- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਕਾਲਜੀਏਟ ਸੀ.ਸੈ. ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਐਥਲੈਟਿਕਸ ਮੀਟ ’ਚ ਮਾਰੀਆਂ ਮੱਲਾਂ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਗੁਰੂ ਨਾਨਕ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਮੁਕਤਸਰ ਸਾਹਿਬ ਦੇ ਅਥਲੀਟਾਂ ਨੇ 23 ਸਤੰਬਰ ਤੋਂ 26 ਸਤੰਬਰ ਤੱਕ ਗੁਰੂ ਗੋਬਿੰਦ ਸਿੰਘ ਸਟੇਡੀਅਮ, ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਜ਼ੋਨ ਪੱਧਰੀ ਐਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਵੱਖ-ਵੱਖ ਐਥਲੈਟਿਕਸ ਮੁਕਾਬਲਿਆਂ ’ਚ ਵੱਖ ਵੱਖ ਮੁਕਾਬਲਿਆਂ ਵਿੱਚ ਪੁਜ਼ੀਸ਼ਨਾਂ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ।ਵਿਅਕਤੀਗਤ ਮੁਕਾਬਲਿਆਂ ’ਚ ਮਹਿਕਦੀਪ ਕੌਰ ਨੇ 800 ਮੀਟਰ ਦੌੜ ’ਚ ਪਹਿਲਾ ਅਤੇ 200 ਮੀਟਰ ’ਚ ਦੂਜਾ ਸਥਾਨ ਹਾਸਲ ਕੀਤਾ। ਕੋਮਲਪ੍ਰੀਤ ਕੌਰ ਨੇ 400 ਮੀਟਰ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਏਕਮਦੀਪ ਕੌਰ ਨੇ ਡਿਸਕਸ ਥਰੋ ’ਚ ਪਹਿਲਾ ਅਤੇ ਸ਼ਾਟ ਪੁੱਟ ’ਚ ਦੂਜਾ ਸਥਾਨ ਹਾਸਲ ਕੀਤਾ। ਐਸ਼ਮੀਨ ਕੌਰ ਨੇ 100 ਮੀਟਰ ਦੌੜ ਅਤੇ ਲੌਂਗ ਜੰਪ ਦੋਵਾਂ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰਾਜਪ੍ਰੀਤ ਕੌਰ ਨੇ ਡਿਸਕਸ ਥਰੋ ’ਚ ਦੂਜਾ, ਨਸ਼ੀਨ ਕੌਰ ਨੇ 1500 ਮੀਟਰ ਦੌੜ ’ਚ ਦੂਜਾ, ਤ੍ਰਿਸ਼ਨਾ ਨੇ ਲੌਂਗ ਜੰਪ ’ਚ ਤੀਜਾ ਅਤੇ ਗੁਰਸ਼ਰਪਿਤ ਕੌਰ ਨੇ 800 ਮੀਟਰ ਦੌੜ ’ਚ ਤੀਜਾ ਸਥਾਨ ਹਾਸਲ ਕਰਕੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। 100×4/400 ਮੀਟਰ ਰਿਲੇਅ ਰੇਸ ’ਚ ਸਕੂਲ ਦੀਆਂ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਪ੍ਰਿੰਸੀਪਲ ਮੈਡਮ ਡਾ. ਸਰਬਜੀਤ ਕੌਰ ਅਤੇ ਵਧੀਕ ਸਕੱਤਰ ਸ ਮਨਜੀਤ ਸਿੰਘ ਬਰਕੰਦੀ ਨੇ ਸਮੂਹ ਜੇਤੂ ਵਿਦਿਆਰਥਣਾਂ, ਉਨ੍ਹਾਂ ਦੇ ਮਾਪਿਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹੋਰ ਮਿਹਨਤ ਕਰਨ ਅਤੇ ਕਾਲਜੀਏਟ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰਦਿਆਂ ਸ਼ੁਭ ਇੱਛਾਵਾਂ ਦਿੱਤੀਆਂ। ਇਸ ਮੌਕੇ ਲੈਕਚਰਾਰ ਮੈਡਮ ਸੁਰਿੰਦਰ ਕੌਰ ਨੇ ਵਿਦਿਆਰਥਣਾਂ ਦੀਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਨੇ ਭਵਿੱਖ ’ਚ ਵੀ ਵਿਦਿਆਰਥੀਆਂ ਵੱਲੋਂ ਹੋਰ ਵਧੀਆ ਪ੍ਰਦਰਸ਼ਨ ਕਰਨ ਦੀ ਆਸ ਪ੍ਰਗਟ ਕੀਤੀ।