ਲੋਕ-ਉਮੀਦਾਂ ’ਤੇ ਖਰੀ ਨਹੀਂ ਉਤਰੀ ‘ਆਪ’ : ਸੁਖਬੀਰ ਬਦਲਾਅ ਦੇ ਨਾਮ ’ਤੇ ਸੱਤਾ ’ਚ ਆਈ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ : ਸੁਖਬੀਰ ਬਾਦਲ
Publish Date: Tue, 06 Oct 2026 07:06 PM (IST)
Updated Date: Wed, 07 Oct 2026 04:09 AM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਲਕਾ ਗਿੱਦੜਬਾਹਾ ਨੂੰ ਸ਼ੋਅਰੂਮ ਦੀ ਥਾਰ ਗੱਡੀ ਵਾਂਗ ਬਣਾ ਦਿਆਂਗੇ। ਹਲਕੇ ਦੀ ਕਾਇਆ-ਕਲਪ ਕਰਨ ਦੇ ਨਾਲ-ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਦੋਦਾ ਵਿਖੇ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਸਾਬਕਾ ਸਰਪੰਚ ਗੁਲਾਬ ਸਿੰਘ ਦੇ ਗ੍ਰਹਿ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸੁਖਬੀਰ ਬਾਦਲ ਨੇ ਕਿਹਾ ਕਿ ਹਲਕਾ ਗਿੱਦੜਬਾਹਾ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਜਨਮ ਭੂਮੀ ਹੈ। ਇਸ ਕਾਰਨ ਇਹ ਹਲਕਾ ਉਨ੍ਹਾਂ ਲਈ ਹਮੇਸ਼ਾ ਹੀ ਵਿਸ਼ੇਸ਼ ਤੇ ਪੂਜਣਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਬਾਦਲ ਪਰਿਵਾਰ ਨੂੰ ਦਿੱਤੇ ਪਿਆਰ ਤੇ ਸਤਿਕਾਰ ਦਾ ਕਰਜ਼ਾ ਉਹ ਕਦੇ ਨਹੀਂ ਚੁਕਾ ਸਕਦੇ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਕੱਠੇ ਹੋਏ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਆਗਾਮੀ ਵਿਧਾਨ ਸਭਾ ਚੋਣਾਂ ’ਚ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੀ ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਕਿਹਾ ਕਿ ਉਹ 11 ਨਵੰਬਰ ਤੋਂ ਪੂਰੇ ਪੰਜਾਬ ਦੀ ਯਾਤਰਾ ਸ਼ੁਰੂ ਕਰਨਗੇ ਤੇ ਸ਼੍ਰੋਮਣੀ ਅਕਾਲੀ ਦਲ ਝੰਡਾ ਬੁਲੰਦ ਕਰ ਕੇ ਹੀ ਘਰ ਵਾਪਸੀ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਜੇਕਰ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਹਲਕਾ ਗਿੱਦੜਬਾਹਾ ਦੇ ਵਿਕਾਸ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਦਲਾਅ ਦੇ ਨਾਂ ’ਤੇ ਸੱਤਾ ’ਚ ਆਈ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਲੋਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਲੋਕ ਸਮੱਸਿਆਵਾਂ ਨੂੰ ਲੈ ਕੇ ਹਮੇਸ਼ਾ ਸੰਘਰਸ਼ ਕਰਦਾ ਆਇਆ : ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਬੀਜੇਪੀ ਨਾਲ ਸਮਝੌਤੇ ਬਾਰੇ ਪੰਜਾਬ ਦੇ ਲੋਕਾਂ ਦੀ ਰਾਏ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਮੇਸ਼ਾ ਸੰਘਰਸ਼ ਕਰਦਾ ਆਇਆ ਹੈ ਅਤੇ ਆਉਣ ਵਾਲੇ ਸਮੇਂ ’ਚ ਵੀ ਲੋਕਾਂ ਦੇ ਹੱਕਾਂ ਲਈ ਡਟ ਕੇ ਆਵਾਜ਼ ਉਠਾਉਂਦਾ ਰਹੇਗਾ। ਇਸ ਮੌਕੇ ਗੁਰਬਿੰਦਰ ਸਿੰਘ ਵਣਵਾਲਾ, ਨਵਤੇਜ ਸਿੰਘ ਕੌਣੀ, ਜਵਾਹਰ ਸਿੰਘ, ਬਲਦੇਵ ਸਿੰਘ, ਭਗਵਾਨ ਸਿੰਘ ਸੂਰੇਵਾਲਾ, ਬਲਕਰਨ ਸਿੰਘ ਮੱਲਣ, ਗੁਰਚਰਨ ਸਿੰਘ ਭਲਾਈਆਣਾ, ਹਰਚਰਨ ਸਿੰਘ ਘੁੱਦੇਵਾਲਾ, ਜਗਦੀਪ ਸਿੰਘ, ਸੁਖਜੀਤ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਦੋਦਾ, ਧਰਮਿੰਦਰ ਸਿੰਘ ਖ਼ਾਲਸਾ, ਵਿਸ਼ਵਜੀਤ ਸਿੰਘ ਜਿੰਮੀ ਬਰਾੜ, ਮਸ਼ਹੂਰ ਸਿੰਘ, ਜਗਪ੍ਰੀਤ ਮੱਲਣ, ਗੁਰਪ੍ਰੀਤ ਮੱਲਣ ਤੇ ਗੁਰਨੈਬ ਸਿੰਘ ਹਾਜ਼ਰ ਸਨ।