ਚਾਲ੍ਹੀ ਮੁਕਤਿਆਂ ਦੀ ਧਰਤੀ ’ਤੇ ਮਾਤਾ ਭਾਗ ਕੌਰ ਪਾਰਕ ਤੇ ਬੁੱਤ ਦੀ ਦੁਰਦਸ਼ਾ ਚਾਲ੍ਹੀ ਮੁਕਤਿਆਂ ਦੀ ਧਰਤੀ ’ਤੇ ਮਾਤਾ ਭਾਗ ਕੌਰ ਪਾਰਕ ਤੇ ਬੁੱਤ ਦੀ ਦੁਰਦਸ਼ਾ
Publish Date: Sat, 19 Sep 2026 04:06 PM (IST)
Updated Date: Sat, 19 Sep 2026 04:08 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ 40 ਮੁਕਤਿਆਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹਿਰ ਦੇ ਬਿਲਕੁਲ ਵਿਚਕਾਰ ਨਗਰ ਕੌਂਸਲ ਦੇ ਅਧੀਨ ਆਉਂਦਾ ਮਾਤਾ ਭਾਗ ਕੌਰ ਪਾਰਕ ਪ੍ਰਸ਼ਾਸਨਿਕ ਅਤੇ ਸਰਕਾਰੀ ਅਣਦੇਖੀ ਦੇ ਚੱਲਦਿਆਂ ਆਪਣੀ ਬਦਹਾਲੀ ’ਤੇ ਅੱਥਰੂ ਵਹਾ ਰਿਹਾ ਹੈ। ਬਹੁਤ ਹੀ ਉਮੀਦਾਂ ਅਤੇ ਖੂਬਸੂਰਤ ਨਕਸ਼ੇ ਨਾਲ ਤਿਆਰ ਕੀਤਾ ਗਿਆ ਇਹ ਪਾਰਕ ਸਮੇਂ ਦੀਆਂ ਸਰਕਾਰਾਂ ਦੀ ਦੇਖ-ਰੇਖ ਦੀ ਘਾਟ ਕਾਰਨ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਦੇ ਇਤਿਹਾਸਕ ਯੁੱਧ ਸਮੇਂ ਜਦੋਂ 40 ਸਿੰਘ ਗੁਰੂ ਸਾਹਿਬ ਨੂੰ ਬੇਦਾਵਾ ਦੇ ਕੇ ਆ ਗਏ ਸਨ, ਤਾਂ ਮਾਤਾ ਭਾਗ ਕੌਰ ਜੀ ਨੇ ਉਨ੍ਹਾਂ ਨੂੰ ਪ੍ਰੇਰ ਕੇ ਵਾਪਸ ਮੈਦਾਨ-ਏ-ਜੰਗ ’ਚ ਲਿਆਂਦਾ ਸੀ। ਆਪ ਘੋੜੇ ’ਤੇ ਸਵਾਰ ਹੋ ਕੇ, ਹੱਥ ’ਚ ਤਲਵਾਰ ਫੜ ਕੇ ਗੁਰੂ ਸਾਹਿਬ ਦੀ ਅਗਵਾਈ ਹੇਠ ਮੁਗਲ ਫੌਜਾਂ ਨਾਲ ਲੋਹਾ ਲਿਆ ਅਤੇ ਦੁਸ਼ਮਣ ਨੂੰ ਕਰਾਰੀ ਹਾਰ ਦਿੱਤੀ। ਅਜਿਹੇ ਮਹਾਨ ਸੂਰਬੀਰ ਯੋਧੇ ਦੇ ਨਾਮ ’ਤੇ ਬਣੇ ਪਾਰਕ ਅਤੇ ਯਾਦਗਾਰਾਂ ਦੀ ਬੇਕਦਰੀ ਹੋਣ ਕਾਰਣ ਲੋਕਾਂ ’ਚ ਭਾਰੀ ਰੋਸ ਹੈ। ਸ਼ਹਿਰ ਵਾਸੀ ਵਿਨੋਦ ਕੁਮਾਰ, ਗੁਰਦੇਵ ਸਿੰਘ, ਮਨਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਪਾਰਕ ਅੰਦਰ ਸਫਾਈ ਅਤੇ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਹੈ। ਪਾਰਕ ਦੇ ਚਾਰਦੀਵਾਰੀ ਦੇ ਅੰਦਰ ਹੀ ਸ਼ਹਿਰ ਦਾ ਕੂੜਾ ਡੰਪ ਕੀਤਾ ਜਾ ਰਿਹਾ ਹੈ ਜਿਸ ਕਾਰਨ ਗੰਦਗੀ ਅਤੇ ਬਦਬੂ ਫੈਲੀ ਹੋਈ ਹੈ। ਪਾਰਕ ਦੇ ਵਿਚਕਾਰ ਘੋੜੇ ’ਤੇ ਸਵਾਰ ਮਾਤਾ ਭਾਗ ਕੌਰ ਜੀ ਦਾ ਬੁੱਤ ਟੁੱਟਿਆ-ਭੱਜਿਆ ਹੋਇਆ ਹੈ ਅਤੇ ਹੱਥ ’ਚ ਫੜੀ ਤਲਵਾਰ ਵੀ ਗਾਇਬ ਹੈ। ਪਾਰਕ ’ਚ ਜੰਗ ਦੇ ਦ੍ਰਿਸ਼ਾਂ ਨੂੰ ਦਰਸਾਉਂਦੇ ਬੁੱਤ ਵੀ ਖਸਤਾਹਾਲ ਹਨ। ਬੁੱਤਾਂ ਦੇ ਹੱਥਾਂ ’ਚੋਂ ਕਿਰਪਾਨਾਂ, ਢਾਲਾਂ ਅਤੇ ਹੋਰ ਜੰਗੀ ਸਾਜੋ-ਸਮਾਨ ਗਾਇਬ ਹੋ ਚੁੱਕੇ ਹਨ। ਬੁੱਤਾਂ ਵਿਚਕਾਰ ਜੰਗਲੀ ਅੱਕ ਅਤੇ ਝਾੜ ਬੂਝੇ ਉੱਗ ਆਏ ਹਨ। ਰੌਸ਼ਨੀ ਦਾ ਪ੍ਰਬੰਧ ਨਾ ਹੋਣ ਕਰਕੇ ਪਾਰਕ ਨਸ਼ੇੜੀਆਂ ਦਾ ਗੜ੍ਹ ਬਣ ਚੁੱਕਾ ਹੈ। ਦੁੱਖ ਦੀ ਗੱਲ ਇਹ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਚੌਗਿਰਦੇ ਕਰੋੜਾਂ ਰੁਪਏ ਦੀ ਲਾਗਤ ਨਾਲ ਹੈਰੀਟੇਜ ਸਟਰੀਟ ਬਣਾਈ ਜਾ ਰਹੀ ਹੈ, ਜਦਕਿ ਦੂਜੇ ਪਾਸੇ ਇਸ ਮੁੱਖ ਯਾਦਗਾਰੀ ਪਾਰਕ ਦੀ ਘੋਰ ਬੇਕਦਰੀ ਹੋ ਰਹੀ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਹ ਮਹਾਨ ਵਿਰਾਸਤ ਦਾ ਪ੍ਰਤੀਕ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਦਾਅਵੇ ਕਰਨ ਦੀ ਬਜਾਏ ਫੌਰੀ ਤੌਰ ’ਤੇ ਕਾਰਵਾਈ ਕਰੇ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਮਹਾਨ ਇਤਿਹਾਸ ਨਾਲ ਜੁੜ ਸਕੇ। ‘ਗਲਿਆਰੇ’ ਤੋਂ ਪਹਿਲਾਂ ਪਾਰਕ ਸਾਂਭਿਆ ਜਾਵੇ : ਹੈੱਡ ਗ੍ਰੰਥੀ ਭਾਈ ਜਗਬੀਰ ਸਿੰਘ ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ ਨੇ ਦੱਸਿਆ ਕਿ ਮਾਤਾ ਭਾਗ ਕੌਰ ਜੀ ਦਾ ਸਿੱਖ ਇਤਿਹਾਸ ’ਚ ਲਾਸਾਨੀ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ‘ਗਲਿਆਰੇ’ ਤੋਂ ਪਹਿਲਾਂ ਇਸ ਪਾਰਕ ਨੂੰ ਸਾਂਭਿਆ ਜਾਵੇ। ਮਾਤਾ ਭਾਗ ਕੌਰ ਦੇ ਨਾਂ ’ਤੇ ਬਣੇ ਪਾਰਕ ਅਤੇ ਬੁੱਤਾਂ ਦਾ ਇਸ ਤਰ੍ਹਾਂ ਨਿਰਾਦਰ ਹੋਣਾ ਅਤਿ ਚਿੰਤਾਜਨਕ ਹੈ। ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਜੇਕਰ ਲੋੜ ਪਈ ਤਾਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਦੀ ਸਾਂਭ-ਸੰਭਾਲ ਲਈ ਹਰ ਤਰ੍ਹਾਂ ਦੀ ਮਦਦ ਵਾਸਤੇ ਤਿਆਰ ਹੈ। ਬਜਟ ਭੇਜੋ ਫੰਡ ਲਓ : ਮੰਤਰੀ ਤਰੁਣਦੀਪ ਸੋਂਦ ਪਿਛਲੇ ਦਿਨੀਂ ਇਥੇ ਬਣ ਰਹੀ ਹੈਰੀਟੇਜ਼ ਸਟਰੀਟ ਦਾ ਨੀਂਹ ਪੱਥਰ ਰੱਖਣ ਆਏ ਸੈਰ ਸਪਾਟਾ ਮੰਤਰੀ ਤਰੁਣਦੀਪ ਸਿੰਘ ਸੋਂਦ ਨੇ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਨਗਰ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ ਨੂੰ ਹਦਾਇਤ ਕੀਤੀ ਸੀ ਕਿ ਪਾਰਕ ਦੀ ਮੁੜ ਸੁਰਜੀਤੀ ਲਈ ਬਜਟ ਬਣਾ ਕੇ ਭੇਜਿਆ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਕੋਲ ਅਜਿਹੀਆਂ ਇਤਿਹਾਸਕ ਯਾਦਗਾਰਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਜਲਦੀ ਕਰਾਂਗੇ ਕਾਰਵਾਈ : ਈਓ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਵਰੁਣ ਸਹੋਤਾ ਨੇ ਕਿਹਾ ਕਿ ਇਸ ਪਾਰਕ ਦੀ ਹਾਲਤ ਸੁਧਾਰਨ ਲਈ ਕਮੇਟੀ ਜਲਦੀ ਹੀ ਪਾਰਕ ’ਚੋਂ ਕੂੜੇ ਦਾ ਡੰਪ ਖਤਮ ਕਰਵਾ ਰਹੀ ਹੈ। ਨਸ਼ੇੜੀਆਂ ਨੂੰ ਖਦੇੜਨ ਲਈ ਪੁਲਿਸ ਦੀ ਮਦਦ ਲਈ ਜਾ ਰਹੀ ਹੈ ਅਤੇ ਪਾਰਕ ਅੰਦਰ ਇੱਕ ਪੁਲਿਸ ਕਮਰਾ ਬਣਾਇਆ ਜਾ ਰਿਹਾ ਹੈ ਤਾਂ ਜੋ ਪੁਲਿਸ ਕਰਮੀ ਤਾਇਨਾਤ ਰਹਿ ਕੇ ਸੁਰੱਖਿਆ ਨਿਸ਼ਚਿਤ ਕਰ ਸਕਣ। ਪਾਰਕ ਦੀ ਸਫਾਈ, ਵਿਕਾਸ ਅਤੇ ਬੁੱਤਾਂ ਦੀ ਮੁਰੰਮਤ ਲਈ ਸਰਕਾਰ ਤੋਂ ਫੰਡ ਪ੍ਰਾਪਤ ਕਰਨ ਲਈ ਜਲਦੀ ਹੀ ਕਾਰਵਾਈ ਕਰਾਂਗੇ।