ਅਧਿਆਪਕ ਜਥੇਬੰਦੀਆਂ ਵੱਲੋਂ ਦਿੱਲੀ ਲਾਠੀਚਾਰਜ ਖ਼ਿਲਾਫ਼ ਰੋਸ ਮਾਰਚ ਉਪਰੰਤ ਕੇਂਦਰ ਸਰਕਾਰ ਦੀ ਅਰਥੀ ਫੂਕੀ ਅਧਿਆਪਕ ਜਥੇਬੰਦੀਆਂ ਵੱਲੋ ਦਿੱਲੀ ਲਾਠੀਚਾਰਜ ਖ਼ਿਲਾਫ਼ ਰੋਸ ਮਾਰਚ ਉਪਰੰਤ ਮੋਦੀ ਸਰਕਾਰ ਦੀ ਅਰਥੀ ਫੂਕੀ
Publish Date: Wed, 22 Jul 2026 03:45 PM (IST)
Updated Date: Wed, 22 Jul 2026 03:46 PM (IST)
- ਮੁਲਜ਼ਮ ਪੁਲਿਸ ਅਫ਼ਸਰਾਂ ਅਤੇ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ਦੀਆਂ ਪ੍ਰਤੀਨਿਧ ਅਧਿਆਪਕ ਜਥੇਬੰਦੀਆਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਅਤੇ ਡੀਟੀਐੱਫ (ਸਬੰਧਿਤ ਡੀਐੱਮਐੱਫ) ਵੱਲੋਂ ਮੋਦੀ ਸਰਕਾਰ ਦੀ ਸ਼ਹਿ ਤੇ ਨੀਟ ਸਮੇਤ ਵਾਰ-ਵਾਰ ਪੇਪਰ ਲੀਕ ਖ਼ਿਲਾਫ਼ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ ਤੇ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਅੰਨੇਵਾਹ ਲਾਠੀਚਾਰਜ ਖ਼ਿਲਾਫ਼ ਰੋਸ ਮਾਰਚ ਕੀਤਾ। ਇਸ ਸਮੇਂ ਅਧਿਆਪਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਪਵਨ ਕੁਮਾਰ ਅਤੇ ਲਖਵੀਰ ਸਿੰਘ ਹਰੀਕੇ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਨੀਟ ਸਮੇਤ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਦੇ 148 ਪੇਪਰ ਲੀਕ ਹੋਏ ਹਨ। ਕੇਂਦਰ ਸਰਕਾਰ ਵਿਦਿਆਰਥੀਆਂ ਦੀ ਹੱਕੀ ਆਵਾਜ਼ ਨੂੰ ਦਬਾਉਣ ਲਈ ਦਮਨ ਚੱਕਰ ਚਲਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਦਿਆਰਥੀਆਂ ਤੇ ਲਾਠੀਚਾਰਜ ਅਤੇ ਅਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਮੌਕੇ ਲਾਠੀਚਾਰਜ ਕਰਨ ਵਾਲਿਆਂ ’ਚ ਕੁਝ ਲੋਕ ਅਜਿਹੇ ਵੀ ਸਨ ਜਿਹੜੇ ਬਿਨਾਂ ਵਰਦੀ ਤੋਂ ਸਿਵਲ ਕੱਪੜਿਆਂ ’ਚ ਸਨ। ਅਧਿਆਪਕ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਹਿਲਾਂ ਵੀ ਪਹਿਲਵਾਨ ਕੁੜੀਆਂ ਨਾਲ ਛੇੜਛਾੜ ਕਰਨ ਵਾਲੇ ਬ੍ਰਿਜ ਭੂਸ਼ਨ ਦਾ ਅਸਤੀਫ਼ਾ ਲੈਣ ਦੀ ਬਜਾਏ ਜੰਤਰ ਮੰਤਰ ਤੇ ਪਹਿਲਵਾਨਾਂ ’ਤੇ ਲਾਠੀਚਾਰਜ ਕਰਵਾਇਆ ਅਤੇ ਹੁਣ ਦੁਬਾਰਾ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ ਲੈਣ ਦੀ ਬਜਾਏ ਵਿਦਿਆਰਥੀਆਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਤਰਕਸ਼ੀਲ ਸੁਸਾਇਟੀ ਦੇ ਸੁਬਾਈ ਆਗੂ ਰਾਮ ਸਵਰਨ ਲੱਖੇਵਾਲੀ ਅਤੇ ਪੈਨਸ਼ਨਰ ਆਗੂ ਬਲਵੰਤ ਸਿੰਘ ਨੇ ਸਮਾਜਿਕ ਕਾਰਕੁੰਨ ਅਤੇ ਵਿਗਿਆਨੀ ਸੋਨਮ ਵਾਂਗਚੁੱਕ ਨੂੰ ਦਿੱਲੀ ਪੁਲਿਸ ਵੱਲੋਂ ਜਬਰੀ ਚੁੱਕੇ ਜਾਣ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਤੇ ਸਮੇਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਸਮੇਂ ਵੀ ਅੜੀਅਲ ਵਤੀਰਾ ਅਪਣਾਇਆ ਗਿਆ ਸੀ। ਜਥੇਬੰਦੀਆਂ ਵੱਲੋਂ ਰੋਸ ਮਾਰਚ ਕਰਨ ਉਪਰੰਤ ਕੋਟਕਪੂਰਾ ਚੌਕ ਵਿੱਚ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਰੋਸ ਰੈਲੀ ਨੂੰ ਕੁਲਵਿੰਦਰ ਸਿੰਘ, ਜੀਵਨ ਸਿੰਘ ਬਧਾਈ ਅਤੇ ਨੌਨਿਹਾਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਅਧਿਆਪਕ ਆਗੂ ਸੁਰਿੰਦਰ ਸੇਤੀਆ, ਪਰਮਾਤਮਾ ਸਿੰਘ, ਪਰਮਿੰਦਰ ਖੋਖਰ, ਰਵੀ ਕੁਮਾਰ, ਕੁਲਵਿੰਦਰ ਅਕਾਲਗੜ੍ਹ, ਚਰਨਜੀਤ ਅਟਵਾਲ, ਨੀਰਜ ਬਜਾਜ, ਸੁਖਜੀਤ ਥਾਂਦੇਵਾਲਾ, ਰਵਿੰਦਰ ਰਵੀ, ਕੁਲਵੰਤ ਸਿੰਘ ਅਤੇ ਕੰਵਲਜੀਤ ਸਿੰਘ ਸਮੇਤ ਸਮੇਂਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜ਼ਰ ਸਨ।