ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਪ੍ਰਬੁੱਧ ਭਾਰਤ ਫਾਉਂਡੇਸ਼ਨ ਵੱਲੋਂ 17ਵੀਂ ਪ੍ਰਤੀਯੋਗਤਾ ਪ੍ਰੀਖਿਆ ਕਰਵਾਈ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਪ੍ਰਬੁੱਧ ਭਾਰਤ ਫਾਉਂਡੇਸ਼ਨ ਵੱਲੋਂ 17ਵੀਂ ਪ੍ਰਤੀਯੋਗਤਾ ਪ੍ਰੀਖਿਆ ਦਾ ਸਫ਼ਲ ਆਯੋਜਨ
Publish Date: Sun, 30 Aug 2026 03:21 PM (IST)
Updated Date: Sun, 30 Aug 2026 03:22 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਸਥਾਨਕ ਗੋਨਿਆਣਾ ਰੋਡ ’ਤੇ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ‘ਬਾਬਾ ਸਾਹਿਬ ਚੇਤਨਾ ਮਿਸ਼ਨ’ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਬੁੱਧ ਭਾਰਤ ਫਾਊਂਡੇਸ਼ਨ ਵੱਲੋਂ 17ਵੀਂ ਪ੍ਰਤੀਯੋਗਤਾ ਪ੍ਰੀਖਿਆ ਦਾ ਆਯੋਜਨ ਕਰਵਾਇਆ ਗਿਆ। ਇਹ ਪ੍ਰੀਖਿਆ ‘ਡਾ. ਅੰਬੇਡਕਰ ਸੰਘਰਸ਼ ਦੇ ਸਾਥੀ’ ਵਿਸ਼ੇ ਅਧੀਨ ਕਰਵਾਈ ਗਈ, ਜਿਸ ਵਿੱਚ ਸ੍ਰੀ ਮੁਕਤਸਰ ਸਾਹਿਬ ਅਤੇ ਆਸ-ਪਾਸ ਦੇ ਵੱਖ-ਵੱਖ ਸਕੂਲਾਂ-ਕਾਲਜਾਂ ਦੇ ਛੇਵੀਂ ਜਮਾਤ ਤੋਂ ਲੈ ਕੇ ਬੀਏ ਤੱਕ ਦੇ ਲਗਭਗ 60 ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ। ਇਸ ਸਮਾਗਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਬਾਬਾ ਸਾਹਿਬ ਚੇਤਨਾ ਮਿਸ਼ਨ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਪਾਲ ਖਿੱਚੀ ਨੇ ਦੱਸਿਆ ਕਿ ਅਜਿਹੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾਉਣ ਦਾ ਮੁੱਖ ਮਨੋਰਥ ਨਵੀਂ ਪੀੜ੍ਹੀ ਨੂੰ ਡਾ. ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ, ਉਨ੍ਹਾਂ ਦੇ ਜੀਵਨ ਸੰਘਰਸ਼, ਪ੍ਰਾਪਤ ਕੀਤੇ ਹੱਕਾਂ ਅਤੇ ਸਿੱਖਿਆ ਦੇ ਮਹੱਤਵ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ’ਚ ਵਿਦਿਆਰਥੀਆਂ ਦਾ ਆਪਣੇ ਸੰਵਿਧਾਨਕ ਅਧਿਕਾਰਾਂ ਅਤੇ ਨੈਤਿਕ ਕਰਤੱਵਾਂ ਪ੍ਰਤੀ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ, ਤਾਂ ਜੋ ਉਹ ਸਮਾਜ ਵਿੱਚ ਇੱਕ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਵਜੋਂ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਪ੍ਰਤੀਯੋਗਿਤਾ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਤੇ ਅਵੱਲ ਰਹਿਣ ਵਾਲੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਨਕਦ ਇਨਾਮਾਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਫਾਊਂਡੇਸ਼ਨ ਵੱਲੋਂ 10 ਹਜ਼ਾਰ ਰੁਪਏ ਤੋਂ ਲੈ ਕੇ 50 ਹਜ਼ਾਰ ਰੁਪਏ ਤੱਕ ਵਿਸ਼ੇਸ਼ ਇਨਾਮ ਅਤੇ ਪ੍ਰਸ਼ੰਸਾ ਪੱਤਰ ਵੰਡੇ ਜਾਣਗੇ, ਤਾਂ ਜੋ ਬੱਚਿਆਂ ਵਿੱਚ ਪੜ੍ਹਾਈ ਅਤੇ ਸਮਾਜਿਕ ਗਿਆਨ ਪ੍ਰਤੀ ਹੋਰ ਉਤਸ਼ਾਹ ਪੈਦਾ ਹੋ ਸਕੇ। ਇਸ ਮੌਕੇ ਪ੍ਰਧਾਨ ਐਡਵੋਕੇਟ ਨਰਿੰਦਰ ਪਾਲ ਖਿੱਚੀ ਤੋਂ ਇਲਾਵਾ ਮਾਸਟਰ ਸੁਭਾਸ਼ ਚੰਦਰ, ਹੈੱਡ ਮਾਸਟਰ ਪਵਨ ਕੁਮਾਰ, ਮਾਸਟਰ ਸੁਰਿੰਦਰ ਕੁਮਾਰ, ਛਿੰਦਰਪਾਲ,ਮੁਕੇਸ਼ ਕੁਮਾਰ ਗੋਇਲ, ਦਲੀਪ ਸਿੰਘ, ਮਾਸਟਰ ਗੁਰਦੇਵ ਸਿੰਘ, ਮਾਸਟਰ ਬਰਨੇਕ ਸਿੰਘ, ਜਗਦੇਵ ਅਲਾਰਮ, ਦੁਰਗਾ ਦਾਸ ਰਾਠੀ ਸਮੇਤ ਹੋਰ ਅਨੇਕਾਂ ਪਤਵੰਤੇ ਸੱਜਣ ਅਤੇ ਬੱਚਿਆਂ ਦੇ ਮਾਤਾ ਪਿਤਾ ਆਦਿ ਹਾਜ਼ਰ ਸਨ। ਇਸ ਪ੍ਰਤਿਯੋਗਿਤਾ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ। ਸਮਾਗਮ ਦੇ ਅੰਤ ’ਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।