
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਮੋਟਰਸਾਈਕਲ ਸਵਾਰ ਸੜਕ ’ਤੇ ਸਿਰ ਪਰਨੇ ਜਾ ਡਿੱਗੇ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਰਾਹਗੀਰਾਂ ਨੇ ਤੁਰੰਤ ਦੋਵਾਂ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਰੈਫ਼ਰ ਕਰ ਦਿੱਤਾ

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ-ਕੋਟਕਪੂਰਾ ਰੋਡ 'ਤੇ ਪਿੰਡ ਕੋਟਲੀ ਸੰਘਰ ਮੋੜ ਨੇੜੇ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਨੇ ਮੋਟਰਸਾਈਕਲ ਸਵਾਰ ਦੋ ਮਜ਼ਦੂਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਵੀਰ ਸਿੰਘ ਉਰਫ਼ ਗੋਰਾ ਸਿੰਘ ਪੁੱਤਰ ਰਾਜਾ ਸਿੰਘ (30) ਜਦਕਿ ਜਖ਼ਮੀ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ। ਘਟਨਾ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਮਾਤਾ ਸੁਖਦੀਪ ਕੌਰ ਪਤਨੀ ਰਾਜਾ ਸਿੰਘ ਵਾਸੀ ਪਿੰਡ ਕੋਟਲੀ ਸੰਘਰ ਨੇ ਦੱਸਿਆ ਕਿ ਉਸਦਾ ਬੇਟਾ ਜਸਵੀਰ ਸਿੰਘ ਉਰਫ਼ ਗੋਰਾ ਸਿੰਘ ਅਤੇ ਉਸਦਾ ਸਾਥੀ ਸਤਨਾਮ ਸਿੰਘ ਦੋਵੇਂ ਰੋਜ਼ਾਨਾ ਦੀ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਤੋਂ ਸੋਮਵਾਰ ਦੇਰ ਸ਼ਾਮ ਕਰੀਬ 8 ਵਜੇ ਮਜ਼ਦੂਰੀ ਕਰਕੇ ਮੋਟਰਸਾਈਕਲ ’ਤੇ ਆਪਣੇ ਪਿੰਡ ਵਾਪਸ ਪਰਤ ਰਹੇ ਸਨ ਕਿ ਜਦੋਂ ਉਹ ਮੁਕਤਸਰ-ਕੋਟਕਪੂਰਾ ਰੋਡ ਤੋਂ ਪਿੰਡ ਕੋਟਲੀ ਸੰਘਰ ਵੱਲ ਮੋੜ ਮੁੜਨ ਲੱਗੇ ਤਾਂ ਇਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕਾਰਪੀਓ ਗੱਡੀ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।