ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਦੇ ਕੇ ਹੀ ਦੇਸ਼ ਨੂੰ ਮੁੜ ਵਿਸ਼ਵ ਗੁਰੂ ਬਣਾਇਆ ਜਾ ਸਕਦਾ ਹੈ : ਸਾਧਵੀ ਦਹਾਤਰੀ ਭਾਰਤੀ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਦੇ ਕੇ ਹੀ ਦੇਸ਼ ਨੂੰ ਮੁੜ ਵਿਸ਼ਵ ਗੁਰੂ ਬਣਾਇਆ ਜਾ ਸਕਦਾ ਹੈ : ਸਾਧਵੀ ਦਹਾਤਰੀ ਭਾਰਤੀ
Publish Date: Sun, 27 Sep 2026 04:11 PM (IST)
Updated Date: Sun, 27 Sep 2026 04:12 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਸ੍ਰੀ ਮੁਕਤਸਰ ਸਾਹਿਬ ਸਥਿਤ ਆਸ਼ਰਮ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਸਥਾਨ ਦੇ ਸੰਸਥਾਪਕ ਸਰਵ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਯਾ ਸਾਧਵੀ ਦਹਾਤਰੀ ਭਾਰਤੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਧਰਤੀ ਮਹਾਨ ਸੰਤ-ਮਹਾਂਪੁਰਸ਼ਾਂ, ਸੂਰਵੀਰਾਂ ਅਤੇ ਦੇਸ਼ ਭਗਤਾਂ ਦੀ ਧਰਤੀ ਰਹੀ ਹੈ, ਜਿਨ੍ਹਾਂ ਨੇ ਪੂਰੀ ਦੁਨੀਆਂ ’ਚ ਆਪਣੀ ਸ਼ਕਤੀ ਅਤੇ ਅਧਿਆਤਮਿਕਤਾ ਦਾ ਲੋਹਾ ਮਨਵਾਇਆ ਹੈ। ਸਵਾਮੀ ਵਿਵੇਕਾਨੰਦ ਦਾ ਹਵਾਲਾ ਦਿੰਦਿਆਂ ਸਾਧਵੀ ਨੇ ਦੱਸਿਆ ਕਿ ਸ਼ਿਕਾਗੋ ਸੰਮੇਲਨ ’ਚ ਸਵਾਮੀ ਨੇ ਗਰਵ ਨਾਲ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹੇ ਮਹਾਨ ਦੇਸ਼ ਵਿੱਚ ਜਨਮ ਲੈਣ ਤੇ ਮਾਣ ਹੈ, ਜਿਸ ਨੇ ਹਮੇਸ਼ਾ ਵਿਸ਼ਵ ਨੂੰ ਸਹੀ ਰਾਹ ਵਿਖਾਇਆ ਹੈ। ਭਾਰਤ ਸ਼ਬਦ ਦਾ ਅਰਥ ਸਮਝਾਉਂਦਿਆਂ ਉਨ੍ਹਾਂ ਕਿਹਾ ਕਿ ਜੋ ਗਿਆਨ ਦੇ ਪ੍ਰਕਾਸ਼ ’ਚ ਲੀਨ ਹੈ, ਉਹੀ ਦੁਨੀਆਂ ਨੂੰ ਰੌਸ਼ਨੀ ਦੇ ਸਕਦਾ ਹੈ। ਉਨ੍ਹਾਂ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਭਾਰਤ ਵਿਸ਼ਵ ਦਾ ਸਭ ਤੋਂ ਨੌਜਵਾਨ ਦੇਸ਼ ਹੈ, ਪਰ ਸਹੀ ਮਾਰਗਦਰਸ਼ਨ ਨਾ ਮਿਲਣ ਕਾਰਨ ਸਾਡੀ ਯੁਵਾ ਸ਼ਕਤੀ ਗਲਤ ਰਸਤੇ ਵੱਲ ਭਟਕ ਰਹੀ ਹੈ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਨੌਜਵਾਨਾਂ ਨੂੰ ਕਿਸੇ ਪੂਰਨ ਸੰਤ ਮਹਾਂਪੁਰਸ਼ ਦਾ ਮਾਰਗਦਰਸ਼ਨ ਮਿਲੇ, ਜੋ ਉਨ੍ਹਾਂ ਨੂੰ ਸਵਾਮੀ ਵਿਵੇਕਾਨੰਦ ਅਤੇ ਸ਼ਹੀਦ ਭਗਤ ਸਿੰਘ ਵਰਗੇ ਮਹਾਨ ਦੇਸ਼ ਭਗਤਾਂ ਦੇ ਪੂਰਨਿਆਂ ਤੇ ਚੱਲਣ ਦੀ ਪ੍ਰੇਰਨਾ ਦੇ ਸਕੇ। ਉਨ੍ਹਾਂ ਦੱਸਿਆ ਕਿ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਜੁੜੇ ਹੋਏ ਹਨ, ਜਿਨ੍ਹਾਂ ਨੂੰ ਸ੍ਰੀ ਆਸ਼ੂਤੋਸ਼ ਮਹਾਰਾਜ ਦੀ ਛਤਰ-ਛਾਇਆ ਹੇਠ ਪ੍ਰਭੂ ਭਗਤੀ ਦੇ ਨਾਲ-ਨਾਲ ਸਮਾਜ ਭਲਾਈ ਅਤੇ ਦੇਸ਼ ਭਗਤੀ ਦੇ ਕਾਰਜਾਂ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸਮਾਗਮ ਦੌਰਾਨ ਸਾਧਵੀ ਪੁੰਨਿਆਪ੍ਰਦਾ ਭਾਰਤੀ ਨੇ ਆਪਣੀ ਮਧੁਰ ਆਵਾਜ਼ ’ਚ ਪ੍ਰਭੂ ਭਗਤੀ ਅਤੇ ਦੇਸ਼ ਭਗਤੀ ਦੇ ਭਜਨ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।