ਗਾਂਧੀ ਨਗਰ ’ਚ ਇੱਕੋ ਰਾਤ ਤਿੰਨ ਘਰਾਂ ’ਚ ਚੋਰੀ, ਮਹੀਨੇ 'ਚ 10 ਤੋਂ ਵੱਧ ਵਾਰਦਾਤਾਂ ਗਾਂਧੀ ਨਗਰ ’ਚ ਇੱਕੋ ਰਾਤ ਤਿੰਨ ਘਰਾਂ ’ਚ ਚੋਰੀ, ਮਹੀਨੇ 'ਚ 10 ਤੋਂ ਵੱਧ ਵਾਰਦਾਤਾਂ
Publish Date: Mon, 27 Jul 2026 05:02 PM (IST)
Updated Date: Mon, 27 Jul 2026 05:03 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦੇ ਥਾਣਾ ਸਿਟੀ ਇਲਾਕੇ ਅਧੀਨ ਆਉਂਦੇ ਗਾਂਧੀ ਨਗਰ ’ਚ ਐਤਵਾਰ ਰਾਤ ਨੂੰ ਚੋਰਾਂ ਨੇ ਇੱਕੋ ਰਾਤ ’ਚ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਇਆ। ਦੋ ਘਰਾਂ ’ਚੋਂ ਮੋਬਾਈਲ ਅਤੇ ਨਕਦੀ ਚੋਰੀ ਕੀਤੀ ਗਈ, ਜਦਕਿ ਇੱਕ ਘਰ ਦੇ ਬਾਥਰੂਮ ਅਤੇ ਹੋਰ ਥਾਵਾਂ ਤੋਂ ਸਟੀਲ ਦੀਆਂ ਸੱਤ ਟੂਟੀਆਂ ਖੋਲ੍ਹ ਕੇ ਲੈ ਗਏ। ਸਥਾਨਕ ਨਿਵਾਸੀਆਂ ਸਤੀਸ਼ ਕੁਮਾਰ, ਸਾਜਨ, ਰਵੀ ਰਖੜਾ, ਸਰਵਣ ਸਿੰਘ ਅਤੇ ਬਾਬੀ ਕੁਮਾਰ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ’ਚ ਮੁੱਹਲੇ ’ਚ 10 ਤੋਂ ਵੱਧ ਚੋਰੀਆਂ ਹੋ ਚੁੱਕੀਆਂ ਹਨ। ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਚੋਰਾਂ ਦੇ ਹੌਂਸਲੇ ਬੁਲੰਦ ਹਨ। ਐਤਵਾਰ ਰਾਤ ਦੀਆਂ ਤਿੰਨੋਂ ਚੋਰੀਆਂ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲਿਆ ਹੈ। ਲੋਕਾਂ ਨੇ ਪੁਲਿਸ ਤੋਂ ਰਾਤ ਦੀ ਗਸ਼ਤ ਵਧਾਉਣ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਗਾਂਧੀ ਨਗਰ ਦੇ ਰਹਿਣ ਵਾਲੇ ਬਾਬੀ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਉਨ੍ਹਾਂ ਦਾ ਬੱਚਾ ਬੀਮਾਰ ਸੀ, ਜਿਸਨੂੰ ਦਵਾਈ ਦਿਵਾ ਕੇ ਉਹ ਰਾਤ 1 ਵਜੇ ਦੇ ਕਰੀਬ ਸੌਂ ਗਏ ਸਨ। ਸਵੇਰੇ ਸਾਢੇ ਪੰਜ ਵਜੇ ਉੱਠ ਕੇ ਦੇਖਿਆ ਤਾਂ ਅਲਮਾਰੀਆਂ ਖੁੱਲ੍ਹੀਆਂ ਸਨ ਅਤੇ ਮੋਬਾਈਲ ਤੇ ਨਕਦੀ ਗਾਇਬ ਸੀ। ਮੁੱਹਲੇ ਦੀ ਰਹਿਣ ਵਾਲੀ ਗੀਤਾ ਰਾਣੀ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਛੱਤ ’ਤੇ ਸੁੱਤੀ ਹੋਈ ਸੀ ਤਾਂ ਚੋਰ ਘਰ ਚ ਵੜ ਕੇ ਮੋਬਾਈਲ ਚੋਰੀ ਕਰ ਕੇ ਲੈ ਗਏ। ਉੱਥੇ ਹੀ ਰਵੀ ਰਖੜਾ ਨੇ ਦੱਸਿਆ ਕਿ ਸਵੇਰੇ ਉੱਠ ਕੇ ਦੇਖਣ ਤੇ ਉਨ੍ਹਾਂ ਦੇ ਘਰੋਂ ਸਟੀਲ ਦੀਆਂ 7 ਟੂਟੀਆਂ ਗਾਇਬ ਸਨ। 15 ਤਾਰੀਖ਼ ਨੂੰ ਹੋਈ ਚੋਰੀ ਚ ਵੀ ਕੋਈ ਕਾਰਵਾਈ ਨਹੀਂ ਗਾਂਧੀ ਨਗਰ ਗਲੀ ਨੰਬਰ 4 ਦੇ ਰਹਿਣ ਵਾਲੇ ਸਰਵਣ ਸਿੰਘ ਨੇ ਦੱਸਿਆ ਕਿ 15 ਜੁਲਾਈ ਨੂੰ ਉਨ੍ਹਾਂ ਦੇ ਘਰ ਚੋਰੀ ਹੋਈ ਸੀ, ਜਿਸ ਚ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਸੀ। ਦੋ ਸ਼ੱਕੀ ਵਿਅਕਤੀਆਂ ਦੇ ਨਾਮ ਦੱਸਣ ਦੇ ਬਾਵਜੂਦ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ : ਐੱਸਐੱਚਓ ਥਾਣਾ ਸਿਟੀ ਦੀ ਐਸਐਚਓ ਰਵਿੰਦਰ ਕੌਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚੋਰੀ ਸਬੰਧੀ ਅਜੇ ਤੱਕ ਕੋਈ ਰਸਮੀ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਪਹੁੰਚੀ ਹੈ, ਪਰ ਫਿਰ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।