ਪੰਜਾਬ ਕਾਂਗਰਸ ਦਾ ਗਰਾਫ ਦਿਨੋਂ ਦਿਨ ਵਧ ਰਿਹੈ : ਅਬੁੱਲਖੁਰਾਣਾ ਪੰਜਾਬ ਕਾਂਗਰਸ ਦਾ ਗਰਾਫ ਦਿਨ ਬਦਿਨ ਵਧ ਰਿਹੈ : ਜਗਪਾਲ ਸਿੰਘ ਅਬੁੱਲਖੁਰਾਣਾ
Publish Date: Sun, 29 Nov 2026 05:00 PM (IST)
Updated Date: Sun, 29 Nov 2026 05:02 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਮਲੋਟ : ਪੰਜਾਬ ਕਾਂਗਰਸ ਪਾਰਟੀ ਦਾ ਗਰਾਫ ਦਿਨ-ਬਦਿਨ ਵਧ ਰਿਹਾ ਹੈ, ਪਾਰਟੀ ਦੀਆਂ ਸਮੱਸਿਆਵਾਂ ਖਤਮ ਹੋ ਚੁੱਕੀਆਂ ਹਨ, ਤੇ ਸਾਰੀ ਪਾਰਟੀ ਇਸ ਵਕਤ ਇਕਜੁੱਟ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਪਾਰਟੀ ਵੱਲੋਂ ਹੁਣੇ ਹੁਣੇ ਬਣਾਏ ਗਏ ਪਾਰਟੀ ਦੇ ਜਨਰਲ ਸੈਕਟਰੀ ਜਗਪਾਲ ਸਿੰਘ ਅਬੁੱਲਖੁਰਾਣਾ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਕੋਲ ਕੀਤਾ। ਉਨ੍ਹਾਂ ਕਿਹਾ ਕਿ ਉਹ ਕਾਂਗਰਸ ਹਾਈ ਕਮਾਂਡ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਸਮੇਤ ਸਮੂਹ ਕਾਂਗਰਸ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਜਿੰਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਦਾ ਜਨਰਲ ਸਕੱਤਰ ਦਾ ਆਹੁਦਾ ਦੇਕੇ ਨਿਵਾਜਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਾਰਾ ਪਰਿਵਾਰ ਸਾਰੀ ਉਮਰ ਤੋਂ ਕਾਂਗਰਸ ਪਾਰਟੀ ’ਚ ਰਹਿਕੇ ਸੇਵਾ ਕਰਦਾ ਆ ਰਿਹਾ ਹੈ। ਉਨ੍ਹਾਂ ਦੇ ਪਿਤਾ ਸਵ: ਗੁਰਨਾਮ ਸਿੰਘ ਅਬੁੱਲਖੁਰਾਣਾ ਜੋ 1992 ਦੀ ਚੋਣ ’ਚ ਹਲਕਾ ਲੰਬੀ ਤੋਂ ਚੋਣ ਜਿੱਤਕੇ ਵਿਧਾਇਕ ਬਣੇ ਤੇ ਬਾਅਦ ’ਚ ਉਹ ਪੰਜਾਬ ਸਰਕਾਰ ’ਚ ਮੰਤਰੀ ਤੌਰ ’ਤੇ ਵੀ ਸੇਵਾ ਨਿਭਾਉਂਦੇ ਰਹੇ। ਜਗਪਾਲ ਸਿੰਘ ਅਬੁੱਲਖੁਰਾਣਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿਚ ਅੱਤਵਾਦ ਦਾ ਦੌਰ ਸੀ ਤੇ ਬਹੁਤ ਹੀ ਮਾੜੇ ਹਾਲਤ ਸਨ ਤੇ ਉਨ੍ਹਾਂ ਦਾ ਪਰਿਵਾਰ ਉਸ ਸਮੇਂ ’ਚ ਕਾਂਗਰਸ ਪਾਰਟੀ ਨਾਲ ਮੋਢਾ ਜੋੜਕੇ ਖੜਾ ਰਿਹਾ। ਉਨ੍ਹਾਂ ਸਾਰੀ ਉਮਰ ਕਾਂਗਰਸ ਪਾਰਟੀ ਵਿਚ ਗੁਜਾਰੀ। ਉਨ੍ਹਾਂ ਕਿਹਾ ਕਿ ਜਦੋਂ ਸੰਨ 1992 ਵਿਚ ਪੰਜਾਬ ਦੇ ਹਾਲਤ ਬਹੁਤ ਹੀ ਖਰਾਬ ਸਨ, ਤਾਂ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂ ਉਸ ਟਾਈਮ ਚੋਣ ਲੜਨ ਤੋਂ ਡਰ ਗਏ ਤੇ ਚੋਣਾਂ ਦਾ ਬਾਈਕਾਟ ਕਰ ਦਿੱਤਾ ਸੀ, ਜਦੋਂ ਕਿ ਉਸ ਸਮੇਂ ਦੌਰਾਨ ਕਾਂਗਰਸ ਪਾਰਟੀ ਦੇ ਹੁਕਮਾਂ ਦੇ ਉਨ੍ਹਾਂ ਦੇ ਪਿਤਾ ਨੇ ਹਲਕਾ ਲੰਬੀ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਲੜ ਕੇ ਜਿੱਤੀ ਸੀ। ਜਗਪਾਲ ਸਿੰਘ ਅਬੁੱਲਖੁਰਾਣਾ ਨੇ ਕਿਹਾ ਕਿ ਉਹ ਪਾਰਟੀ ਦਾ ਹੁਕਮ ਮੰਨਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਪ੍ਰਕਾਸ ਸਿੰਘ ਬਾਦਲ ਦੇ ਮੁਕਾਬਲੇ ਹਲਕਾ ਲੰਬੀ ਤੋਂ ਚੋਣ ਲੜ ਚੁੱਕੇ ਹਨ। ਅੱਜ ਫਿਰ ਪੰਜਾਬ ਦੇ ਵਿਚ ਅੱਜ ਤੋਂ ਕਰੀਬ 30-35 ਸਾਲ ਮਾੜੇ ਸਮੇਂ ਦੀ ਯਾਦ ਤਾਜਾ ਹੋ ਰਹੀ ਹੈ। ਜਨਰਲ ਸਕੱਤਰ ਕਾਂਗਰਸ ਨੇ ਕਿਹਾ ਕਿ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ ਕਿ ਇਕ ਕਾਂਗਰਸ ਪਾਰਟੀ ਹੀ ਜਿਹੜੀ ਪੰਜਾਬ ਨੂੰ ਅਜਿਹੇ ਮਾੜੇ ਹਾਲਤਾਂ ਵਿਚੋਂ ਬਾਹਰ ਕੱਢ ਸਕਦੀ ਹੈ। ਇਸ ਮੌਕੇ ਕੁਲਵੰਤ ਸਿੰਘ ਭੀਟੀਵਾਲਾ ਬਲਾਕ ਪ੍ਰਧਾਨ ਕਾਂਗਰਸ ਲੰਬੀ, ਅਮਨਿੰਦਰ ਸਿੰਘ ਬਿੰਨੀ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ, ਹਰਭਜਲ ਸਿੰਘ ਕੱਟਿਆਂਵਾਲੀ, ਵਿਸ਼ਾਲ ਪੀਏ, ਜਗਪਾਲ ਸਿੰਘ ਅਬੁੱਲਖੁਰਾਣਾ, ਅਨਮੋਲ ਸਿੰਘ ਨਵੀ, ਪ੍ਰਦੀਪ ਸਿੰਘ, ਜਗਰੂਪ ਸਿੰਘ ਅਤੇ ਜਗਨਜੀਤ ਸਿੰਘ ਜੁੰਗਨੂੰ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।