ਦੁਸਹਿਰੇ ਮਨਾਉਣ ਦੀਆਂ ਤਿਆਰੀਆਂ ਮੁਕੰਮਲ
ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਦੁਸਹਿਰੇ ਦਾ ਤਿਉਹਾਰ, ਤਿਆਰੀਆਂ ਮੁਕੰਮਲ
Publish Date: Sun, 18 Oct 2026 05:24 PM (IST)
Updated Date: Sun, 18 Oct 2026 05:27 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਰਾਮ ਸੇਵਾ ਸਮਿਤੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰੇ ਦਾ ਤਿਉਹਾਰ ਸ਼ਰਧਾ, ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। 20 ਅਕਤੂਬਰ ਨੂੰ ਸਰਕਾਰੀ ਕਾਲਜ ਵਿਖੇ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਕਰਵਾਏ ਜਾ ਰਹੇ ਦੁਸਹਿਰਾ ਉਤਸਵ ਦੌਰਾਨ ਜਿੱਥੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਅਗਨ ਭੇਟ ਕੀਤੇ ਜਾਣਗੇ, ਉੱਥੇ ਹੀ ਲੰਕਾ ਦਹਿਨ ਮੁੱਖ ਆਕਰਸ਼ਣ ਦਾ ਕੇਂਦਰ ਰਹੇਗਾ। ਆਗਰਾ ਤੋਂ ਆਏ ਕਾਰੀਗਰਾਂ ਵੱਲੋਂ ਇਹ ਪੁਤਲੇ ਤਿਆਰ ਕਰ ਦਿੱਤੇ ਗਏ ਹਨ। ਸਮਿਤੀ ਦੇ ਪ੍ਰਧਾਨ ਰਮਨ ਗਿਰਧਰ ਅਤੇ ਕੈਸ਼ੀਅਰ ਸੰਜੀਵ ਖੇੜਾ ਨੇ ਦੱਸਿਆ ਕਿ ਰਾਵਣ ਦਾ ਲਗਭਗ 65 ਫੁੱਟ ਉੱਚਾ ਪੁਤਲਾ ਤਿਆਰ ਕੀਤਾ ਗਿਆ ਹੈ, ਜਦਕਿ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ 60-60 ਫੁੱਟ ਦੇ ਹੋਣਗੇ। ਇਸਤੋਂ ਇਲਾਵਾ ਲੰਕਾ ਦਹਿਨ ਲਈ ਲਗਭਗ 15 ਫੁੱਟ ਉੱਚੀ ਲੰਕਾ ਤਿਆਰ ਕੀਤੀ ਗਈ ਹੈ, ਜੋ ਖ਼ਾਸ ਆਕਰਸ਼ਣ ਹੋਵੇਗੀ। ਉਨ੍ਹਾਂ ਦੱਸਿਆ ਕਿ ਦੁਸਹਿਰਾ ਉਤਸਵ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਾ. ਸਤੀਸ਼ ਗਲਹੋਤਰਾ ਅਤੇ ਸੰਜੀਵ ਗੋਲਡੀ ਦਰੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ, ਜਦਕਿ ਡਿਪਟੀ ਕਮਿਸ਼ਨਰ, ਐੱਸਐੱਸਪੀ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ।