ਮਹਾਂਪੁਰਸ਼ਾਂ ਦਾ ਉਦੇਸ਼ ਮਾਨਵਤਾ ਨੂੰ ਸੱਚ ਨਾਲ ਜੋੜਨਾ : ਸਾਧਵੀ ਧਾਤਰੀ ਭਾਰਤੀ
ਮਹਾਂਪੁਰਸ਼ਾਂ ਦਾ ਉਦੇਸ਼ ਮਾਨਵਤਾ ਨੂੰ ਸੱਚ ਨਾਲ ਜੋੜਨਾ : ਸਾਧਵੀ ਧਾਤਰੀ ਭਾਰਤੀ
Publish Date: Sun, 25 Jan 2026 03:38 PM (IST)
Updated Date: Sun, 25 Jan 2026 03:40 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਵਿਸ਼ਾਲ ਨਗਰ, ਗਲੀ ਨੰਬਰ:3 ਸ੍ਰੀ ਮੁਕਤਸਰ ਸਾਹਿਬ ਵਿਖੇ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਆਸ਼ੂਤੋਸ਼ ਮਹਾਰਾਜ ਦੀ ਸ਼ਿਸਯਾ ਸਾਧਵੀ ਧਾਤਰੀ ਭਾਰਤੀ ਨੇ ਕਿਹਾ ਕਿ ਮਹਾਂਪੁਰਸ਼ ਜਦੋਂ ਧਰਤੀ ਉੱਪਰ ਆਉਂਦੇ ਹਨ ਤਾਂ ਉਨ੍ਹਾਂ ਦਾ ਇਕ ਹੀ ਉਦੇਸ਼ ਹੁੰਦਾ ਹੈ ਮਾਨਵਤਾ ਨੂੰ ਸੱਚ ਨਾਲ ਜੋੜਨਾ। ਉਹ ਆਪਣਾ ਪੂਰਾ ਜੀਵਨ ਮਾਨਵਤਾ ਦੇ ਕਲਿਆਣ ਲਈ ਹੀ ਲਗਾ ਦਿੰਦੇ ਹਨ। ਬ੍ਰਹਮ ਗਿਆਨ ਅਤੇ ਬ੍ਰਹਮ ਵਿੱਦਿਆ ਦੇ ਦੁਆਰਾ ਉਹ ਹਰੇਕ ਵਿਅਕਤੀ ਦੇ ਅੰਦਰ ਸਥਿਤ ਅਵਿਨਾਸ਼ ਆਤਮਾ ਨੂੰ ਪ੍ਰਗਟ ਕਰਦੇ ਹਨ। ਪ੍ਰੰਤੂ ਸਮੱਸਿਆ ਤਾਂ ਹੀ ਪੈਦਾ ਹੁੰਦੀ ਹੈ ਜਦੋਂ ਮਹਾਂਪੁਰਸ਼ਾਂ ਦੁਆਰਾ ਪ੍ਰਦਾਨ ਬ੍ਰਹਮ ਗਿਆਨ ਰੂਪੀ ਮੂਲ ਉਪਦੇਸ਼ ਜਾਂ ਸਾਰ ਤੱਤਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਨਾਮ ਉੱਪਰ ਕੇਵਲ ਉਪਦੇਸ਼ ਜਾਂ ਸਿੱਖਿਆ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਸ ਦਾ ਪਰਿਣਾਮ ਇਹ ਹੁੰਦਾ ਹੈ ਕਿ ਬ੍ਰਹਮ ਗਿਆਨ ਤੋਂ ਬਿਨਾਂ ਲੋਕਾਂ ਦਾ ਆਚਰਨ ਬਾਹਰੀ ਕਿਰਿਆਵਾਂ ਦੇ ਅੰਦਰ ਉਲਝਦਾ ਜਾਂਦਾ ਹੈ ਅਤੇ ਆਪਣੇ ਆਪ ਨੂੰ ਮਹਾਨ ਅਤੇ ਦੂਸਰਿਆਂ ਨੂੰ ਨੀਵਾਂ ਸਿੱਧ ਕਰਨ ਦੀਆ ਪਰੰਪਰਾਵਾਂ ਸ਼ੁਰੂ ਹੋਣ ਲੱਗਦੀਆਂ ਹਨ। ਸਾਧਵੀ ਨੇ ਕਿਹਾ ਕਿ ਅਸੀਂ ਧਰਮ ਗ੍ਰੰਥਾਂ ਦੇ ਉਪਦੇਸ਼ਾਂ ਨੂੰ ਤਾਂ ਬਹੁਤ ਪੜ੍ਹਦੇ ਹਾਂ ਪ੍ਰੰਤੂ ਉਨ੍ਹਾਂ ਉੱਪਰ ਵਿਚਾਰ ਨਹੀਂ ਕਰਦੇ। ਉਸਦੇ ਸਾਰ ਤੱਤ ਨੂੰ ਨਹੀਂ ਜਾਣਦੇ। ਅਸੀਂ ਉਸ ਕੜਛੀ ਦੇ ਵਾਂਗ ਹਾਂ ਜੋ ਰੋਜ਼ਾਨਾ ਦਾਲ ਸਬਜ਼ੀਆਂ ਅੰਦਰ ਤਾਂ ਵਰਤੀ ਜਾਂਦੀ ਹੈ ਪ੍ਰੰਤੂ ਉਸਦਾ ਸਵਾਦ ਨਹੀਂ ਜਾਣਦੀ। ਅਸੀਂ ਪ੍ਰਮਾਤਮਾ ਦੇ ਬਾਰੇ ਤਾਂ ਜਾਣਦੇ ਹਾਂ ਪਰੰਤੂ ਉਸ ਦੇ ਰਸ ਨੂੰ ਨਹੀਂ ਚੱਖ ਪਾਉਂਦੇ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਧਾਰਮਿਕ ਗ੍ਰੰਥਾਂ ਦੇ ਮੂਲ ਸਾਰ ਭਾਵ ਬ੍ਰਹਮ ਗਿਆਨ ਨੂੰ ਪ੍ਰਾਪਤ ਕਰੀਏ। ਸਿਰਫ ਪਰਮਾਤਮਾ ਦੀ ਕਥਾ ਕਹਾਣੀ ਨਾ ਸੁਣਦੇ ਰਹੀਏ ਇਸ ਦੇ ਨਾਲ -ਨਾਲ ਕਿਸੇ ਪੂਰਨ ਗੁਰੂ ਦੀ ਸ਼ਰਨ ਅੰਦਰ ਜਾ ਕੇ ਪਰਮਾਤਮਾ ਦਾ ਪ੍ਰਤੱਖ ਦਰਸ਼ਨ ਵੀ ਕਰੀਏ ਤਾਂ ਹੀ ਅਸੀਂ ਆਪਣੇ ਜੀਵਨ ਨੂੰ ਸਹੀ ਦਿਸ਼ਾ ਦੇ ਪਾਵਾਂਗੇ ਅਤੇ ਚੰਗੇ ਭਗਤ ਅਤੇ ਇਨਸਾਨ ਬਣ ਪਾਵਾਂਗੇ। ਇਸ ਮੌਕੇ ਸਾਧਵੀ ਸਿਮਰਨ ਭਾਰਤੀ ਨੇ ਸੁਮਧੁਰ ਭਜਨਾਂ ਦਾ ਗਾਇਨ ਕੀਤਾ।