ਜੀਵਨ ਦੀ ਵਿਅਥਾ ਖਤਮ ਕਰਦੀ ਹੈ ਸ੍ਰੀ ਰਾਮ ਕਥਾ : ਪੰ. ਸੀਤਾ ਰਾਮ
ਜੀਵਨ ਦੀ ਵਿਅਥਾ ਖਤਮ ਕਰਦੀ ਹੈ ਸ੍ਰੀ ਰਾਮ ਕਥਾ : ਪੰ. ਸੀਤਾ ਰਾਮ
Publish Date: Sun, 29 Mar 2026 03:41 PM (IST)
Updated Date: Sun, 29 Mar 2026 03:41 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਤਿਲਕ ਨਗਰ ਗਲੀ ਨੰਬਰ 7 ਵਿਖੇ ਸਥਿਤ ਸ੍ਰੀ ਨਰਮਦੇਸ਼ਵਰ ਸ਼ਿਵ ਮੰਦਰ ’ਚ ਸ੍ਰੀ ਹਨੂੰਮਾਨ ਜਨਮੋਤਸਵ ਦੇ ਸਬੰਧ ’ਚ 28 ਮਾਰਚ (ਸ਼ਨੀਵਾਰ) ਤੋਂ ਨੌਂ ਦਿਨਾਂ (ਸ੍ਰੀ ਰਾਮਚਰਿਤ ਮਾਨਸ) ਸ੍ਰੀ ਰਾਮ ਕਥਾ ਦਾ ਆਯੋਜਨ ਸ਼ੁਰੂ ਹੋ ਗਿਆ ਹੈ। ਇਹ ਕਥਾ ਹਰ ਰੋਜ਼ ਸ਼ਾਮ 3:30 ਤੋਂ 6:30 ਵਜੇ ਤੱਕ 5 ਅਪ੍ਰੈਲ (ਐਤਵਾਰ) ਤੱਕ ਚੱਲੇਗੀ। ਕਥਾ ਦੇ ਪਹਿਲੇ ਦਿਨ ਵਿਆਸ ਪੰ. ਸੀਤਾ ਰਾਮ ਜੀ ਵ੍ਰਿੰਦਾਵਨ ਧਾਮ ਵਾਲਿਆਂ ਨੇ ਸ੍ਰੀ ਰਾਮ ਕਥਾ ਸੁਣਾ ਕੇ ਸ਼ਰਧਾਲੂਆਂ ਨੂੰ ਭਾਵ-ਵਿਭੋਰ ਕਰ ਦਿੱਤਾ ਅਤੇ ਭਜਨ ਗੰਗਾ ’ਚ ਡੁੱਬਕੀਆਂ ਲਗਵਾਈਆਂ। ਕਥਾ ਤੋਂ ਪਹਿਲਾਂ ਪੂਜਨ ਹੋਇਆ। ਇਸ ਮੌਕੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਹੈੱਪੀ ਗਰਗ, ਰਾਜੇਸ਼ ਗਰਗ, ਹੀਰਾ ਲਾਲ ਜੋਨੀ, ਮਾਸਟਰ ਬ੍ਰਿਜ ਲਾਲ, ਅਸ਼ੋਕ ਕੁਮਾਰ ਗੁਪਤਾ, ਰਾਜਨ ਗੁਪਤਾ ਆਦਿ ਵਿਸ਼ੇਸ਼ ਤੌਰ ’ਤੇ ਪੂਜਨ ’ਚ ਸ਼ਾਮਲ ਹੋਏ। ਕੱਚਾ ਆੜਤੀਆ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਮੇਘਰਾਜ ਗਰਗ ਦੋਦਾ ਵਾਲੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਆਰਤੀ ’ਚ ਸ਼ਾਮਲ ਹੋਏ। ਕਥਾ ਦੀ ਸ਼ੁਰੂਆਤ ਸੰਗੀਤਮਈ ਸ੍ਰੀ ਹਨੁਮਾਨ ਚਾਲੀਸਾ ਪਾਠ ਨਾਲ ਹੋਈ। ਸ੍ਰੀ ਰਾਮ ਕਥਾ ਬਾਰੇ ਚਰਚਾ ਕਰਦਿਆਂ ਪੰ. ਸੀਤਾ ਰਾਮ ਨੇ ਕਿਹਾ ਕਿ ਸ੍ਰੀ ਰਾਮ ਕਥਾ ਜੀਵਨ ਦੀ ਵਿਅਥਾ (ਮੁਸ਼ਕਿਲਾਂ) ਨੂੰ ਖਤਮ ਕਰ ਦਿੰਦੀ ਹੈ। ਜੋ ਭਗਤ ਸੱਚੇ ਮਨ ਨਾਲ ਸ੍ਰੀ ਰਾਮ ਕਥਾ ਸੁਣਦਾ ਹੈ, ਉਸ ਦੀਆਂ ਜਨਮ-ਜਨਮ ਦੀਆਂ ਮੁਸ਼ਕਿਲਾਂ ਤੇ ਪਰੇਸ਼ਾਨੀਆਂ ਦਾ ਅੰਤ ਹੋ ਜਾਂਦਾ ਹੈ। ਇਸ ਲਈ ਜੇਕਰ ਜੀਵਨ ’ਚ ਕਦੇ ਵੀ ਸ੍ਰੀ ਰਾਮ ਕਥਾ ਸੁਣਨ ਦਾ ਮੌਕਾ ਮਿਲੇ, ਤਾਂ ਇਸ ਮੌਕੇ ਨੂੰ ਕਦੇ ਵੀ ਨਾ ਗਵਾਓ। ਉਨ੍ਹਾਂ ਕਿਹਾ ਕਿ ਭਗਵਾਨ ਤੋਂ ਕਦੇ ਕੁਝ ਨਾ ਮੰਗੋ। ਉਨ੍ਹਾਂ ਨੂੰ ਤੁਹਾਡੀਆਂ ਲੋੜਾਂ ਦਾ ਪਤਾ ਹੈ। ਜੇ ਤੁਸੀਂ ਮੰਗੋਗੇ ਤਾਂ ਕੀ ਮੰਗ ਲਵੋਗੇ? ਸੋਚੋ, ਭਗਵਾਨ ਤੁਹਾਨੂੰ ਵੱਧ ਦੇਣਾ ਚਾਹੁੰਦੇ ਹੋਣ ਅਤੇ ਤੁਸੀਂ ਘੱਟ ਮੰਗ ਲਵੋ। ਇਸ ਲਈ ਸਭ ਕੁਝ ਭਗਵਾਨ ’ਤੇ ਛੱਡ ਦਿਓ, ਉਹ ਜਾਣਦੇ ਹਨ ਕਿ ਕਿਸ ਨੂੰ ਕੀ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਤਯੁਗ ’ਚ ਧਰਮ ਦੇ ਚਾਰ ਚਰਨ ਸਨ ਸੱਤ, ਤਪ, ਦਇਆ ਅਤੇ ਦਾਨ। ਤ੍ਰੇਤਾ ਯੁਗ ’ਚ ਸਤ ਚਲਾ ਗਿਆ ਅਤੇ ਤਪ, ਦਇਆ ਤੇ ਦਾਨ ਰਹਿ ਗਏ। ਦੁਆਪਰ ’ਚ ਸੱਤ ਨਾਲ ਤਪ ਵੀ ਚਲਾ ਗਿਆ ਅਤੇ ਸਿਰਫ ਦਇਆ ਅਤੇ ਦਾਨ ਰਹਿ ਗਏ। ਕਲਿਯੁਗ ’ਚ ਸੱਤ, ਤਪ ਅਤੇ ਦਇਆ ਤਿੰਨੇ ਹੀ ਖਤਮ ਹੋ ਚੁੱਕੇ ਹਨ ਅਤੇ ਹੁਣ ਸਿਰਫ ਦਾਨ ਹੀ ਬਚਿਆ ਹੈ। ਅਰਥਾਤ ਕਲਿਯੁਗ ’ਚ ਦਾਨ-ਪੁੰਨ ਹੀ ਮਨੁੱਖ ਨੂੰ ਭਵਸਾਗਰ ਤੋਂ ਪਾਰ ਲੰਘਾਉਂਦਾ ਹੈ। ਪੰ. ਸ਼ਿਵ ਕਾਂਤ ਸ਼ਾਸਤਰੀ ਨੇ ਦੱਸਿਆ ਕਿ ਨੌਂ ਦਿਨਾਂ ਦੀ ਇਹ ਕਥਾ ਬਹੁਤ ਹੀ ਧੂੰਮਧਾਮ ਨਾਲ ਸ਼ੁਰੂ ਹੋਈ ਹੈ ਅਤੇ ਇਸ ’ਚ ਸਮੂਹ ਸ਼ਹਿਰਵਾਸੀਆਂ ਨੂੰ ਖੁੱਲਾ ਸੱਦਾ ਹੈ। ਉਨ੍ਹਾਂ ਦੱਸਿਆ ਕਿ ਕਥਾ ਦੀ ਪੂਰਨਾਹੁਤੀ 5 ਅਪ੍ਰੈਲ (ਐਤਵਾਰ) ਨੂੰ ਹਵਨ ਨਾਲ ਹੋਵੇਗੀ। ਦੁਪਹਿਰ 12:15 ਵਜੇ ਪੂਰਨਾਹੁਤੀ ਤੋਂ ਬਾਅਦ ਪ੍ਰਸਾਦ ਵੰਡਿਆ ਜਾਵੇਗਾ। ਇਸ ਮੌਕੇ ਪੰ. ਪ੍ਰਤਾਪ ਸ਼ਾਸਤਰੀ, ਪੰ. ਸਤਵੀਰ ਸ਼ਾਸਤਰੀ, ਜੈ ਕ੍ਰਿਸ਼ਨ ਯਾਦਵ, ਪਵਨ ਕੁਮਾਰ ਸੈਨ, ਓਮ ਪ੍ਰਕਾਸ਼ ਗੁੰਬਰ ਸਮੇਤ ਹੋਰ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।