ਸੀਵਰੇਜ ਦੀ ਬਦਹਾਲੀ ਨੇ ਨਗਰ ਕੌਂਸਲ ਦੇ ਦਾਅਵਿਆਂ ’ਤੇ ਚੁੱਕੇ ਸਵਾਲ ਸੀਵਰੇਜ ਦੀ ਬਦਹਾਲੀ ਨੇ ਨਗਰ ਕੌਂਸਲ ਦੇ ਦਾਅਵਿਆਂ ’ਤੇ ਚੁੱਕੇ ਸਵਾਲ
Publish Date: Sat, 05 Sep 2026 05:52 PM (IST)
Updated Date: Sat, 05 Sep 2026 05:55 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ’ਚ ਸੀਵਰੇਜ ਵਿਵਸਥਾ ਦੀ ਬਦਹਾਲੀ ਨਗਰ ਕੌਂਸਲ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੀ ਹੈ। ਹਰ ਸਾਲ ਮਾਨਸੂਨ ਤੋਂ ਪਹਿਲਾਂ ਸੀਵਰੇਜ ਦੀ ਸਫ਼ਾਈ ਦੇ ਨਾਂ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ, ਪਰ ਵਾਰਡ ਨੰਬਰ 26, 27 ਅਤੇ ਨਾਮਦੇਵ ਨਗਰ ਦੀ ਗਲੀ ਨੰਬਰ-3 ਦੇ ਲੋਕਾਂ ਨੂੰ ਗੰਦੇ ਪਾਣੀ ਤੋਂ ਅੱਜ ਤੱਕ ਰਾਹਤ ਨਹੀਂ ਮਿਲ ਸਕੀ ਹੈ। ਸੀਵਰੇਜ ਓਵਰਫਲੋਅ ਹੋਣ ਕਾਰਨ ਗਲੀਆਂ ਅਤੇ ਸੜਕਾਂ ’ਤੇ ਪਾਣੀ ਜਮ੍ਹਾਂ ਰਹਿੰਦਾ ਹੈ, ਜਿਸ ਨਾਲ ਲੋਕਾਂ ਦਾ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਗਿਆ ਹੈ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੋਈ ਨਵੀਂ ਨਹੀਂ, ਸਗੋਂ ਪਿਛਲੇ ਕਈ ਸਾਲਾਂ ਤੋਂ ਬਣੀ ਹੋਈ ਹੈ। ਕਈ ਵਾਰ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ, ਪਰ ਹਰ ਵਾਰ ਕੇਵਲ ਭਰੋਸਾ ਹੀ ਮਿਲਿਆ ਅਤੇ ਪੱਕਾ ਹੱਲ ਨਹੀਂ ਹੋਇਆ। ਵਾਰਡ ਵਾਸੀ ਪ੍ਰਵੀਨ, ਮੀਰਾ ਅਤੇ ਵੀਨਾ ਨੇ ਦੱਸਿਆ ਕਿ ਸਵੇਰੇ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚਿਆਂ ਨੂੰ ਇਸੇ ਗੰਦੇ ਪਾਣੀ ’ਚੋਂ ਲੰਘਣਾ ਪੈਂਦਾ ਹੈ। ਦਿਨ ਭਰ ਪਾਣੀ ਜਮ੍ਹਾਂ ਰਹਿਣ ਨਾਲ ਆਸ-ਪਾਸ ਦੇ ਘਰਾਂ ’ਚ ਬਦਬੂ ਫੈਲਦੀ ਰਹਿੰਦੀ ਹੈ ਅਤੇ ਮੱਛਰਾਂ ਦੀ ਸਮੱਸਿਆ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ’ਚ ਹਾਲਾਤ ਹੋਰ ਵੀ ਖ਼ਰਾਬ ਹੋ ਜਾਂਦੇ ਹਨ, ਜਿਸ ਨਾਲ ਲੋਕਾਂ ਦਾ ਘਰਾਂ ਤੋਂ ਨਿਕਲਣਾ ਤੱਕ ਮੁਸ਼ਕਿਲ ਹੋ ਜਾਂਦਾ ਹੈ। ਔਰਤਾਂ ਨੇ ਕਿਹਾ ਕਿ ਚੋਣਾਂ ਦੇ ਸਮੇਂ ਸਾਰੇ ਨੇਤਾ ਵਿਕਾਸ ਦੇ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਚੋਣਾਂ ਖ਼ਤਮ ਹੋਣ ਤੋਂ ਬਾਅਦ ਕੋਈ ਉਨ੍ਹਾਂ ਦੀ ਸਮੱਸਿਆ ਸੁਣਨ ਨਹੀਂ ਆਉਂਦਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਾਰ ਜੇਕਰ ਕੋਈ ਵੋਟ ਮੰਗਣ ਆਵੇਗਾ ਤਾਂ ਉਸਤੋਂ ਪੁੱਛਿਆ ਜਾਵੇਗਾ ਕਿ ਆਖ਼ਰ 10 ਸਾਲਾਂ ’ਚ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਕਿਉਂ ਨਹੀਂ ਕੀਤਾ ਗਿਆ। ਲੋਕਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਭਰੋਸਾ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਪੱਕਾ ਹੱਲ ਚਾਹੀਦਾ ਹੈ, ਤਾਂ ਜੋ ਸਾਲਾਂ ਪੁਰਾਣੀ ਇਸ ਸਮੱਸਿਆ ਤੋਂ ਉਨ੍ਹਾਂ ਨੂੰ ਅਸਲ ਰਾਹਤ ਮਿਲ ਸਕੇ। ਲੋਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਲਈ ਵੀ ਉਨ੍ਹਾਂ ਨੂੰ ਗੰਦੇ ਪਾਣੀ ’ਚੋਂ ਲੰਘਣਾ ਪੈਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਕੇਵਲ ਇੱਕ-ਦੋ ਗਲੀਆਂ ਤੱਕ ਸੀਮਤ ਨਹੀਂ ਹੈ, ਸਗੋਂ ਸ਼ਹਿਰ ਦੇ ਕਈ ਮੁਹੱਲਿਆਂ ’ਚ ਸੀਵਰੇਜ ਵਿਵਸਥਾ ਠੱਪ ਹੋਈ ਪਈ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਜਲਦ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧ ’ਚ ਸੀਵਰੇਜ ਬੋਰਡ ਦੇ ਜੇਈ ਹਰੀਸ਼ ਜੈਨ ਨੇ ਦੱਸਿਆ ਕਿ ਵਾਰਡ ਨੰਬਰ 26 ਅਤੇ 27 ’ਚ ਸੀਵਰੇਜ ਜਾਮ ਹੋਣ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਅਨੁਸਾਰ ਪ੍ਰਾਇਮਰੀ ਜਾਂਚ ’ਚ ਵਾਟਰ ਸਪਲਾਈ ਪਾਈਪ ਲਾਈਨ ’ਚ ਲੀਕੇਜ ਦੀ ਸ਼ੰਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਣੀ ਦੀ ਸਪਲਾਈ ਆਉਂਦੀ ਹੈ ਤਾਂ ਪਾਣੀ ਸੜਕ ’ਤੇ ਜਮ੍ਹਾਂ ਹੋ ਜਾਂਦਾ ਹੈ ਅਤੇ ਸਪਲਾਈ ਬੰਦ ਹੋਣ ਤੇ ਉਹੀ ਪਾਣੀ ਸੀਵਰੇਜ ’ਚ ਚਲਾ ਜਾਂਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਮੌਕੇ ਦੀ ਦੋਬਾਰਾ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਕਿਤੇ ਸੀਵਰੇਜ ਜਾਮ ਪਾਇਆ ਗਿਆ ਤਾਂ ਤੁਰੰਤ ਸਫ਼ਾਈ ਕਰਵਾ ਕੇ ਉਸਨੂੰ ਠੀਕ ਕੀਤਾ ਜਾਵੇਗਾ। ਤਸਵੀਰ : 05ਐਮਕੇਟੀ19,20 ਗਲੀ ’ਚ ਖੜ੍ਹਾ ਸੀਵਰੇਜ ਦਾ ਪਾਣੀ। ਜਾਣਕਾਰੀ ਦਿੰਦੇ ਹੋਏ ਲੋਕ।