ਪੈ ਰਹੀ ਗਰਮੀ ਨੇ ਕਿਸਾਨਾਂ ਦੀ ਵਧਾਈ ਚਿੰਤਾ, ਕਣਕ ਦਾ ਝਾੜ ਘਟਣ ਦਾ ਖਦਸ਼ਾ
ਪੈ ਰਹੀ ਗਰਮੀ ਨੇ ਕਿਸਾਨਾਂ ਦੀ ਵਧਾਈ ਚਿੰਤਾ, ਕਣਕ ਦਾ ਝਾੜ ਘਟਣ ਦਾ ਖਦਸ਼ਾ
Publish Date: Wed, 25 Feb 2026 04:34 PM (IST)
Updated Date: Wed, 25 Feb 2026 04:37 PM (IST)

ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਲਗਾਤਾਰ ਘਾਟੇ ’ਚ ਜਾ ਰਹੀ ਕਿਸਾਨੀ ਨੂੰ ਪੈ ਰਹੀ ਜਿਆਦਾ ਗਰਮੀ ਨੇ ਹੋਰ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਕਣਕ ਦਾ ਝਾੜ ਕਾਫੀ ਘਟਣ ਦਾ ਖਤਰਾ ਬਣ ਗਿਆ ਹੈ। ਪਹਿਲਾਂ ਝੋਨੇ ਦਾ ਝਾੜ ਕਾਫੀ ਘੱਟ ਗਿਆ ਅਤੇ ਰੇਟ ਵੀ ਪੂਰਾ ਨਹੀਂ ਮਿਲਿਆ ਅਤੇ ਹੁਣ ਨਹਿਰੀ ਬੰਦੀ ਅਤੇ ਤਾਪਮਾਨ ’ਚ ਵਾਧਾ ਹੋਣ ਕਾਰਨ ਕਿਸਾਨ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਜਾ ਰਹੀਆਂ ਹਨ। ਕਿਸਾਨਾਂ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਕੁਦਰਤ ਦੇ ਨਾਲ ਨਾਲ ਸਰਕਾਰਾਂ ਵੀ ਕਿਸਾਨ ਦੀ ਬਾਂਹ ਨਹੀਂ ਫੜ ਰਹੀਆਂ। ਫਸਲ ਦਾ ਝਾੜ ਦਿਨੋ ਦਿਨ ਘੱਟ ਰਿਹਾ ਹੈ। ਪ੍ਰਦੂਸ਼ਣ ਵਧਣ ਕਾਰਨ ਮੌਸਮ ’ਚ ਕਾਫੀ ਤਬਦੀਲੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਜਿਆਦਾਤਰ ਠੰਡ ਨੂੰ ਮੰਨਦੀ ਹੈ ਇਸ ਵਾਰ ਠੰਡ ਨਾ ਪੈਣ ਕਾਰਨ ਕਣਕ ਦਾ ਦਾਣਾ ਬਹੁਤ ਹੀ ਕਮਜ਼ੋਰ ਬਣੇਗਾ ਅਤੇ ਨਹਿਰੀ ਬੰਦੀ ਜੋ ਕਿ ਡੇਢ ਮਹੀਨੇ ਤੋਂ ਨਹਿਰਾਂ ਬੰਦ ਹਨ ਕਣਕ ਨੂੰ ਪਾਣੀ ਨਹੀਂ ਲੱਗ ਰਿਹਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਕਿਸਾਨਾਂ ਨੇ ਦੱਸਿਆ ਕਿ ਟਿਊਬਵੈਲਾਂ ਦੇ ਪਾਣੀ ਮਾੜੇ ਹੋਣ ਕਾਰਨ ਜਿਆਦਾਤਰ ਖੇਤੀ ਨਹਿਰਾਂ ’ਤੇ ਆਧਾਰਿਤ ਹੈ। ਲੋਕ ਮੋਟਰਾਂ ਦੇ ਪਾਣੀ ਲਗਾਉਂਦੇ ਹਨ ਜਿਸ ਨਾਲ ਜਮੀਨ ਖਰਾਬ ਹੋਣ ਦਾ ਖਦਸ਼ਾ ਹੈ। ਚੋਰ ਟਰਾਂਸਫਾਰਮਰ ਅਤੇ ਮੋਟਰਾਂ ਚੋਰੀ ਕਰਕੇ ਲੈ ਜਾਂਦੇ ਹਨ ਜਿਸ ਨਾਲ ਪਾਣੀ ਲਗਾਉਣ ’ਚ ਦਿੱਕਤ ਆ ਰਹੀ ਹੈ। ਪਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕਾਉਂਦਾ ਧਨੇਰ ਨੇ ਦੱਸਿਆ ਕਿ ਮੌਸਮ ਦੇ ਨਾਲ ਸਰਕਾਰਾਂ ਵੀ ਕਿਸਾਨ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਕਣਕ ਦਾ ਰੇਟ 2585 ਫਿਕਸ ਕੀਤਾ ਹੋਇਆ ਹੈ ਜੋ ਕਿ ਬਹੁਤ ਹੀ ਘੱਟ ਹੈ। ਥੋਕ ਸੂਚਕ ਅੰਕ ਅਤੇ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਮੁਤਾਬਕ ਕਣਕ ਦਾ ਭਾਅ 7 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਬਣਦਾ ਹੈ ਜੋ ਕਿ ਸਰਕਾਰ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਫਸਲਾਂ ਦੀ ਐਮਐਸਪੀ ਵੀ ਨਹੀਂ ਦਿੱਤੀ ਜਾ ਰਹੀ ਜਿਸ ਕਰਕੇ ਕਿਸਾਨ ਨੂੰ ਆਪਣਾ ਗੁਜਾਰਾ ਚਲਾਉਣਾ ਬਹੁਤ ਹੀ ਔਖਾ ਹੈ। ਦਵਿੰਦਰ ਪਾਲ ਸਰਪੰਚ ਮੋਹਲਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਖੇਤੀ ਇੱਕ ਘਾਟੇਵੰਦ ਸੌਦਾ ਬਣ ਕੇ ਰਹਿ ਗਿਆ ਹੈ। ਫਸਲ ਨੂੰ ਕਦੇ ਗਰਮੀ ਮਾਰਦੀ ਹੈ ਕਦੇ ਠੰਡ ਮਾਰਦੀ ਹੈ, ਕਦੇ ਝੱਖੜ ਝੋਲਾ, ਕਦੇ ਗੜੇ ਮਾਰੀ, ਬਹੁਤ ਮੁਸ਼ਕਲ ਨਾਲ ਫਸਲ ਨੂੰ ਬਚਾ ਕੇ ਸਿਰੇ ਚਾੜੀਦਾ ਹੈ ਪਰ ਖਰੀਦਣ ਵੇਲੇ ਸਰਕਾਰ ਮੂੰਹ ਮੋੜ ਲੈਂਦੀ ਹੈ ਨਾ ਤਾਂ ਕਿਸੇ ਫਸਲ ਦਾ ਪੂਰਾ ਰੇਟ ਮਿਲਦਾ ਹੈ ਅਤੇ ਨਾ ਹੀ ਫਸਲ ਵਿਕਣ ਦੀ ਕੋਈ ਗਰੰਟੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਖੇਤੀ ਦੇ ਨਾਲ ਨਾਲ ਆੜ੍ਹਤ ਦਾ ਕੰਮ ਵੀ ਕਰਦਾ ਹਾਂ। ਜਦ ਕੋਈ ਆਫਤ ਆਉਂਦੀ ਹੈ ਤਾਂ ਸਾਡੀ ਫਸਲ ਦਾ ਨੁਕਸਾਨ ਤਾਂ ਹੁੰਦਾ ਹੀ ਹੈ, ਨਾਲ ਸਾਡਾ ਪੈਸਾ ਵੀ ਡੁੱਬ ਜਾਂਦਾ ਹੈ ਅਤੇ ਫਿਰ ਜਿਮੀਦਾਰ ਨੂੰ ਅਗਲੇ ਛੇ ਮਹੀਨਿਆਂ ਵਾਸਤੇ ਗੁਜਾਰਾ ਚਲਾਉਣ ਲਈ ਪੈਸਾ ਦੇਣਾ ਪੈਂਦਾ ਹੈ। ਸਰਵਣ ਸਿੰਘ ਸਰਪੰਚ ਪਿੰਡ ਮਿੱਡਾ ਨੇ ਕਿਹਾ ਕਿ ਸਾਡੇ ਏਰੀਏ ਨੂੰ ਕਦੇ ਪਾਣੀ ਮਾਰਦਾ ਹੈ ਕਦੇ ਸੋਕਾ ਮਾਰਦਾ ਹੈ ਕਦੇ ਡੋਬਾ ਮਾਰਦਾ ਹੈ ਕਿਉਂਕਿ ਸਾਡਾ ਪਿੰਡ ਨੀਵੀਂ ਜਗ੍ਹਾ ਤੇ ਹੋਣ ਕਾਰਨ ਅਤੇ ਤਿੰਨ ਡਰੇਨਾਂ ਹੋਣ ਕਾਰਨ ਪਿੱਛੋਂ ਪਾਣੀ ਆ ਕੇ ਡਰੇਨਾਂ ਦੇ ਕਿਨਾਰੇ ਖੁਰ ਜਾਂਦੇ ਹਨ ਅਤੇ ਸਾਰਾ ਪਾਣੀ ਸਾਡੇ ਪਿੰਡ ’ਚ ਆ ਜਾਂਦਾ ਹੈ ਅਤੇ ਬਾਕੀ ਪਿੰਡਾਂ ਦਾ ਪਾਣੀ ਉਹ ਵੀ ਸਾਡੇ ਪਿੰਡ ਆ ਕੇ ਫਸਲਾਂ ਨੂੰ ਮਾਰ ਦਿੰਦਾ ਹੈ ਪਹਿਲਾਂ ਸਾਡਾ ਝੋਨਾ ਖਰਾਬ ਹੋਇਆ ਅਤੇ ਹੁਣ ਗਰਮੀ ਨਾਲ ਕਣਕ ਖਰਾਬ ਹੋ ਰਹੀ ਹੈ ਉਪਰੋਂ ਰੇਟ ਵੀ ਸਹੀ ਨਹੀਂ ਮਿਲਦਾ, ਕਣਕ ਦਾ ਰੇਟ ਘੱਟੋ ਘੱਟ ਸੱਤ ਹਜਾਰ ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ। ਕਿਸਾਨਾਂ ਵਾਸਤੇ ਖਾਦ ਬੀਜ ਡੀਜਲ ਤੇ ਸਬਸਿਡੀ ਮਿਲਣੀ ਚਾਹੀਦੀ ਹੈ। ਇਸ ਬਾਬਤ ਜਦ ਖੇਤੀਬਾੜੀ ਬਲਾਕ ਅਫਸਰ ਮੰਗਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸਾਨ ਦੋ ਸਪਰੇਆਂ 13-0-45 ਦੀਆਂ ਕਰਨ ਇਸ ਨਾਲ ਪੋਟਾਸ਼ੀਅਮ ਨਾਈਟਰੇਟ ਅਤੇ ਹੋਰ ਕਈ ਤੱਤਾਂ ਦੀ ਘਾਟ ਪੂਰੀ ਹੋ ਜਾਂਦੀ ਹੈ ਇਸ ਨਾਲ ਦਾਣਾ ਮੋਟਾ ਹੁੰਦਾ ਹੈ ਅਤੇ ਦਾਣਾ ਕਾਲਾ ਵੀ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਮੇਸ਼ਾ ਹੀ ਖੇਤੀਬਾੜੀ ਮਹਿਕਮੇ ਨਾਲ ਸੰਪਰਕ ਰੱਖਣਾ ਚਾਹੀਦਾ ਹੈ ਅਤੇ ਮਹਿਕਮੇ ਦੇ ਸੁਝਾਅ ਮੁਤਾਬਕ ਖੇਤੀ ਕਰਨੀ ਚਾਹੀਦੀ ਹੈ।