- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਗੰਗਾ ਰਾਮ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ ਚੰਡੀਗੜ੍ਹ ਦਾ ਇਕ ਰੋਜ਼ਾ ਵਿਦਿਅਕ ਟੂਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਬਾਬਾ ਗੰਗਾ ਰਾਮ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਕੁਦਰਤ ਤੇ ਕਲਾ ਨਾਲ ਜੋੜਨ ਦੇ ਮਕਸਦ ਨਾਲ ਚੰਡੀਗੜ੍ਹ ਦਾ ਇਕ ਰੋਜ਼ਾ ਵਿਦਿਅਕ ਟੂਰ ਲਗਾਇਆ ਗਿਆ। ਟੂਰ ਦੀ ਸ਼ੁਰੂਆਤ ਛੱਤਬੀੜ ਚਿੜੀਆਘਰ ਤੋਂ ਹੋਈ, ਜਿੱਥੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਜਾਤੀਆਂ ਦੇ ਜੰਗਲੀ ਜਾਨਵਰਾਂ, ਪੰਛੀਆਂ ਅਤੇ ਰੀਂਗਣ ਵਾਲੇ ਜੀਵਾਂ ਨੂੰ ਦੇਖਿਆ। ਇਸ ਮੌਕੇ ਅਧਿਆਪਕਾਂ ਨੇ ਬੱਚਿਆਂ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਵਾਤਾਵਰਨ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਇਸਤੋਂ ਬਾਅਦ ਵਿਦਿਆਰਥੀਆਂ ਨੇ ਰੌਕ ਗਾਰਡਨ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਨੇਕ ਚੰਦ ਵੱਲੋਂ ਟੁੱਟੀਆਂ ਚੂੜੀਆਂ, ਟਾਈਲਾਂ, ਪੱਥਰਾਂ ਅਤੇ ਹੋਰ ਬੇਕਾਰ ਵਸਤਾਂ ਦੀ ਵਰਤੋਂ ਨਾਲ ਤਿਆਰ ਕੀਤੀਆਂ ਕਲਾਕ੍ਰਿਤੀਆਂ ਨੂੰ ਦੇਖਿਆ। ਇਸ ਨਾਲ ਵਿਦਿਆਰਥੀਆਂ ਨੂੰ ਬੇਕਾਰ ਵਸਤਾਂ ਦੀ ਮੁੜ ਵਰਤੋਂ ਅਤੇ ਰਚਨਾਤਮਕਤਾ ਦੀ ਮਹੱਤਤਾ ਬਾਰੇ ਜਾਣਨ ਦਾ ਮੌਕਾ ਮਿਲਿਆ। ਸ਼ਾਮ ਸਮੇਂ ਵਿਦਿਆਰਥੀਆਂ ਨੇ ਸੁਖਨਾ ਝੀਲ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਸੁੰਦਰ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ। ਇਸ ਮੌਕੇ ਸਕੂਲ ਦੇ ਐੱਮਡੀ ਐੱਮਪੀ ਸੇਠੀ ਨੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਅਜਿਹੇ ਵਿਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।