- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਵੱਲੋਂ 32 ਬੋਰ ਦੇਸੀ ਪਿਸਤੌਲ ਸਮੇਤ ਤਿੰਨ ਨੌਜਵਾਨ ਕਾਬੂ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਤਿੰਨ ਨੌਵਜਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ 32 ਬੋਰ ਪਿਸਤੌਲ ਬਰਾਮਦ ਕੀਤਾ ਹੈ। ਏਐੱਸਆਈ ਲਖਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਇਲਾਕੇ ’ਚ ਗਸ਼ਤ ਅਤੇ ਚੈਕਿੰਗ ਦੇ ਸਬੰਧ ’ਚ ਕੱਚਾ ਉਦੇਕਰਨ ਰੋਡ, ਭੁੱਲਰ ਕਾਲੋਨੀ ਅਤੇ ਸੋਧੂ ਕਾਲੋਨੀ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਅਮਰੂਦਾਂ ਦੇ ਬਾਗ਼ ਕੋਲ ਪਹੁੰਚੀ, ਤਾਂ ਸਾਹਮਣੇ ਤੋਂ ਇੱਕ ਪਲਸਰ ਮੋਟਰਸਾਈਕਲ (ਆਰਜੇ 07-5ਆਰ-6311) ’ਤੇ ਸਵਾਰ ਤਿੰਨ ਯੁਵਕ ਆਉਂਦੇ ਦਿਖਾਈ ਦਿੱਤੇ। ਪੁਲਿਸ ਦੀ ਗੱਡੀ ਨੂੰ ਦੇਖ ਕੇ ਉਹ ਘਬਰਾ ਗਏ ਅਤੇ ਮੋਟਰਸਾਈਕਲ ਪਿੱਛੇ ਮੋੜਨ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਪਾਰਟੀ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਤਿੰਨਾਂ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਹਨਾਂ ਦੀ ਪਛਾਣ ਮਨੀਸ਼ ਸਰਵੱਟਾ ਵਾਸੀ ਤਿਲਕ ਨਗਰ ਗਲੀ ਨੰਬਰ 8 ਮੁਕਤਸਰ, ਚੇਤਨ ਕੁਮਾਰ ਉਰਫ਼ ਰਾਹੁਲ ਵਾਸੀ ਭੁੱਲਰ ਕਾਲੋਨੀ ਮੁਕਤਸਰ ਅਤੇ ਸ਼ਿਵਮ ਕੁਮਾਰ ਉਰਫ਼ ਹੁੱਬੂ ਵਾਸੀ ਤਿਲਕ ਨਗਰ ਗਲੀ ਨੰਬਰ 8 ਮੁਕਤਸਰ ਵਜੋਂ ਹੋਈ। ਪੁਲਿਸ ਨੇ ਤਲਾਸ਼ੀ ਦੌਰਾਨ ਮੋਟਰਸਾਈਕਲ ਚਲਾ ਰਹੇ ਮਨੀਸ਼ ਸਰਵੱਟਾ ਕੋਲੋਂ ਕੱਪੜੇ ਵਿੱਚ ਲਪੇਟ ਕੇ ਛਿਪਾਇਆ ਹੋਇਆ ਇੱਕ ਦੇਸੀ 32 ਬੋਰ ਪਿਸਤੌਲ (ਸਟੀਲ ਨੁਮਾ) ਬਰਾਮਦ ਕੀਤਾ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ (ਆਰਮਜ਼ ਐਕਟ) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।