ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ’ਚ ‘ਆਪ’ ਰਹੀ ਅਸਫਲ : ਸੁਖਬੀਰ ਬਾਦਲ ਸੁਖਬੀਰ ਬਾਦਲ ਨੇ ਗਿੱਦੜਬਾਹਾ ’ਚ 300 ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ 1000 ਕੁਇੰਟਲ ਕਣਕ ਵੰਡੀ
Publish Date: Mon, 14 Sep 2026 06:35 PM (IST)
Updated Date: Mon, 14 Sep 2026 06:38 PM (IST)
ਦਵਿੰਦਰ ਬਾਘਲਾ, ਪੰਜਾਬੀ ਜਾਗਰਣ ਦੋਦਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਭਲਾਈਆਣਾ ਤੇ ਕੋਟਲੀ ’ਚ ਪਿਛਲੇ ਅਪ੍ਰੈਲ ਦੌਰਾਨ ਹੋਈ ਗੜ੍ਹੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਨਾਲ ਪ੍ਰਭਾਵਤ ਹੋਏ 300 ਤੋਂ ਵੱਧ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ 1000 ਕੁਇੰਅਲ ਕਣਕ ਵੰਡੀ। ਅਕਾਲੀ ਦਲ ਦੇ ਪ੍ਰਧਾਨ ਨੇ ਹਰ ਕਿਸਾਨ ਪਰਿਵਾਰ ਤੇ ਖੇਤ ਮਜ਼ਦੂਰ ਦੇ ਪਰਿਵਾਰ ਨੂੰ ਚਾਰ-ਚਾਰ ਕੁਇੰਟਲ ਕਣਕ ਪ੍ਰਦਾਨ ਕੀਤੀ। ਦੋਵਾਂ ਪਿੰਡਾਂ ’ਚ ਗੜ੍ਹੇਮਾਰੀ ਕਾਰਨ 2000 ਏਕੜ ਤੋਂ ਜ਼ਿਆਦਾ ’ਚ ਕਣਕ ਦੀ ਫਸਲ ਤਬਾਹ ਹੋਈ ਸੀ। ਇਸ ਮੌਕੇ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੀ ਮਦਦ ਵਾਸਤੇ ਕਣਕ ਇਸ ਕਰ ਕੇ ਵੰਡ ਰਿਹਾ ਹੈ ਕਿਉਂਕਿ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਰਕਾਰ ਉਨ੍ਹਾਂ ਨੂੰ ਕੋਈ ਵੀ ਮਦਦ ਪ੍ਰਦਾਨ ਕਰਨ ’ਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਨਾ ਸਿਰਫ ਕਿਸਾਨਾਂ ਨੂੰ ਉਸ ਵੇਲੇ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਜਦੋਂ ਅਪ੍ਰੈਲ ’ਚ ਗੜ੍ਹੇਮਾਰੀ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਸੀ ਬਲਕਿ ਸਰਕਾਰ ਨੇ ਪਿਛਲੇ ਸਾਲ ਆਏ ਹੜ੍ਹਾਂ ਦੌਰਾਨ ਦੋ ਲੱਖ ਏਕੜ ਜ਼ਮੀਨ ’ਚ ਹੋਏ ਝੋਨੇ ਦੇ ਫਸਲੀ ਨੁਕਸਾਨ ਬਦਲੇ ਵੀ ਕੋਈ ਮੁਆਵਜ਼ਾ ਕਿਸਾਨਾਂ ਨੂੰ ਨਹੀਂ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਹਲਕਾ ਗਿੱਦੜਬਾਹਾ ਦੀ ਕਮਾਂਡ ਉਹ ਖੁਦ ਸੰਭਾਲਣਗੇ ਅਤੇ ਸ਼ੋ੍ਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਲਕੇ ਦੀ ਕਾਇਆ ਕਲਪ ਕਰਨ ਦੇ ਨਾਲ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਹ ਵਚਨਬੱਧ ਹਨ। ਬਾਦਲ ਨੇ ਕਿਹਾ ਕਿ ਅੱਜ ਅਕਾਲੀ ਦਲ ਨੇ ਕਣਕ ਵੰਡਣ ਦੀ ਮੁਹਿੰਮ ਦਾ ਅਗਲਾ ਪੜਾਅ ਸ਼ੁਰੂ ਕੀਤਾ ਹੈ ਤੇ ਇਸ ਤੋਂ ਪਹਿਲਾਂ ਲੰਬੀ, ਮਲੋਟ, ਫਤਿਹਗੜ੍ਹ ਸਾਹਿਬ ਦੇ ਨਾਲ-ਨਾਲ ਹੋਰ ਥਾਵਾਂ ’ਤੇ ਕਣਕ ਵੰਡੀ ਜਾ ਚੁੱਕੀ ਹੈ। ਉਨ੍ਹਾਂ ਪਾਰਟੀ ਕੇਡਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਲੋੜਵੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਦੇਣ ਵਾਸਤੇ ਇਹ ਕਣਕ ਇਕੱਠੀ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਇਸ ਮੌਕੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਬਿਜਲੀ ਦੇ ਲੰਬੇ-ਲੰਬੇ ਕੱਟਾਂ ਕਾਰਨ ਉਨ੍ਹਾਂ ਦੀ ਝੋਨੇ ਦੀ ਫਸਲ ਵੀ ਖ਼ਤਰੇ ਹੇਠ ਹੈ। ਉਨ੍ਹਾਂ ਕਿਹਾ ਕਿ ਉਹ ਰੋਜ਼ਾਨਾ 10 ਤੋਂ 12 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਬਾਦਲ ਨੇ ਕਿਹਾ ਕਿ ਅਕਾਲੀ ਦਲ ਸਾਰੇ ਹਾਲਾਤ ਤੋਂ ਜਾਣੂ ਹੈ ਅਤੇ ਉਹ 16 ਸਤੰਬਰ ਨੂੰ ਰੋਸ ਵਿਖਾਵੇ ਕਰ ਕੇ ਸਰਕਾਰ ਨੂੰ ਡੂੰਘੀ ਨੀਂਦ ਤੋਂ ਜਗਾਉਣਾ ਚਾਹੇਗਾ ਤੇ ਉਸਨੂੰ ਦਿਨ ਵੇਲੇ ਕਿਸਾਨਾਂ ਨੂੰ ਲੋੜੀਂਦੀ ਬਿਜਲੀ ਸਪਲਾਈ ਕਰਨ ਵਾਸਤੇ ਮਜਬੂਰ ਕਰੇਗਾ। ਇਸ ਮੌਕੇ ਸੀਨੀਅਰ ਆਗੂ ਨਵਤੇਜ ਸਿੰਘ ਕਾਉਣੀ, ਤੇਜਿੰਦਰ ਸਿੰਘ ਮਿੱਡੂਖੇੜਾ,ਗੁਰਮੀਤ ਸਿੰਘ ਮਾਨ, ਬੀਬੀ ਗੁਰਦਿਆਲ ਕੌਰ ਮੱਲਣ ਤੇ ਗੁਰਵਿੰਦਰ ਕਰ ਵੀ ਅਕਾਲੀ ਦਲ ਪ੍ਰਧਾਨ ਦੇ ਨਾਲ ਸਨ।