ਰੁੱਖਾਂ ’ਤੇ ਧਾਰਮਿਕ ਅੰਧ-ਵਿਸ਼ਵਾਸ ਦੀ ਮਾਰ ਰੁੱਖਾਂ ’ਤੇ ਧਾਰਮਿਕ ਅੰਧ-ਵਿਸ਼ਵਾਸ ਦੀ ਮਾਰ
Publish Date: Mon, 24 Aug 2026 04:40 PM (IST)
Updated Date: Mon, 24 Aug 2026 04:42 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਧਾਰਮਿਕ ਅੰਧ-ਵਿਸ਼ਵਾਸ ਅਤੇ ਰਵਾਇਤੀ ਟੂਣੇ-ਟਾਮਣਾਂ ਕਾਰਨ ਸ਼ਹਿਰ ਦੇ ਦੁਰਲੱਭ ਅਤੇ ਪੁਰਾਣੇ ਰੁੱਖ ਹੌਲੀ-ਹੌਲੀ ਤਬਾਹੀ ਦੇ ਕੰਢੇ ਪਹੁੰਚ ਰਹੇ ਹਨ। ਧਾਰਮਿਕ ਸ਼ਰਧਾ ਦੇ ਨਾਂ ’ਤੇ ਪਿੱਪਲ, ਬੋਹੜ, ਜੰਡ ਅਤੇ ਬੇਰੀ ਵਰਗੇ ਪਵਿੱਤਰ ਅਤੇ ਵਾਤਾਵਰਨ ਪੱਖੋਂ ਅਹਿਮ ਦਰੱਖਤਾਂ ਦੀਆਂ ਜੜ੍ਹਾਂ ਅਤੇ ਤਣਿਆਂ ’ਚ ਸਰ੍ਹੋਂ ਦਾ ਤੇਲ ਚੜ੍ਹਾਉਣਾ, ਖੰਭੜੀਆਂ ਬੰਨ੍ਹਣਾ ਅਤੇ ਮਿਠਿਆਈਆਂ/ਲੱਡੂ ਰੱਖਣਾ ਰੁੱਖਾਂ ਲਈ ਘਾਤਕ ਸਾਬਤ ਹੋ ਰਿਹਾ ਹੈ। ਇਸ ਵਾਤਾਵਰਨ ਸੰਕਟ ਨੂੰ ਗੰਭੀਰਤਾ ਨਾਲ ਲੈਂਦਿਆਂ ‘ਸਮਾਰਟ ਮਾਰਨਿੰਗ ਵਾਕ ਕਲੱਬ’ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਜਲਘਰ (ਵਾਟਰ ਵਰਕਸ) ’ਚ ਸਥਿਤ ਕਰੀਬ ਅੱਧੀ ਸਦੀ (50 ਸਾਲ) ਪੁਰਾਣੇ ਪਿੱਪਲ ਅਤੇ ਹੋਰ ਵਿਰਾਸਤੀ ਦਰੱਖਤਾਂ ਨੂੰ ਬਚਾਉਣ ਲਈ ਇੱਕ ਵੱਡੇ ਪੱਧਰ ਤੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਤੇਲ ਤੇ ਸ਼ਰਧਾ ਦੀ ਸਮੱਗਰੀ ਨਾਲ ਹੁੰਦਾ ਨੁਕਸਾਨ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਵਾਤਾਵਰਨ ਪ੍ਰੇਮੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਲੋਕ ਅਕਸਰ ਅਗਿਆਨਤਾ ਅਤੇ ਧਾਰਮਿਕ ਅੰਧ-ਵਿਸ਼ਵਾਸਾਂ ਦੇ ਚੱਲਦਿਆਂ ਦਰੱਖਤਾਂ ਦੇ ਤਣਿਆਂ ਅਤੇ ਜੜ੍ਹਾਂ ’ਤੇ ਗਾੜ੍ਹਾ ਸਰ੍ਹੋਂ ਦਾ ਤੇਲ ਪਾ ਦਿੰਦੇ ਹਨ। ਜੜ੍ਹਾਂ ਅਤੇ ਛੱਲ ’ਤੇ ਤੇਲ ਦੀ ਪਰਤ ਜੰਮਣ ਨਾਲ ਰੁੱਖਾਂ ਦੇ ਮਸਾਮ ਬੰਦ ਹੋ ਜਾਂਦੇ ਹਨ, ਜਿਸ ਨਾਲ ਉਨ੍ਹਾਂ ਦਾ ਕੁਦਰਤੀ ਵਿਕਾਸ ਪੂਰੀ ਤਰ੍ਹਾਂ ਠੱਪ ਹੋ ਜਾਂਦਾ ਹੈ। ਤਣਿਆਂ ’ਤੇ ਲੱਡੂ, ਚੌਲ ਅਤੇ ਮਿਠਿਆਈਆਂ ਚੜ੍ਹਾਉਣ ਨਾਲ ਉੱਥੇ ਹਾਨੀਕਾਰਕ ਕੀੜੇ, ਸਿਓਂਕ ਅਤੇ ਫੰਗਸ ਪੈਦਾ ਹੁੰਦੀ ਹੈ, ਜੋ ਅੰਦਰੋਂ-ਅੰਦਰ ਰੁੱਖਾਂ ਦੀ ਲੱਕੜ ਨੂੰ ਗਾਲ ਦਿੰਦੀ ਹੈ। ਵਾਤਾਵਰਨ ਪ੍ਰੇਮੀਆਂ ਦੀ ਲੋਕਾਂ ਨੂੰ ਤੀਖਣ ਅਪੀਲ ਕਲੱਬ ਦੇ ਨੁਮਾਇੰਦਿਆਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਿਹੜੇ ਰੁੱਖ ਸਾਨੂੰ ਮੁਫ਼ਤ ’ਚ ਜੀਵਨਦਾਈ ਆਕਸੀਜਨ, ਛਾਂ ਅਤੇ ਫਲ-ਫੁੱਲ ਵਰਗੀਆਂ ਅਨਮੋਲ ਨਿਆਮਤਾਂ ਦਿੰਦੇ ਹਨ, ਉਨ੍ਹਾਂ ਨੂੰ ਮਹਿਜ਼ ਰਸਮਾਂ ਪੂਰੀਆਂ ਕਰਨ ਲਈ ਅਣਗਹਿਲੀ ਨਾਲ ਮਾਰਨਾ ਵੱਡਾ ਗੁਨਾਹ ਹੈ। ਇਸ ਜਾਗਰੂਕਤਾ ਅਭਿਆਨ ਤਹਿਤ ਕਲੱਬ ਵੱਲੋਂ ਜਲਘਰ ਅਤੇ ਸ਼ਹਿਰ ਦੇ ਵੱਖ-ਵੱਖ ਜਨਤਕ ਸਥਾਨਾਂ ’ਤੇ ਲੱਗੇ ਦਰੱਖਤਾਂ ’ਤੇ ਵਿਸ਼ੇਸ਼ ਜਾਗਰੂਕਤਾ ਫਲੈਕਸ ਬੋਰਡ ਲਗਾਏ ਜਾ ਰਹੇ ਹਨ, ਤਾਂ ਜੋ ਆਮ ਲੋਕਾਂ ਨੂੰ ਤੇਲ ਆਦਿ ਨਾ ਪਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਪੁਰਾਣੇ ਰੁੱਖਾਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ ਅਤੇ ਵੱਧ ਤੋਂ ਵੱਧ ਨਵੇਂ ਪੌਦੇ ਲਗਾ ਕੇ ਵਾਤਾਵਰਨ ਨੂੰ ਬਚਾਇਆ ਜਾਵੇ।