ਗੁਰਦੁਆਰਿਆਂ ਦੇ ਨਾਕਿਆਂ ਦੀ ਸੁੰਦਰੀਕਰਨ ਦੇ ਨਾਂ ’ਤੇ ਕੀਤੀ ਬਰਬਾਦੀ ਗੁਰਦੁਆਰਿਆਂ ਦੇ ਨਾਕਿਆਂ ਦੀ ਸੁੰਦਰੀਕਰਨ ਦੇ ਨਾਂ ’ਤੇ ਕੀਤੀ ਬਰਬਾਦੀ
Publish Date: Sat, 11 Jul 2026 05:13 PM (IST)
Updated Date: Sat, 11 Jul 2026 05:15 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਲ੍ਹੀ ਮੁਕਤਿਆਂ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਨਾਕਿਆਂ ਦੀ ਸੁੰਦਰੀਕਰਨ ’ਚ ਹੋ ਰਹੀ ਬੇਤਾਹਾਸ਼ਾ ਦੇਰੀ ਅਤੇ ਪਏ ਖਿਲਾਰੇ ਕਾਰਣ ਸ਼ਰਧਾਲੂਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਕਿਆਂ ਉਪਰ ਮੇਲਾ ਮਾਘੀ ਵੇਲੇ ਲੱਖਾਂ ਰੁਪਏ ਖਰਚ ਕਰਕੇ ਰੌਸ਼ਨੀ ਵਾਸਤੇ ਲਾਈਟਾਂ ਲੱਗੀਆਂ ਸਨ ਹੁਣ ਉਹ ਵੀ ਗਾਇਬ ਹਨ ਤੇ ਨਾਕਿਆਂ ’ਤੇ ਹਨੇਰਾ ਹੈ। ‘ਗੂਗਲ’ ਰਾਹੀਂ ਸੜਕ ਤਲਾਸ਼ ਕੇ ਆਉਣ ਵਾਲੇ ਸ਼ਰਧਾਲੂ ਨਾਕਾ ਨੰਬਰ 2 ਰਾਹੀਂ ਆਉਂਦੇ ਹਨ। ਇਸ ਨਾਕੇ ਦੀ ਮਹਿਜ਼ ਦੋ ਫੁੱਟ ਸੜਕ ਪਿਛਲੇ ਚਾਰ ਮਹੀਨਿਆਂ ਤੋਂ ਬੁਰੀ ਤਰ੍ਹਾਂ ਪੁੱਟੀ ਹੋਈ ਹੈ। ਸੜਕ ਉਪਰ ਡੂੰਘੇ ਟੋਏ ਹਨ। ਇੱਟਾਂ, ਪੱਥਰ ਤੇ ਬਜਰੀ ਖਿੱਲਰੀ ਹੈ। ਕਦੇ ਸੀਵਰੇਜ ਵਾਲੇ ਪੁੱਟਦੇ ਹਨ ਤੇ ਕਦੇ ਕੋਈ ਹੋਰ ਮਹਿਕਮਾ। ਇਹ ਨਾਕਾ ਬਜ਼ਾਰ ’ਚ ਹੈ। ਬਜ਼ਾਰ ਦੇ ਸਾਰੇ ਦੁਕਾਨਦਾਰ ਵੀ ਇਸ ਨਾਕੇ ਦੀ ਬਰਬਾਦੀ ਤੋਂ ਪੀੜਤ ਹਨ। ਸਰਕਾਰੀ ਪਟਵਾਰਖਾਨਾ ਵੀ ਇਸੇ ਨਾਕੇ ’ਤੇ ਹੈ। ਉਥੇ ਆਉਣ ਵਾਲੇ ਲੋਕ ਵੀ ਔਖੇ ਹਨ। ਵਾਹਨ ਤਾਂ ਕੀ ਪੈਦਲ ਚੱਲਣਾ ਵੀ ਔਖਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਇਹ ਨਾਕਾ ਕੌਂਸਲ ਪ੍ਰਧਾਨ ਯੋਗਿਤਾ ਗੁੰਬਰ ਦੇ ਵਾਰਡ ’ਚ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਛੇ ਕੁ ਮਹੀਨੇ ਪਹਿਲਾਂ ਇਸ ਨਾਕੇ ’ਤੇ ਸੁੰਦਰੀ ਕਰਨ ਦੇ ਨਾਂ ’ਤੇ ਮਹਿੰਗੀਆਂ ਲਾਈਟਾਂ ਲਾਈਆਂ ਗਈਆਂ ਸਨ ਪਰ ਉਹ ਚੱਲੀਆਂ ਹੀ ਨਹੀਂ ਤੇ ਗਾਇਬ ਹੋ ਗਈਆਂ। ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ ਨੂੰ ਵੀ ਕਿਹਾ ਹੈ, ਵਿਧਾਇਕ ਕਾਕਾ ਬਰਾੜ ਨੂੰ ਵੀ ਕਿਹਾ ਹੈ, ਅਫਸਰਾਂ ਨੂੰ ਵੀ ਕਿਹਾ ਕਿ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦੀ ਮੰਗ ਹੈ ਕਿ ਨਾਕਿਆਂ ਦੀ ਸਫਾਈ ਦਾ ਕੰਮ ਜਲਦੀ ਕੀਤਾ ਜਾਵੇ। ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨੂੰ ਸ਼ਹਿਰ ਵਾਸੀਆਂ ਦੇ ਇਕ ਵਫ਼ਦ ਨੇ ਮਿਲਕੇ ਨਾਕਾ ਨੰਬਰ 2 ਠੀਕ ਕਰਨ ਲਈ ਕਿਹਾ ਸੀ। ਉਨ੍ਹਾਂ ਉਸ ਸਮੇਂ ਠੇਕੇਦਾਰ ਨੂੰ ਹਦਾਇਤ ਕੀਤੀ ਸੀ। ਠੇਕੇਦਾਰ ਨੇ ਤਿੰਨ ਦਿਨਾਂ ’ਚ ਕੰਮ ਮੁਕੰਮਲ ਕਰਨ ਦਾ ਕਿਹਾ ਸੀ। ਪਰ ਮਹੀਨਾ ਬੀਤ ਜਾਣ ’ਤੇ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ।