- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਈਵੇਟ ਕਰਜ਼ੇ ਤੋਂ ਪੀੜਤ ਵੱਲੋਂ ਖੁਦਕਸ਼ੀ ਦੀ ਕੋਸ਼ਿਸ਼

ਪੰਜਾਬੀ ਜਾਗਰਣ ਟੀਮ. ਮਲੋਟ/ਸ੍ਰੀ ਮੁਕਤਸਰ ਸਾਹਿਬ : ਮਲੋਟ ਹਲਕੇ ਦੇ ਪਿੰਡ ਈਨਾ ਖੇੜਾ ਦੇ ਗੁਰਪ੍ਰੀਤ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਵਪਾਰੀ ਤੇ ਇਕ ਡਾਕਟਰ ਪਾਸੋਂ ਮਈ 2024 ’ਚ 16 ਲੱਖ ਰੁਪਏ ਆਪਣੇ ਲੈਬ ਤੇ ਖੇਤੀਬਾੜੀ ਦੇ ਕੰਮ ਦੇ ਵਾਧੇ ਵਾਸਤੇ ਵਿਆਜ ’ਤੇ ਲਏ ਸਨ। ਇਸ ਰਕਮ ਦੇ ਬਦਲੇ ’ਚ ਉਸਨੇ 8 ਲੱਖ ਰੁਪਏ ਵਿਆਜ ਤੇ 29 ਲੱਖ ਰੁਪਏ ਮੂਲ ਵਾਪਸ ਕਰ ਦਿੱਤਾ ਪਰ ਵਪਾਰੀ ਤੇ ਡਾਕਟਰ ਅਜੇ ਵੀ ਉਸ ਕੋਲੋਂ 25 ਲੱਖ ਰੁਪਏ ਹੋਰ ਮੰਗ ਰਹੇ ਹਨ। ਗੁਰਪ੍ਰੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਕਰਜ਼ੇ ਦੀ ਆੜ ’ਚ ਡਾਕਟਰ ਨੇ ਉੋਸਦੀ ਸੱਸ ਗੁਰਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ ਤੋਂ ਅੱਧਾ ਕਿਲਾ ਜ਼ਮੀਨ ਸਕਿਓਰਿਟੀ ਵਜੋਂ ਆਪਣੇ ਨਾ ਕਰਵਾ ਲਈ। ਇਸਦੇ ਨਾਲ ਹੀ ਉਨ੍ਹਾਂ ਨੇ 11 ਤੋਲੇ ਸੋਨਾ ਵੀ ਸਕਿਓਰਿਟੀ ਵਜੋਂ ਲਿਆ ਸੀ ਪਰ ਹੁਣ ਰਕਮ ਵਸੂਲ ਕਰਨ ’ਤੇ ਇਹ ਸੋਨਾ ਵੀ ਹੜੱਪ ਕਰ ਲਿਆ ਹੈ। ਹੋਰ ਤਾਂ ਹੋਰ ਗੁਰਪ੍ਰੀਤ ਸਿੰਘ ਦੇ ਭਰਾ ਗੁਰਬੀਰ ਸਿੰਘ, ਗੁਰਪ੍ਰੀਤ ਸਿੰਘ ਤੇ ਗੁਰਸਾਹਿਬ ਸਿੰਘ ਦੇ ਸਕਿਓਰਿਟੀ ਵਜੋਂ ਰੱਖੇ ਚੈਕ ਵੀ ਅਦਾਲਤ ’ਚ ਲਾ ਕੇ ਕੇਸ ਕਰ ਦਿੱਤੇ ਹਨ। ਕਰਜ਼ੇ ਦੇ ਇਸ ਚੱਕਰ ’ਚ ਫਸਕੇ ਗੁਰਪ੍ਰੀਤ ਸਿੰਘ ਦਾ ਲੈਬਾਰਟੀ ਦਾ ਕੰਮ ਤੇ ਖੇਤੀਬਾੜੀ ਵੀ ਛੁੱਟ ਗਈ। ਉਤੋਂ ਕੇਸ ਬਣਨੇ ਸ਼ੁਰੂ ਹੋ ਗਏ। ਇਸ ਤੋਂ ਪ੍ਰੇਸ਼ਾਨ ਹੋ ਕੇ ਗੁਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉਪਰ ਆਪਣੀ ਵੀਡੀਓ ਪਾ ਕੇ ਤੇ ਖੁਦਕਸ਼ੀ ਨੋਟ ਲਿਖਕੇ ਜ਼ਹਿਰੀਲੀ ਦਵਾਈ ਪੀ ਲਈ। ਉਸਨੂੰ ਮੁਕਤਸਰ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾ ਗਿਆ ਹੈ, ਜਿਥੇ ਉਹ ਆਈਸੀਯੂ ’ਚ ਹੈ। ਥਾਣਾ ਸਦਰ ਮਲੋਟ ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਲੈ ਲਏ ਹਨ। ਹੁਣ ਗੁਰਪ੍ਰੀਤ ਸਿੰਘ ਦੇ ਬਿਆਨ ਦੇਣ ਦੇ ਕਾਬਲ ਹੋਣ ’ਤੇ ਉਸਦੇ ਬਿਆਨ ਲੈ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।