ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਲੋਟ ਵਿਖੇ ਲੋਕ ਅਦਾਲਤ ਦੌਰਾਨ ਸੁਣੀਆਂ ਮੁਸ਼ਕਲਾਂ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਮਲੋਟ ਵਿਖੇ ਲੋਕ ਅਦਾਲਤ ਦੌਰਾਨ ਲੋਕਾਂ ਦੀਆਂ ਸੁਣੀਆਂ ਮੁਸ਼ਕਿਲਾਂ
Publish Date: Tue, 28 Jul 2026 06:27 PM (IST)
Updated Date: Tue, 28 Jul 2026 06:31 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਰਾਜ ਲਾਲੀ ਗਿੱਲ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਅੱਜ ਕੰਪਿਊਟਰ ਰਿਸੋਰਸ ਸੈਂਟਰ ਨੇੜੇ ਮਿਮਿਟ ਕਾਲਜ ਮਲੋਟ ਵਿਖੇ ਲੋਕ ਅਦਾਲਤ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਤੇ ਮੌਕੇ ’ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਹੱਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਲੋਕ ਅਦਾਲਤ ਨਾਲ ਲੰਬੇ ਸਮੇਂ ਤੋਂ ਪੈਂਡਿੰਗ ਪਏ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਹੋਵੇਗਾ। ਰਾਜ ਲਾਲੀ ਗਿੱਲ ਨੇ ਦੱਸਿਆ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਮੁੱਖ ਮਕਸਦ ਔਰਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨਾ ਹੈ ਅਤੇ ਇਸ ਮੰਤਵ ਨਾਲ ਅੱਜ ਮਲੋਟ ਵਿਖੇ ਲੋਕ ਅਦਾਲਤ ਦਾ ਆਯੋਜਨ ਕੀਤਾ ਹੈ ਤੇ ਜਿਆਦਾਤਰ ਮਹਿਲਾ ਨੂੰ ਇਹ ਪ੍ਰੇਸ਼ਾਨੀ ਸੀ ਕਿ ਕਮਿਸ਼ਨ ਦੂਰ ਹੋਣ ਕਾਰਣ, ਜਾਂ ਬੱਚੇ ਛੋਟੇ ਹੋਣ ਕਾਰਨ ਜਾਂ ਕੁਝ ਹੋਰ ਮਜ਼ਬੂਰੀਆਂ ਕਾਰਣ ਉਨ੍ਹਾਂ ਕੋਲੋ ਕਮਿਸ਼ਨ ਵਿਖੇ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ, ਇਸ ਲਈ ਮਹਿਲਾਵਾਂ ਦੇ ਘਰਾਂ ਦੇ ਨੇੜੇ ਹੀ ਇਹ ਲੋਕ ਅਦਾਲਤਾਂ ਲਗਾਤਾਰ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮਲੋਟ ਕਸਬੇ ਨਾਲ ਪਹਿਲਾਂ ਹੀ 34 ਕੇਸ ਉਨ੍ਹਾਂ ਕੋਲ ਦਰਜ ਸਨ ਅਤੇ ਉਨ੍ਹਾਂ ਕੇਸਾਂ ਦੀ ਸੁਣਵਾਈ ਅਤੇ ਨਿਪਟਾਰੇ ਲਈ ਸਬੰਧਤ ਮਹਿਲਾਵਾਂ ਨੂੰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਇੱਥੇ ਹੀ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਬਕਾਇਆ ਕੇਸਾਂ ਦੀ ਰਿਪੋਰਟ ਤਿਆਰ ਕੀਤੀ ਜਾਵੇ ਇਸ ਲਈ ਪੁਲਿਸ ਪ੍ਰਸ਼ਾਸਨ ਨੂੰ 30 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ, ਪਰ ਕੁਝ ਕੇਸ ਅਜਿਹੇ ਵੀ ਹੁੰਦੇ ਹਨ ਜਿਵੇਂ ਕਿ ਛੋਟੀ ਬੱਚੀਆਂ, ਬਜ਼ੁਰਗਾਂ ਨਾਲ ਸਬੰਧਤ ਜਾਂ ਹੋਰ, ਜਿਨ੍ਹਾਂ ਦੇ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਹੁੰਦਾ ਹੈ ਉਸ ਲਈ 10 ਦਿਨਾਂ ’ਚ ਰਿਪੋਰਟ ਦਾਖਲ ਕਰਨ ਲਈ ਕਿਹਾ ਜਾਂਦਾ ਹੈ। ਚੇਅਰਪਰਸਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨਾਲ ਕੋਈ ਵਧੀਕੀ ਹੁੰਦੀ ਹੈ ਤਾਂ ਉਹ ਘਰ ’ਚ ਚੁੱਪ ਕਰਕੇ ਨਾ ਬੈਠਣ ਅਤੇ ਤੁਰੰਤ ਹੀ ਪੁਲਿਸ ਪ੍ਰਸ਼ਾਸਨ ਨਾਲ ਜਾਂ ਕਮਿਸ਼ਨ ਨਾਲ ਸਿੱਧੇ ਤੌਰ ’ਤੇ ਰਾਬਤਾ ਕਾਇਮ ਕਰਨ। ਇਸ ਮੌਕੇ ਐਸਡੀਐੱਮ ਮਲੋਟ ਪੰਕਜ ਕੁਮਾਰ, ਡੀਐਸਪੀ ਹਰਜੀਤ ਸਿੰਘ ਮਾਨ, ਚੇਅਰਮੈਨ ਮਾਰਕਿਟ ਕਮੇਟੀ ਜਸ਼ਨ ਬਰਾੜ, ਡਿਪਟੀ ਡਾਇਰੈਕਟਰ ਮਨਜਿੰਦਰ ਸਿੰਘ, ਜਸਵਿੰਦਰ ਕੌਰ ਮੈਂਬਰ ਪੰਜਾਬ ਸਟੇਟ ਵੂਮੈਨ ਕਮਿਸ਼ਨ, ਡੀਪੀਓ ਰਤਨਦੀਪ ਕੌਰ ਸੰਧੂ, ਸੀਡੀਪੀਓ ਰਾਜਵੰਤ ਕੌਰ, ਜਸਵਿੰਦਰ ਕੌਰ, ਜਤਿੰਦਰ ਸਿੰਘ, ਮਨਿੰਦਰਜੀਤ ਸਿੰਘ, ਪਰਮਜੀਤ ਕੌਰ ਬਲਾਕ ਪ੍ਰਧਾਨ, ਪਰਮਿੰਦਰ ਕੌਰ ਜ਼ਿਲ੍ਹਾ ਸੈਕਟਰੀ, ਬਲਜੀਤ ਕੌਰ ਡਿੰਪਲ ਜੁਆਇੰਟ ਸੈਕਟਰੀ, ਹਰਮਿਹਰ ਸਿੰਘ ਐਮਸੀ ਮਲੋਟ, ਜਗਤੇਜ ਸਿੰਘ ਐਮਸੀ ਮਲੋਟ, ਮੋਹਨ ਕੁਮਾਰ ਪੀਏ, ਪੀਏ ਸ਼ਿੰਦਰਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਸਿੱਧੂ ਤੋਂ ਇਲਾਵਾ ਸਿਵਲ ਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀ ਆਦਿ ਹਾਜ਼ਰ ਸਨ।