ਸੂਬਾ ਪੱਧਰ ’ਤੇ ਜ਼ਿਲ੍ਹੇ ਦਾ ਨਾਂ ਚਮਕਾਉਣ ਵਾਲੀ ਗੁਰਜੋਤ ਨੂੰ ਪ੍ਰਸ਼ਾਸਨ ਨੇ ਅਣਗੌਲਿਆ
ਸੂਬਾ ਪੱਧਰ ’ਤੇ ਜ਼ਿਲ੍ਹੇ ਦਾ ਨਾਂ ਚਮਕਾਉਣ ਵਾਲੀ ਗੁਰਜੋਤ ਕੌਰ ਨੂੰ ਪ੍ਰਸ਼ਾਸਨ ਨੇ ਕੀਤਾ ਅੱਖੋ ਪਰੋਖੇ
Publish Date: Sun, 15 Feb 2026 03:45 PM (IST)
Updated Date: Sun, 15 Feb 2026 03:48 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਸਰਕਾਰੀ ਹਾਈ ਸਕੂਲ ਹਰਾਜ ਦੀ ਹੋਣਹਾਰ ਵਿਦਿਆਰਥਣ ਗੁਰਜੋਤ ਕੌਰ ਪੁੱਤਰੀ ਮੰਗਲ ਸਿੰਘ (ਕਲਾਸ ਦਸਵੀਂ) ਨੇ ਰਾਜ ਪੱਧਰੀ ਗਣਿਤ ਮਾਡਲ ਮੇਕਿੰਗ ’ਚ ਸੂਬੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਅਤੇ ਪੂਰੇ ਜਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ ਨੂੰ ਪ੍ਰਸ਼ਾਸਨ ਵੱਲੋਂ ਅੱਖੋ ਪਰੋਖੇ ਕੀਤਾ ਹੈ। ਸੰਯੁਕਤ ਸਮਾਜ ਸੁਧਾਰ ਸੰਸਥਾ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਪਾਸ਼ਾ ਨੇ ਕਿਹਾ ਕਿ ਗਰੀਬ ਪਰਿਵਾਰ ਦੀ ਇਸ ਹੋਣਹਾਰ ਵਿਦਿਆਰਥਣ ਨੇ ਆਪਣੀ ਸਖ਼ਤ ਮਿਹਨਤ ਸਦਕਾ ਸੂਬੇ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਹੋਣਹਾਰ ਵਿਦਿਆਰਥਣ ਦਾ ਹੌਂਸਲਾ ਵਧਾੳਣਾ ਚਾਹੀਦਾ ਸੀ ਪਰ ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਹੋਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਅਜੇ ਤੱਕ ਫੋਨ ’ਤੇ ਵਧਾਈ ਤੱਕ ਨਹੀਂ ਦਿੱਤੀ ਗਈ। ਉਨ੍ਹਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਵਿਦਿਆਰਥਣ ਗਰਜੋਤ ਕੌਰ ਦਾ ਵਿਸ਼ੇਸ਼ ਸਨਮਾਨ ਕਰਦਿਆਂ ਹੌਸਲਾ ਅਫ਼ਜਾਈ ਕੀਤੀ ਜਾਵੇ। ਉਧਰ ਗੁਰਜੋਤ ਕੌਰ ਦੇ ਪਿਤਾ ਮੰਗਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇਸ ਪ੍ਰਾਪਤੀ ਤੋਂ ਜਾਣੂ ਹੋਣ ਦੇ ਬਾਵਜੂਦ ਵੀ ਬੱਚੀ ਦਾ ਹੌਂਸਲਾ ਵਧਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਕੂਲ ਪੱਧਰ ’ਤੇ ਸਿਰਫ ਟੀਚਰਾਂ ਵੱਲੋਂ ਹੀ ਸਨਮਾਨ ਕੀਤਾ ਗਿਆ ਹੈ।