸ ਕੰਪਨੀ ਤੋਂ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ।