- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰੁੱਖ ਲਗਾਏ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਰਜਿਸਟਰਾਰ ਜਨਰਲ, ਹਾਈ ਕੋਰਟ ਆਫ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸਏਐੱਸ ਨਗਰ (ਮੋਹਾਲੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਸਵਿੰਦਰ ਸ਼ੀਮਰ, ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਗਵਾਈ ਹੇਠ, ਕਚਹਿਰੀ ਕੰਪਲੈਕਸ, ਸ੍ਰੀ ਮੁਕਤਸਰ ਸਾਹਿਬ ਵਿਖੇ ਵੱਧ ਰਹੀ ਗਰਮੀ ਤੋਂ ਨਿਜ਼ਾਤ ਦਵਾਉਣ ਵਾਸਤੇ ਵੱਧ ਤੋਂ ਵੱਧ ਰੁੱਖ ਲਗਾਏ ਗਏ। ਇਸਦੀ ਸ਼ੁਰਆਤ ਕਰਦਿਆਂ ਜਸਵਿੰਦਰ ਸ਼ੀਮਰ, ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਵੱਖ-ਵੱਖ ਜੂਡੀਸ਼ੀਅਲ ਅਫਸਰਾਂ ਵੱਲੋਂ ਹਰ ਤਰ੍ਹਾਂ ਦੇ ਰੱਖ ਲਗਾਏ ਗਏ। ਇਸ ਮੌਕੇ ਮਾਨਯੋਗ ਜੱਜ ਸਾਹਿਬ ਵੱਲੋਂ ਕਿਹਾ ਗਿਆ ਕਿ ਪ੍ਰਕਿਰਤੀ ਅਤੇ ਮਨੁੱਖੀ ਜੀਵਨ ਦਾ ਗਹਿਰਾ ਰਿਸ਼ਤਾ ਹਮੇਸ਼ਾ ਤੋਂ ਰਿਹਾ ਹੈ। ਇਸੇ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਵਾਤਾਵਰਣ ਸੁਰੱਖਿਆ ਲਈ ਜਾਗਰੂਕਤਾ ਫੈਲਾਉਣ ਲਈ ਦੁਨੀਆ ਸਭ ਤੋਂ ਵੱਡੀ ਸਮੱਸਿਆ ਜਲਵਾਯੂ ਤਬਦੀਲੀ ਦਾ ਸਾਹਮਣਾ ਕਰ ਰਹੀ ਹੈ। ਵਧਦੀ ਗਰਮੀ, ਘਟਦੀ ਬਰਫ, ਵਧਦੀਆਂ ਸਮੁੰਦਰੀ ਲਹਿਰਾਂ, ਜੰਗਲੀ ਅੱਗ ਲੱਗਣਾ ਅਤੇ ਅਸਾਧਾਰਨ ਮੌਸਮੀ ਤਬਦੀਲੀਆਂ ਇਸਦੇ ਸਪਸ਼ਟ ਸੰਕੇਤ ਹਨ। ਇਸ ਥੀਮ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਰੁੱਖ ਲਾਉਣਾ, ਜੰਗਲਾਂ ਨੂੰ ਬਚਾਉਣਾ, ਵਿਵਸਥਿਤ ਖੇਤੀ ਅਤੇ ਟਿਕਾਊ ਊਰਜਾ ਵੱਲ ਵਧਣਾ ਇਸ ਲੜਾਈ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ। ਵਾਤਾਵਰਣ ਬਚਾਉਣ ’ਚ ਇੱਕ ਵਿਅਕਤੀ ਵਜੋਂ ਸਾਡੀ ਭੂਮਿਕਾ ਵੀ ਬਹੁਤ ਅਹਿਮ ਹੈ। ਛੋਟੀਆਂ-ਛੋਟੀਆਂ ਆਦਤਾਂ ਬਦਲ ਕੇ ਅਸੀਂ ਵੱਡੀ ਤਬਦੀਲੀ ਲਿਆ ਸਕਦੇ ਹਾਂ। ਉਦਾਹਰਨ ਵਜੋਂ ਬਿਜਲੀ ਬਚਾਉਣਾ, ਪਾਣੀ ਦੀ ਬਰਬਾਦੀ ਰੋਕਣਾ, ਪਲਾਸਟਿਕ ਦੀ ਵਰਤੋਂ ਘਟਾਉਣਾ ਅਤੇ ਰੀਸਾਈਕਲਿੰਗ ਕਰਨਾ। ਘਰ ’ਚ ਛੱਤ ’ਤੇ ਬਾਗ ਲਾਉਣਾ, ਸਾਈਕਲ ਵਰਤਣਾ ਜਾਂ ਪਬਲਿਕ ਟ੍ਰਾਂਸਪੋਰਟ ਦੀ ਵਰਤੋਂ ਕਰਨਾ ਵੀ ਵਾਤਾਵਰਣ ਲਈ ਲਾਭਦਾਇਕ ਹੈ। ਸਮਾਜ ਦੇ ਹਰੇਕ ਵਰਗ ਨੂੰ ਅਤੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਵਾਤਾਵਰਣ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ’ਚ ਇਸ ਨੂੰ ਬਚਾਉਣ ਲਈ ਤਿਆਰ ਹੋਣ। ਇਸ ਮੌਕੇ ਸ਼੍ਰੀਮਤੀ ਗੁਰਪ੍ਰੀਤ ਕੌਰ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਿਹਾ ਕਿ ਪ੍ਰਕਿਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਤਾਜ਼ੀ ਹਵਾ, ਸਾਫ਼ ਪਾਣੀ, ਫਲ-ਫੁੱਲ ਅਤੇ ਖੂਬਸੂਰਤ ਲੈਂਡਸਕੇਪ। ਪਰ ਅਸੀਂ ਇਸ ਦੀ ਲਗਾਤਾਰ ਲੁੱਟ ਕਰ ਰਹੇ ਹਾਂ। ਜੰਗਲ ਘਟ ਰਹੇ ਹਨ, ਜੀਵ-ਜੰਤੂ ਲੁਪਤ ਹੋ ਰਹੇ ਹਨ ਅਤੇ ਧਰਤੀ ਦਾ ਤਾਪਮਾਨ ਵਧ ਰਿਹਾ ਹੈ। ਜੇ ਅਸੀਂ ਇਸ ਰਫ਼ਤਾਰ ਨੂੰ ਨਾ ਰੋਕਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਜਿਊਣਾ ਮੁਸ਼ਕਿਲ ਹੋ ਜਾਵੇਗਾ। ਇਹ ਗੱਲ ਸਾਨੂੰ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ਇਹ ਧਰਤੀ ਸਾਡੀ ਹੀ ਨਹੀਂ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਦੀ ਵੀ ਹੈ। ਇਸ ਲਈ ਇਸ ਨੂੰ ਬਚਾਉਣਾ ਹਰ ਇੱਕ ਦਾ ਫਰਜ਼ ਹੈ। ਇਸ ਮੌਕੇ ਅਵਤਾਰ ਸਿੰਘ ਬਰਧਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ; ਸ੍ਰੀ ਰਮਨ ਸ਼ਰਮਾ, ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ; ਸ੍ਰੀ ਨੀਰਜ ਕੁਮਾਰ ਸਿੰਗਲਾ, ਸਿਵਲ ਜੱਜ, ਸੀਨੀਅਰ ਡਵੀਜ਼ਨ; ਮਿਸ: ਰੂਪਾ ਧਾਲੀਵਾਲ, ਚੀਫ ਜੂਡੀਸ਼ੀਅਲ ਮੈਜਿਸਟ੍ਰੇਟ; ਮਿਸ: ਰਾਜਬੀਰ ਕੌਰ, ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ; ਮਿਸ: ਜਸਕਿਰਨ ਸੋਂਧ, ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ; ਮਿਸ: ਅਸ਼ਮਿਤਾ ਰੋਮਾਨਾ, ਜੁਡੀਸ਼ੀਅਲ ਮੈਜਿਸਟ੍ਰੇਟ ਦਰਜਾ ਪਹਿਲਾ ਜੂਡੀਸੀਅਲ ਅਫਸਰ ਸਾਹਿਬਾਨ ਤੋਂ ਇਲਾਵਾ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਸੈਕਟਰੀ ਸ੍ਰੀ ਸ਼ੁਭਮ ਸ਼ਰਮਾ, ਬਾਰ ਮੈਂਬਰ ਸ੍ਰੀਮਤੀ ਮਨਜੀਤ ਕੌਰ ਬੇਦੀ, ਸ੍ਰੀ ਰਾਜਿੰਦਰਪਾਲ ਸ਼ਰਮਾ ਸਮੇਤ ਟੀਮ, ਲੀਗਲ ਏਡ ਡਿਫੈਂਸ ਕੌਂਸਲ ਅਤੇ ਸਮੇਤ ਸਟਾਫ ਵੀ ਹਾਜਰ ਸੀ। ਹੋਰ ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ 15100 ਤੇ ਵੀ ਕਾਲ ਕੀਤੀ ਜਾਂ ਸਕਦੀ ਹੈ।