ਗੁਰੂ ਨਾਨਕ ਕਾਲਜ ’ਚ ਨਿਊ ਏਜ਼ ਟੀਚਿੰਗ ਤਕਨੀਕਾਂ ਨਾਲ ਸਬੰਧਿਤ ਵਰਕਸ਼ਾਪ ਸੰਪੰਨ ਗੁਰੂ ਨਾਨਕ ਕਾਲਜ ਵਿਖੇ ਨਿਊ ਏਜ਼ ਟੀਚਿੰਗ ਤਕਨੀਕਾਂ ਨਾਲ ਸੰਬੰਧਿਤ ਤਿੰਨ ਰੋਜ਼ਾ ਵਰਕਸ਼ਾਪ ਸੰਪੰਨ
Publish Date: Thu, 30 Jul 2026 04:39 PM (IST)
Updated Date: Thu, 30 Jul 2026 04:40 PM (IST)
- ਮੁੱਖ ਬੁਲਾਰੇ ਵੱਲੋਂ ਵਿਦਿਆਰਥੀ ਜਾਂ ਸਿੱਖਣ ਵਾਲੇ ਦੀ ਮਾਨਸਿਕਤਾ, ਲੋੜਾਂ ਤੇ ਪਿਛੋਕੜ ਨੂੰ ਸਮਝਣ ਲਈ ਵਿਹਾਰਿਕ ਨੁਕਤੇ ਕੀਤੇ ਸਾਂਝੇ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਆਈਸੀਟੀ ਸੈੱਲ ਵੱਲੋਂ ਆਈਸੀਟੀ ਅਕੈਡਮੀ ਗੌਰਮੈਂਟ ਆਫ਼ ਤਮਿਲਨਾਡੂ ਮਨਿਸਟਰੀ ਆਫ਼ ਇਨਫੋਰਮੇਸ਼ਨ ਟੈਕਨਾਲੋਜੀ ਅਤੇ ਡਿਜ਼ੀਟਲ ਸਰਵਿਸ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਦੇ ਤੀਸਰੇ ਦਿਨ ਮੁੱਖ ਵਕਤਾ ਬਾਬਰ ਨਾਜ਼ਰ ਬਤੌਰ ਰਿਲੇਸ਼ਨਸ਼ਿਪ ਮੈਨੇਜਰ ਵੱਲੋਂ ਕਿਸੇ ਵੀ ਵਿਦਿਆਰਥੀ ਜਾਂ ਸਿੱਖਣ ਵਾਲੇ ਦੀ ਮਾਨਸਿਕਤਾ, ਲੋੜਾਂ ਅਤੇ ਪਿਛੋਕੜ ਨੂੰ ਸਮਝਣ ਲਈ ਕੁਝ ਵਿਹਾਰਿਕ ਨੁਕਤੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇੱਕ ਵਧੀਆ ਸਪੀਕਰ ਜਾਂ ਪ੍ਰੈਜ਼ੈਂਟਰ ਕਿਵੇਂ ਬਣਿਆ ਜਾਵੇ, ਜੋ ਆਪਣੀ ਗੱਲ ਨੂੰ ਸਾਫ਼ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਹਮਣੇ ਰੱਖ ਸਕੇ। ਇਸ ਸੈਸ਼ਨ ਵਿੱਚ ਖੋਜ ਕੀਤੀ ਗਈ ਕਿ ਉਮਰਦਰਾਜ਼ ਲੋਕ ਜਾਂ ਨੌਕਰੀਪੇਸ਼ਾ ਬਾਲਗ ਕਿਵੇਂ ਸਿੱਖਦੇ ਹਨ, ਕਿਉਂਕਿ ਉਨ੍ਹਾਂ ਦੇ ਸਿੱਖਣ ਦਾ ਤਰੀਕਾ ਬੱਚਿਆਂ ਨਾਲੋਂ ਬਿਲਕੁਲ ਵੱਖਰਾ ਹੁੰਦਾ ਹੈ। ਵਰਕਸ਼ਾਪ ਵਿੱਚ ਭਾਗੀਦਾਰਾਂ ਨੂੰ ਉਨ੍ਹਾਂ ਦੀ ਨਿੱਜੀ ਸਿੱਖਣ ਸ਼ੈਲੀ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਗਈ। ਸਭ ਤੋਂ ਵੱਡੀ ਚੁਣੌਤੀ ਕਲਾਸ ਜਾਂ ਸੈਸ਼ਨ ਦੌਰਾਨ ਸਾਰਿਆਂ ਦਾ ਧਿਆਨ ਬਣਾਈ ਰੱਖਣਾ ਹੁੰਦਾ ਹੈ। ਇਸ ਦੇ ਲਈ ਕਈ ਨਵੇਂ ਡਿਜ਼ੀਟਲ ਟੂਲਸ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਹਰ ਕੋਈ ਸਰਗਰਮ ਰਹੇ। ਇਸ ਤੋਂ ਇਲਾਵਾ ਬਲੂਮ ਦੀ ਵਰਗੀਕਰਨ ਪ੍ਰਣਾਲੀ ਨੂੰ ਵਿਸਥਾਰ ਵਿੱਚ ਸਮਝਾਇਆ ਗਿਆ। ਬਲੂਮ ਦੀ ਵਰਗੀਕਰਨ ਪ੍ਰਣਾਲੀ ਵਿੱਦਿਅਕ ਟੀਚਿਆਂ ਅਤੇ ਉਦੇਸ਼ਾਂ ਨੂੰ ਸ਼੍ਰੇਣੀਬੱਧ ਕਰਨ ਲਈ ਇੱਕ ਢਾਂਚਾ ਹੈ। ਇਸ ਨੂੰ ਸਿੱਖਿਆ-ਸ਼ਾਸਤਰੀਆਂ ਦੀ ਮਦਦ ਲਈ ਬਣਾਇਆ ਗਿਆ ਸੀ ਤਾਂ ਜੋ ਉਹ ਅਜਿਹਾ ਪਾਠਕ੍ਰਮ ਅਤੇ ਮੁਲਾਂਕਣ ਤਿਆਰ ਕਰ ਸਕਣ ਜੋ ਉੱਚ ਪੱਧਰੀ ਸੋਚ ਨੂੰ ਉਤਸ਼ਾਹਿਤ ਕਰਦੇ ਹਨ। ਮੰਚ ਸੰਚਾਲਣ ਦੀ ਭੂਮਿਕਾ ਡਾ. ਰੁਪਿੰਦਰਪਾਲ ਕੌਰ ਵੱਲੋਂ ਨਿਭਾਈ ਗਈ। ਆਈਸੀਟੀ ਸੈੱਲ ਦੇ ਕੋਆਰਡੀਨੇਟਰ ਡਾ. ਅਮਨਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਇਸ ਵਰਕਸ਼ਾਪ ’ਚ ਸਰਗਰਮੀ ਨਾਲ ਹਿੱਸਾ ਲਿਆ। ਕਾਲਜ ਪ੍ਰਿੰਸੀਪਲ ਪ੍ਰੋ. ਸਰਬਜੀਤ ਕੌਰ ਨੇ ਕਿਹਾ ਕਿ ਨਵੇਂ ਯੁੱਗ ਵਿੱਚ ਅਧਿਆਪਨ ਦੇ ਤਰੀਕਿਆਂ ਵਿੱਚ ਤਬਦੀਲੀ ਦੀ ਅਹਿਮ ਲੋੜ ਹੈ। ਅਧਿਆਪਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਭਾਵਨਾਤਮਕ ਰੂਪ ’ਚ ਜੋੜਨਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।