ਪੰਜਾਬ ਨੂੰ ਨਸ਼ਿਆਂ ’ਚ ਧੱਕਣ ’ਚ ਸੂਬਾ ਸਰਕਾਰ ਦਾ ਵੱਡਾ ਹੱਥ : ਡਾ. ਅਲਕਾ ਗੁੱਜਰ ਮਨਪ੍ਰੀਤ ਬਾਦਲ ਦੀ ਅਗਵਾਈ ਨਸ਼ਾ ਮੁਕਤ ਪੰਜਾਬ ਯਾਤਰਾ ਗਿੱਦੜਬਾਹਾ ਪੁੱਜੀ
Publish Date: Wed, 23 Sep 2026 05:50 PM (IST)
Updated Date: Wed, 23 Sep 2026 05:51 PM (IST)
ਛੱਤਿਆਣਾ/ਬਾਘਲਾ, ਪੰਜਾਬੀ ਜਾਗਰਣ ਗਿੱਦੜਬਾਹਾ/ਦੋਦਾ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ੇ ਦੀ ਦਲਦਲ ’ਚੋਂ ਬਾਹਰ ਕੱਢਣ ਦੇ ਮਕਸਦ ਨੂੰ ਲੈ ਕੇ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਅੱਜ ਇਹ ਯਾਤਰਾ ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਗਿੱਦੜਬਾਹਾ ਵਿਖੇ ਪੁੱਜੀ। ਯਾਤਰਾ ਦੇ ਗਿੱਦੜਬਾਹਾ ਪਹੁੰਚਣ ’ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ ਕਿਸੇ ਇਕ ਪਰਿਵਾਰ ਜਾਂ ਵਰਗ ਦੀ ਨਹੀਂ, ਸਗੋਂ ਪੂਰੇ ਪੰਜਾਬ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਂਵੇ ਭਾਰਤ ਦੀ ਅਬਾਦੀ ਦਾ ਕੇਵਲ 2 ਫੀਸਦੀ ਹੈ ਪਰੰਤੂ ਦੇਸ਼ ਦੀ ਸੈਨਾ ’ਚ ਪੰਜਾਬੀਆਂ ਦਾ ਯੋਗਦਾਨ 10 ਫੀਸਦੀ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਜਾਦੀ ਤੋਂ ਬਾਅਦ ਭਾਰਤ ਨਾਲ ਹੋਈਆਂ ਜੰਗਾਂ ’ਚ ਪੰਜਾਬੀਆਂ ਨੇ ਵੱਡਾ ਯੋਗਦਾਨ ਦਿੱਤਾ ਅਤੇ ਹੁਣ ਦੁਸ਼ਮਣ ਮੁਲਕ ਪੰਜਾਬ ਨੂੰ ਕੰਮਜੋਰ ਕਰਨਾ ਚਾਹੁੰਦੇ ਹਨ ਪਰ ਭਾਜਪਾ ਦੁਸ਼ਮਣ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਨੂੰ ਲੋਕ ਲਹਿਰ ਬਣਾਇਆ ਜਾਵੇ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਵਿਚੋਂ ਨਸ਼ਾ ਖਤਮ ਕੀਤਾ ਜਾਵੇਗਾ ਅਤੇ ਵਿਕਸਿਤ ਭਾਰਤ ਦਾ ਸੁਪਨਾ ਪੂਰਾ ਕਰਨ ਲਈ ਕਿਸੇ ਵੀ ਸੂਬੇ ਨੂੰ ਕੰਮਜੋਰ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਰਾਜ ਸਭਾ ਮੈਂਬਰ ਡਾ. ਅਲਕਾ ਗੁੱਜਰ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਵਿਚ ਧੱਕਣ ਵਿਚ ਪੰਜਾਬ ਦੀ ਮੌਜੂਦਾ ਆਪ ਸਰਕਾਰ ਦਾ ਵੱਡਾ ਹੱਥ ਹੈ। ਪੰਜਾਬ ਦੀ ਆਪ ਸਰਕਾਰ ਨਾ ਤਾਂ ਜਨਤਾ ਨੂੰ ਸੰਭਾਲ ਸਕੀ ਅਤੇ ਨਾ ਹੀ ਕਾਨੂੰਨ ਵਿਵਸਥਾ ਨੂੰ ਅਤੇ ਇੰਨਾਂ ਦਾ ਸਿਰਫ ਇਕ ਹੀ ਮਕਸਦ ਹੈ, ਕਿ ਆਪਣੀ ਗੱਦੀ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ। ਉਨ੍ਹਾਂ ਕਿਹਾ 2027 ਵਿਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰੇਗੀ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਆਗੂ ਪ੍ਰਿਤਪਾਲ ਸ਼ਰਮਾ ਨੇ ਪਾਰਟੀ ਦੀਆਂ ਗਤੀਵਿਧੀਆਂ ਦੱਸਦੇ ਹੋਏ ਨਿਭਾਈ । ਇਸ ਮੌਕੇ ਭਾਜਪਾ ਆਗੂ ਅਤੇ ਪੰਜਾਬੀ ਫਿਲਮ ਅਦਾਕਾਰ ਹੌਬੀ ਧਾਲੀਵਾਲ, ਜਿਲ੍ਹਾ ਭਾਜਪਾ ਪ੍ਰਧਾਨ ਕੁਲਦੀਪ ਸਿੰਘ ਭੰਗੇਵਾਲ, ਸਵਰਨ ਸਿੰਘ ਢੱਲਾ, ਮੰਡਲ ਪ੍ਰਧਾਨ ਅਨਮੋਲ ਸੇਠੀ, ਹਰਜੀਤ ਸਿੰਘ ਨੀਲਾ ਮਾਨ, ਬੇਅੰਤ ਸਿੰਘ ਗੁਰੁਸਰ ਸਾਬਕਾ ਸਰਪੰਚ, ਰਣਜੀਤ ਸਿੰਘ, ਜੀਵਨ ਕੁਮਾਰ, ਰਾਜਿੰਦਰ ਗਰਗ, ਰਾਜੂ ਸਹਾਰਨ, ਵਿਨੋਦ ਕੁਮਾਰ ਲੱਕੀ, ਵਿਵੇਕ ਅਰੋੜਾ, ਰਾਜਪਾਲ ਇੰਦੌਰਾ ਆਦਿ ਵੀ ਮੌਜੂਦ ਸਨ।