ਬਦਲਾਅ ਦੇ ਨਾਮ ’ਤੇ ਸੱਤਾ ’ਚ ਆਈ ‘ਆਪ’ ਲੋਕ-ਉਮੀਦਾਂ ’ਤੇ ਖਰੀ ਨਹੀਂ ਉਤਰੀ : ਸੁਖਬੀਰ ਬਾਦਲ ਬਦਲਾਅ ਦੇ ਨਾਮ ’ਤੇ ਸੱਤਾ ’ਚ ਆਈ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ : ਸੁਖਬੀਰ ਬਾਦਲ
Publish Date: Tue, 06 Oct 2026 05:31 PM (IST)
Updated Date: Tue, 06 Oct 2026 05:32 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਲਕਾ ਗਿੱਦੜਬਾਹਾ ਨੂੰ ਸ਼ੋਅਰੂਮ ਦੀ ਥਾਰ ਗੱਡੀ ਵਾਂਗ ਬਣਾ ਦਿਆਂਗੇ। ਹਲਕੇ ਦੀ ਕਾਇਆ ਕਲਪ ਕਰਨ ਦੇ ਨਾਲ-ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਿੰਡ ਦੋਦਾ ਵਿਖੇ ਡੋਰ-ਟੂ-ਡੋਰ ਮੁਹਿੰਮ ਦੀ ਸ਼ੁਰੂਆਤ ਕਰਨ ਉਪਰੰਤ ਸਾਬਕਾ ਸਰਪੰਚ ਗੁਲਾਬ ਸਿੰਘ ਦੇ ਗ੍ਰਹਿ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਲਕਾ ਗਿੱਦੜਬਾਹਾ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਜਨਮ ਭੂਮੀ ਹੈ। ਇਸ ਕਾਰਨ ਇਹ ਹਲਕਾ ਉਨ੍ਹਾਂ ਲਈ ਹਮੇਸ਼ਾਂ ਹੀ ਵਿਸ਼ੇਸ਼ ਅਤੇ ਪੂਜਣਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਬਾਦਲ ਪਰਿਵਾਰ ਨੂੰ ਦਿੱਤੇ ਪਿਆਰ ਅਤੇ ਸਤਿਕਾਰ ਦਾ ਕਰਜ਼ਾ ਉਹ ਕਦੇ ਨਹੀਂ ਚੁਕਾ ਸਕਦੇ ਅਤੇ ਇੱਥੋਂ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਕੱਠੇ ਹੋਏ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨਾਂ ਅੱਗੇ ਕਿਹਾ ਕਿ ਉਹ 11 ਨਵੰਬਰ ਤੋਂ ਪੂਰੇ ਪੰਜਾਬ ਦੀ ਯਾਤਰਾ ਸ਼ੁਰੂ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ ਝੰਡਾ ਬੁਲੰਦ ਕਰ ਕੇ ਹੀ ਘਰ ਵਾਪਸੀ ਕਰਨਗੇ। ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦਿਵਾਇਆ ਕਿ ਜੇਕਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਹਲਕਾ ਗਿੱਦੜਬਾਹਾ ਦੇ ਵਿਕਾਸ ਨੂੰ ਪਹਿਲ ਦੇ ਆਧਾਰ ’ਤੇ ਅੱਗੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਦਲਾਅ ਦੇ ਨਾਮ ’ਤੇ ਸੱਤਾ ਵਿੱਚ ਆਈ ਇਹ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਬੀਜੇਪੀ ਨਾਲ ਸਮਝੌਤੇ ਬਾਰੇ ਪੰਜਾਬ ਦੇ ਲੋਕਾਂ ਦੀ ਰੈਅ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਹਮੇਸ਼ਾਂ ਸੰਘਰਸ਼ ਕਰਦਾ ਆਇਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਦੇ ਹੱਕਾਂ ਲਈ ਡਟ ਕੇ ਆਵਾਜ਼ ਉਠਾਉਂਦਾ ਰਹੇਗਾ। ਇਸ ਮੌਕੇ ਗੁਰਬਿੰਦਰ ਸਿੰਘ ਵਣਵਾਲਾ, ਨਵਤੇਜ ਸਿੰਘ ਕੌਣੀ, ਜਵਾਹਰ ਸਿੰਘ, ਬਲਦੇਵ ਸਿੰਘ, ਭਗਵਾਨ ਸਿੰਘ ਸੂਰੇਵਾਲਾ, ਬਲਕਰਨ ਸਿੰਘ ਮੱਲਣ, ਗੁਰਚਰਨ ਸਿੰਘ ਭਲਾਈਆਣਾ, ਹਰਚਰਨ ਸਿੰਘ ਘੁੱਦੇਵਾਲਾ, ਜਗਦੀਪ ਸਿੰਘ, ਸੁਖਜੀਤ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਦੋਦਾ, ਧਰਮਿੰਦਰ ਸਿੰਘ ਖਾਲਸਾ, ਵਿਸ਼ਵਜੀਤ ਸਿੰਘ ਜਿੰਮੀ ਬਰਾੜ, ਮਸ਼ਹੂਰ ਸਿੰਘ, ਜਗਪ੍ਰੀਤ ਮੱਲਣ, ਗੁਰਪ੍ਰੀਤ ਮੱਲਣ ਅਤੇ ਗੁਰਨੈਬ ਸਿੰਘ ਹਾਜ਼ਰ ਸਨ।