ਮੁਕਤਸਰ ਦਾ ਸੁਖਬੀਰ ਸਿੰਘ ਪੈਰਾਂ ਨਾਲ ਲਿਖ ਕੇ ਲਿਖ ਰਿਹਾ ਕਾਮਯਾਬੀ ਦੀ ਨਵੀਂ ਇਬਾਰਤ ਮੁਕਤਸਰ ਦਾ ਸੁਖਬੀਰ ਸਿੰਘ ਪੈਰਾਂ ਨਾਲ ਲਿਖ ਕੇ ਲਿਖ ਰਿਹਾ ਕਾਮਯਾਬੀ ਦੀ ਨਵੀਂ ਇਬਾਰਤ
Publish Date: Sun, 04 Oct 2026 07:20 PM (IST)
Updated Date: Sun, 04 Oct 2026 07:23 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਦਾ ਸੁਖਬੀਰ ਸਿੰਘ ਪੈਰਾਂ ਨਾਲ ਲਿਖ ਕੇ ਕਾਮਯਾਬੀ ਦੀ ਨਵੀਂ ਇਬਾਰਤ ਲਿਖ ਰਿਹਾ ਹੈ। ਸ੍ਰੀ ਮੁਕਤਸਰ ਸਾਹਿਬ ਵਾਸੀ ਨੌਜਵਾਨ ਸੁਖਬੀਰ ਸਿੰਘ ਬਚਪਨ ਤੋਂ ਹੀ ਇੱਕ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ। ਸੁਖਬੀਰ ਸਰੀਰਕ ਤੌਰ ਤੇ ਅਪਾਹਜ ਹੈ ਨਾ ਆਪ ਚੱਲ-ਫਿਰ ਸਕਦਾ, ਨਾ ਖਾ-ਪੀ ਸਕਦਾ ਤੇ ਨਾ ਹੀ ਉਸਦੇ ਹੱਥ ਤੇ ਬਾਹਾਂ ਕੰਮ ਕਰਦੀਆਂ ਹਨ ਪਰ ਬੁਲੰਦ ਹੌਂਸਲੇ ਤੇ ਮਜ਼ਬੂਤ ਇਰਾਦਿਆਂ ਅੱਗੇ ਇਹ ਸਰੀਰਕ ਕਮਜ਼ੋਰੀ ਵੀ ਹਾਰ ਮੰਨ ਚੁੱਕੀ ਹੈ। ਸੁਖਬੀਰ ਆਪਣੇ ਪੈਰਾਂ ਨਾਲ ਲਿਖ ਕੇ ਆਪਣੀ ਤਕਦੀਰ ਆਪ ਲਿਖ ਰਿਹਾ ਹੈ। ਉਸਦਾ ਸੁਪਨਾ ਸੈਲੀਬ੍ਰਿਟੀ ਬਣਨ ਦਾ ਹੈ। ਸੁਖਬੀਰ ਸਿੰਘ ਨੇ ਆਪਣੀ ਸ਼ੁਰੂਆਤੀ ਪੜ੍ਹਾਈ (ਪੰਜਵੀਂ ਜਮਾਤ) ਸਰਕਾਰੀ ਰਿਸੋਰਸ ਸੈਂਟਰ ਸ੍ਰੀ ਮੁਕਤਸਰ ਸਾਹਿਬ ਤੋਂ ਕੀਤੀ, ਜਿਸਤੋਂ ਬਾਅਦ 10ਵੀਂ ਜਮਾਤ ਸਰਕਾਰੀ ਸਕੂਲ (ਮੁੰਡੇ) ਤੋਂ ਪਾਸ ਕੀਤੀ। ਹੁਣ ਉਹ ਖਾਲਸਾ ਦਸ਼ਮੇਸ਼ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਏ ਭਾਗ ਦੂਜਾ ਦਾ ਵਿਦਿਆਰਥੀ ਹੈ। ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ’ਚ ਵੀ ਸੁਖਬੀਰ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ। ਆਪਣੀ ਹਿੰਮਤ ਦੇ ਸਿਰ ਤੇ ਉਨ੍ਹਾਂ ਨੇ ਕੌਮੀ (ਨੈਸ਼ਨਲ) ਪੱਧਰ ਦੀਆਂ ਦੌੜਾਂ ਤੇ ਲੰਬੀ ਛਾਲ ਦੀਆਂ ਪ੍ਰਤੀਯੋਗਤਾਵਾਂ ’ਚ ਹਿੱਸਾ ਲੈ ਕੇ ਸਭ ਨੂੰ ਹੈਰਾਨ ਕੀਤਾ ਹੈ। ਸੁਖਬੀਰ ਸਿੰਘ ਅੱਜ ਇੱਕ ਸਫਲ ਮੋਟੀਵੇਸ਼ਨਲ ਸਪੀਕਰ ਤੇ ਸੋਸ਼ਲ ਮੀਡੀਆ ਇਨਫਲੂਐਂਸਰ ਵਜੋਂ ਜਾਣੇ ਜਾਂਦੇ ਹਨ। ਜਲੰਧਰ ਵਿਖੇ ਆਯੋਜਿਤ ਸ਼ਿਕਸ਼ਾ ਮਹਾਕੁੰਭ ਦੌਰਾਨ ਉਨ੍ਹਾਂ ਮਾਨਯੋਗ ਗਵਰਨਰ ਤੇ ਉੱਚ ਅਧਿਕਾਰੀਆਂ ਦੇ ਸਾਹਮਣੇ ਅਜਿਹੀ ਪ੍ਰੇਰਨਾਦਾਇਕ ਸਪੀਚ ਦਿੱਤੀ ਕਿ ਹਰ ਕੋਈ ਝੂਮ ਉੱਠਿਆ। ਉਨ੍ਹਾਂ ਦੀ ਸ਼ਖਸੀਅਤ ਤੇ ਵਿਚਾਰਾਂ ਤੋਂ ਉਨ੍ਹਾਂ ਦੇ ਕਾਲਜ ਦੇ ਸਹਿਪਾਠੀ ਵੀ ਬਹੁਤ ਮਾਣ ਮਹਿਸੂਸ ਕਰਦੇ ਹਨ। ਜਦੋਂ ਸੁਖਬੀਰ ਨੂੰ ਪੁੱਛਿਆ ਗਿਆ ਕਿ ਉਹ ਕਿਸ ਤੋਂ ਪ੍ਰਭਾਵਿਤ ਹਨ ਤਾਂ ਉਨ੍ਹਾਂ ਦਾ ਜਵਾਬ ਸੀ-ਮੈਂ ਖੁਦ ਆਪਣੇ ਆਪ ਤੋਂ ਪ੍ਰਭਾਵਿਤ ਹਾਂ। ਸੁਖਬੀਰ ਨੇ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਗੱਲੋਂ ਘੱਟ ਹੈ : ਹਰਦੇਵ ਸਿੰਘ ਸੁਖਬੀਰ ਦੇ ਪਿਤਾ ਹਰਦੇਵ ਸਿੰਘ ਜੋ ਕਿ ਜਨ ਸਿਹਤ ਵਿਭਾਗ ’ਚ ਕਰਮਚਾਰੀ ਹਨ, ਆਪਣੇ ਪੁੱਤਰ ਦੀ ਹਰ ਲੋੜ ਦਾ ਖਿਆਲ ਰੱਖਦੇ ਹਨ। ਉਹ ਆਪਣੇ ਹੱਥੀਂ ਸੁਖਬੀਰ ਨੂੰ ਖਾਣਾ ਖਵਾਉਂਦੇ ਹਨ ਤੇ ਸਕੂਲ-ਕਾਲਜ ਛੱਡਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਖੁਸ਼ੀ-ਖੁਸ਼ੀ ਨਿਭਾਉਂਦੇ ਹਨ। ਪਿਤਾ ਹਰਦੇਵ ਸਿੰਘ ਅਨੁਸਾਰ ਸੁਖਬੀਰ ਨੇ ਉਨ੍ਹਾਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਗੱਲੋਂ ਘੱਟ ਹੈ। ਦੂਜੇ ਪਾਸੇ ਸੁਖਬੀਰ ਦਾ ਮੰਨਣਾ ਹੈ ਕਿ ਉਹ ਭਵਿੱਖ ’ਚ ਅਜਿਹਾ ਮੁਕਾਮ ਹਾਸਲ ਕਰਨਾ ਚਾਹੁੰਦਾ ਹੈ ਕਿ ਉਸ ਦੇ ਮਾਤਾ-ਪਿਤਾ ਤੇ ਪਰਿਵਾਰ ਨੂੰ ਉਸ ਦੇ ਨਾਂ ਨਾਲ ਜਾਣਿਆ ਜਾਵੇ। ਪ੍ਰਸ਼ਾਸਨ ਤੇ ਸਰਕਾਰ ਤੋਂ ਹੱਕ ਤੇ ਰੁਜ਼ਗਾਰ ਦੀ ਫ਼ਰਿਆਦ ਸੁਖਬੀਰ ਸਿੰਘ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਜਾਂ ਸਰਕਾਰ ਉਨ੍ਹਾਂ ਨੂੰ ਕੋਈ ਅਜਿਹੀ ਢੁੱਕਵੀਂ ਨੌਕਰੀ ਦੇਵੇ ਜਿਸ ਨਾਲ ਉਹ ਆਪਣੀ ਪੜ੍ਹਾਈ ਵੀ ਜਾਰੀ ਰੱਖ ਸਕੇ ਤੇ ਪਰਿਵਾਰ ਦਾ ਸਹਾਰਾ ਵੀ ਬਣ ਸਕੇ। ਇਸਦੇ ਨਾਲ ਹੀ ਸੁਖਬੀਰ ਦਾ ਅਪੰਗਤਾ (ਦਿਵਿਆਂਗ) ਸਰਟੀਫਿਕੇਟ ਪਹਿਲਾਂ ਮਹਿਜ਼ 52% ਬਣਿਆ ਹੋਇਆ ਸੀ ਜਦਕਿ ਉਨ੍ਹਾਂ ਦੀ ਸਰੀਰਕ ਹਾਲਤ ਅਨੁਸਾਰ ਇਹ 80% ਬਣਨਾ ਚਾਹੀਦਾ ਹੈ ਜੋ ਕਿ ਉਨ੍ਹਾਂ ਦਾ ਕਾਨੂੰਨੀ ਹੱਕ ਹੈ ਪਰ ਕੁਝ ਦਫ਼ਤਰੀ ਪੇਚੀਦਗੀਆਂ ਤੇ ਸਰਕਾਰੀ ਉਲਝਣਾਂ ਕਰਕੇ ਇਹ ਕੰਮ ਅਜੇ ਤੱਕ ਅਟਕਿਆ ਹੋਇਆ ਹੈ।