ਸਕੂਲੀ ਬੈਗਾਂ ’ਤੇ ਸੀਐੱਮ ਦੀ ਫੋਟੋ ਨਾਲ ਸਿੱਖਿਆ ਦਾ ਮਿਆਰ ਨਹੀਂ ਸੁਧਰ ਸਕਦਾ : ਸੰਧੂ ਸਕੂਲੀ ਬੈਗਾਂ ’ਤੇ ਮੁੱਖ ਮੰਤਰੀ ਦੀ ਫੋਟੋ ਲਗਾ ਕੇ ਸਿੱਖਿਆ ਦਾ ਮਿਆਰ ਨਹੀਂ ਸੁਧਰ ਸਕਦਾ: ਭਾਜਪਾ ਆਗੂ ਗੁਰਚਰਨ ਸੰਧੂ
Publish Date: Tue, 11 Aug 2026 05:09 PM (IST)
Updated Date: Tue, 11 Aug 2026 05:11 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਸੂਬਾਈ ਮੀਡੀਆ ਪੈਨੇਲਿਸਟ ਅਤੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ ਸਾਬਕਾ ਡੀਟੀਓ ਨੇ ਪੰਜਾਬ ਸਰਕਾਰ ਦੀਆਂ ਸਿੱਖਿਆ ਨੀਤੀਆਂ ਅਤੇ ਦਾਅਵਿਆਂ ਤੇ ਤਿੱਖਾ ਸ਼ਬਦੀ ਹਮਲਾ ਬੋਲਦਿਆਂ ਆਖਿਆ ਕਿ ਸਕੂਲੀ ਬੱਚਿਆਂ ਦੇ ਬੈਗਾਂ ਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਛਾਪਣ ਨਾਲ ਸੂਬੇ ’ਚ ਕੋਈ ਅਸਲੀ ਸਿੱਖਿਆ ਕ੍ਰਾਂਤੀ ਨਹੀਂ ਆ ਸਕਦੀ। ਉਨ੍ਹਾਂ ਕਿਹਾ ਕਿ ਸਕੂਲੀ ਵਿਦਿਆਰਥੀਆਂ ਨੂੰ ਬੈਗ ਵੰਡਣਾ ਇੱਕ ਚੰਗੀ ਪਹਿਲ ਹੋ ਸਕਦੀ ਹੈ, ਪਰ ਸਰਕਾਰੀ ਖਜ਼ਾਨੇ ਦੇ ਪੈਸੇ ਨਾਲ ਤਿਆਰ ਕੀਤੇ ਗਏ ਸਮਾਨ ਤੇ ਮੁੱਖ ਮੰਤਰੀ ਦੀ ਫੋਟੋ ਲਗਾ ਕੇ ਸਰਕਾਰੀ ਸਕੂਲਾਂ ਨੂੰ ਆਪਣੀ ਪਾਰਟੀ ਦੇ ਸਿਆਸੀ ਪ੍ਰਚਾਰ ਦਾ ਸਾਧਨ ਬਣਾਉਣਾ ਬਿਲਕੁਲ ਅਣਉਚਿਤ ਹੈ। ਉਨ੍ਹਾਂ ਕਿਹਾ ਕਿ ਬੈਗਾਂ ਉੱਤੇ ਸਿਰਫ਼ ਤਸਵੀਰਾਂ ਲਗਾ ਦੇਣ ਨਾਲ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਨਹੀਂ ਹੋ ਸਕਦਾ ਅਤੇ ਨਾ ਹੀ ਇਸ ਨਾਲ ਉਨ੍ਹਾਂ ਦੀ ਪੜ੍ਹਾਈ ਦੇ ਮਿਆਰ ’ਚ ਕੋਈ ਸੁਧਾਰ ਆਉਂਦਾ ਹੈ। ਸੂਬੇ ਦੀ ਮੌਜੂਦਾ ਸਿੱਖਿਆ ਵਿਵਸਥਾ ਦੀ ਪੋਲ ਖੋਲ੍ਹਦਿਆਂ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਦੇ ਅਨੇਕਾਂ ਸਰਕਾਰੀ ਸਕੂਲ ਅੱਜ ਵੀ ਅਧਿਆਪਕਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਹਨ। ਕਈ ਸਕੂਲਾਂ ’ਚ ਤਾਂ ਲੋੜੀਂਦੇ ਅਤੇ ਮਹੱਤਵਪੂਰਨ ਵਿਸ਼ਿਆਂ ਦੇ ਅਧਿਆਪਕ ਹੀ ਤਾਇਨਾਤ ਨਹੀਂ ਹਨ, ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਜੋ ਅਧਿਆਪਕ ਸਕੂਲਾਂ ’ਚ ਮੌਜੂਦ ਹਨ, ਉਨ੍ਹਾਂ ਦੀਆਂ ਡਿਊਟੀਆਂ ਵੀ ਪੜ੍ਹਾਉਣ ਦੀ ਬਜਾਏ ਵੱਖ-ਵੱਖ ਸਰਕਾਰੀ ਸਰਵੇਖਣਾਂ, ਗਣਨਾਵਾਂ ਅਤੇ ਹੋਰ ਗੈਰ-ਅਧਿਆਪਨ ਕੰਮਾਂ ’ਚ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਨਾਜ਼ੁਕ ਹਾਲਾਤਾਂ ਦੇ ਹੁੰਦਿਆਂ ਸਰਕਾਰ ਕਿਸ ਆਧਾਰ ’ਤੇ ਇਹ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕਿ ਪੰਜਾਬ ’ਚ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ? ਸੰਧੂ ਨੇ ਜ਼ੋਰ ਨੇ ਕਿਹਾ ਕਿ ਸਿਰਫ਼ ਸਕੂਲਾਂ ਦੇ ਨਾਂ ਬਦਲ ਦੇਣਾ, ਸਕੂਲ ਦੀਆਂ ਇਮਾਰਤਾਂ ਨੂੰ ਕਿਸੇ ਰਾਜਨੀਤਿਕ ਪਾਰਟੀ ਦੇ ਝੰਡੇ ਨਾਲ ਮਿਲਦੇ-ਜੁਲਦੇ ਰੰਗਾਂ ’ਚ ਰੰਗ ਦੇਣਾ ਜਾਂ ਕੇਵਲ ਇਸ਼ਤਿਹਾਰਬਾਜ਼ੀ ਰਾਹੀਂ ਪ੍ਰਚਾਰ ਮੁਹਿੰਮਾਂ ਚਲਾਉਣਾ ਸਿੱਖਿਆ ਕ੍ਰਾਂਤੀ ਨਹੀਂ ਅਖਵਾ ਸਕਦਾ। ਇਹ ਸਭ ਮਹਿਜ਼ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੇ ਯਤਨ ਹਨ। ਉਨ੍ਹਾਂ ਕਿਹਾ ਕਿ ਅਸਲ ਅਰਥਾਂ ’ਚ ਸਿੱਖਿਆ ਕ੍ਰਾਂਤੀ ਤਦ ਹੀ ਸੰਭਵ ਹੋਵੇਗੀ ਜਦੋਂ ਸਰਕਾਰ ਸੂਬੇ ਦੇ ਹਰ ਸਕੂਲ ਅਤੇ ਕਾਲਜ ’ਚ ਵਿਦਿਆਰਥੀਆਂ ਦੀ ਗਿਣਤੀ ਅਤੇ ਲੋੜ ਅਨੁਸਾਰ ਸਾਰੇ ਵਿਸ਼ਿਆਂ ਦੇ ਯੋਗ ਅਧਿਆਪਕ ਨਿਯੁਕਤ ਕੀਤੇ ਜਾਣ। ਬੱਚਿਆਂ ਨੂੰ ਅੱਜ ਦੇ ਆਧੁਨਿਕ ਦੌਰ ਅਤੇ ਸਮੇਂ ਦੀ ਮੰਗ ਮੁਤਾਬਕ ਨਵੇਂ ਤਕਨੀਕੀ ਤੇ ਵਿਵਹਾਰਕ ਵਿਸ਼ੇ ਪੜ੍ਹਾਏ ਜਾਣ। ਸਕੂਲਾਂ ਅਤੇ ਕਾਲਜਾਂ ਦੇ ਬੁਨਿਆਦੀ ਢਾਂਚੇ (ਜਿਵੇਂ ਪ੍ਰਯੋਗਸ਼ਾਲਾਵਾਂ, ਲਾਇਬ੍ਰੇਰੀਆਂ ਅਤੇ ਸ਼੍ਰੇਣੀ-ਕਮਰਿਆਂ) ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਿਰਫ਼ ਸਕੂਲ ਹੀ ਨਹੀਂ, ਬਲਕਿ ਪੰਜਾਬ ਦੇ ਕਈ ਸਰਕਾਰੀ ਕਾਲਜ ਵੀ ਇਸ ਵੇਲੇ ਅਧਿਆਪਕਾਂ ਅਤੇ ਪ੍ਰੋਫੈਸਰਾਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਹੇ ਹਨ। ਅੱਜ ਦੇ ਸਮੇਂ ਦੀਆਂ ਜ਼ਰੂਰਤਾਂ ਮੁਤਾਬਕ ਕਾਲਜਾਂ ’ਚ ਨਵੇਂ ਕੋਰਸ ਅਤੇ ਆਧੁਨਿਕ ਵਿਸ਼ੇ ਸ਼ੁਰੂ ਕਰਨ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਇਸ ਅਣਦੇਖੀ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋ ਰਿਹਾ ਹੈ। ਸੰਧੂ ਨੇ ਮੰਗ ਕੀਤੀ ਕਿ ਸਰਕਾਰ ਪ੍ਰਚਾਰਬਾਜ਼ੀ ਛੱਡ ਕੇ ਸਿੱਖਿਆ ਦੇ ਅਸਲ ਸੁਧਾਰਾਂ ਵੱਲ ਧਿਆਨ ਦੇਵੇ। ਤਸਵੀਰ : 11ਐਮਕੇਟੀ1 ਭਾਜਪਾ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਗੁਰਚਰਨ ਸਿੰਘ ਸੰਧੂ।