ਤੇਜ਼ ਹਵਾਵਾਂ ਤੇ ਕਿਣਮਿਣ ਨੇ ਕਿਸਾਨਾਂ ਦੇ ਸਾਹ ਸੂਤੇ
ਤੇਜ਼ ਹਵਾਵਾਂ ਤੇ ਕਿਣਮਿਣ ਨੇ ਕਿਸਾਨਾਂ ਦੇ ਸਾਹ ਸੂਤੇ
Publish Date: Sun, 29 Mar 2026 05:19 PM (IST)
Updated Date: Sun, 29 Mar 2026 05:20 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿਛਲੇ ਵਰ੍ਹੇ ਗੜ੍ਹੇਮਾਰੀ ਦੀ ਮਾਰ ਝੱਲ ਚੁੱਕੇ ਕਿਸਾਨਾਂ ਤੇ ਇੱਕ ਵਾਰ ਫਿਰ ਕੁਦਰਤ ਦੀ ਕਰੋਪੀ ਦਾ ਸਾਇਆ ਮੰਡਰਾ ਰਿਹਾ ਹੈ। ਐਤਵਾਰ ਸਵੇਰੇ ਹੋਈ ਹਲਕੀ ਕਿਣਮਿਣ ਅਤੇ ਉਸਤੋਂ ਬਾਅਦ ਸਾਰਾ ਦਿਨ ਚੱਲੀਆਂ ਤੇਜ਼ ਹਵਾਵਾਂ ਨੇ ਪੱਕਣ ਕਿਨਾਰੇ ਖੜ੍ਹੀ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਖ਼ਾਸ ਕਰਕੇ ਜਿਨ੍ਹਾਂ ਕਿਸਾਨਾਂ ਨੇ ਹਾਲ ਹੀ ਵਿੱਚ ਫ਼ਸਲ ਨੂੰ ਅਖਰੀਲਾ ਪਾਣੀ ਲਾਇਆ ਸੀ, ਉਨ੍ਹਾਂ ਦੀ ਕਣਕ ਤੇਜ਼ ਹਵਾਵਾਂ ਕਾਰਨ ਧਰਤੀ ਤੇ ਵਿੱਛ ਗਈ ਹੈ। ਮੁਕਤਸਰ ਜ਼ਿਲ੍ਹੇ ’ਚ ਐਤਵਾਰ ਸਵੇਰੇ ਕਰੀਬ 5 ਵਜੇ ਤੋਂ ਲੈ ਕੇ 6:30 ਵਜੇ ਤੱਕ ਹੋਈ ਕਿਣਮਿਣ ਤੋਂ ਬਾਅਦ ਸਾਰਾ ਦਿਨ ਚਲੀਆਂ ਤੇਜ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਕਿਸਾਨਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਪੱਕਣ ਕਿਨਾਰੇ ਖੜ੍ਹੀ ਕਣਕ ਹੁਣ ਮੀਂਹ ਦੀ ਮਾਰ ਹੇਠ ਨਾ ਆ ਜਾਵੇ। ‘ਪੰਜਾਬੀ ਜਾਗਰਣ’ ਵੱਲੋਂ ਜਦ ਵੱਖ ਵੱਖ ਕਿਸਾਨਾਂ ਜਸਵੰਤ ਸਿੰਘ ਕੋਟਲੀ ਸੰਘਰ ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਵਿੰਦਰ ਸਿੰਘ ਕੋਟਲੀ ਸੰਘਰ ਜ਼ਿਲ੍ਹਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਜਗਜੀਤ ਸਿੰਘ ਕੋਟਲੀ ਇਕਾਈ ਪ੍ਰਧਾਨ ਭਾਕਿਯੂ ਕਾਦੀਆਂ, ਗੁਰਦਿਆਲ ਸਿੰਘ ਕੋਟਲੀ, ਜੀਤ ਸਿੰਘ ਥਾਂਦੇਵਾਲਾ, ਬਲਵਿੰਦਰ ਸਿੰਘ ਭੁੱਟੀਵਾਲਾ, ਬਚਿੱਤਰ ਸਿੰਘ ਕੋਟਲੀ, ਬਲਵੀਰ ਸਿੰਘ ਕੋਟਲੀ, ਜਤਿੰਦਰ ਸਿੰਘ ਕੋਟਲੀ, ਬਲਰਾਜ ਸਿੰਘ ਕੋਟਲੀ, ਹਰਪ੍ਰੀਤ ਸਿੰਘ ਝਬੇਲਵਾਲੀ ਬਲਜੀਤ ਸਿੰਘ, ਝਬੇਲਵਾਲੀ, ਲੱਖਾ ਸਿੰਘ ਵੜਿੰਗ, ਮਾਸਟਰ ਬਲਵਿੰਦਰ ਸਿੰਘ ਥਾਂਦੇਵਾਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਸਵੇਰੇ ਹੋਈ ਕਿਣਮਿਣ ਤੇ ਤੇਜ ਹਵਾਵਾਂ ਕਾਰਨ ਜਿਨ੍ਹਾਂ ਕਣਕਾਂ ਨੂੰ ਪਾਣੀ ਲੱਗੇ ਹਨ ਉਹ ਧਰਤੀ ’ਤੇ ਵਿੱਛ ਗਈਆਂ ਹਨ, ਜਿਸ ਕਾਰਨ ਕਣਕ ਦਾ ਝਾੜ ਪ੍ਰਤੀ ਏਕੜ ਦੋ ਤੋਂ ਤਿੰਨ ਕੁਇੰਟਲ ਘੱਟ ਨਿਕਲੇਗਾ। ਉਨ੍ਹਾਂ ਕਿਹਾ ਕਿ ਹੁਣ ਕਣਕ ਪੱਕਣ ਕਿਨਾਰੇ ਹੈ ਤੇ ਅਜਿਹੇ ’ਚ ਮੀਂਹ ਤੇ ਤੇਜ ਹਵਾਵਾਂ ਫ਼ਸਲ ਲਈ ਬੇਹੱਦ ਨੁਕਸਾਨਦਾਇਕ ਹੈ। ਮੰਡੀਆਂ ’ਚ ਬਿਜਲੀ, ਪਾਣੀ ਦੇ ਕੀਤੇ ਜਾਣ ਪੁੱਖਤਾ ਪ੍ਰੰਬਧ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਸਕੱਤਰ ਜਸਵੰਤ ਸਿੰਘ ਕੋਟਲੀ ਸੰਘਰ ਕਿਹਾ ਕਿ ਤੇਜ ਹਵਾਵਾਂ ਤੇ ਮੀਂਹ ਫ਼ਸਲਾਂ ਲਈ ਨੁਕਸਾਨਦੇਹ ਹੈ। ਉਨ੍ਹਾਂ ਅੱਗੇ ਕਿਹਾ ਕਿ ਅਪ੍ਰੈਲ ਮਹੀਨੇ ’ਚ ਕਣਕ ਪੱਕ ਜਾਂਦੀ ਹੈ ਤੇ ਆਉਣ ਵਾਲੇ ਦਿਨਾਂ ’ਚ ਕਣਕ ਮੰਡੀਆਂ ’ਚ ਆਉਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀਆਂ ’ਚ ਬਿਜਲੀ, ਪਾਣੀ ਦੇ ਪੁੱਖਤਾ ਪ੍ਰਬੰਧ ਕੀਤੇ ਜਾਣ, ਪਖਾਨਿਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋੜ ਪੈਣ ਤੇ ਲੇਬਰ ਜਾਂ ਕਿਸਾਨ ਨੂੰ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਜਿਆਦਾਤਰ ਫੋਕਲ ਪੁਆਇੰਟਾਂ ’ਤੇ ਸੈੱਡ ਨਹੀਂ ਬਣੇ ਹੋਏ ਜਿਸ ਕਾਰਨ ਮੀਂਹ ਦੇ ਮੌਸਮ ’ਚ ਕਿਸਾਨਾਂ ਦੀ ਫ਼ਸਲ ਮੰਡੀਆਂ ’ਚ ਖੁੱਲੇ ਅਸਮਾਨ ਹੇਠ ਪਈ ਭਿੱਜ ਜਾਂਦੀ ਹੈ ਤੇ ਸਿੱਲ ਕਾਰਨ ਭਾਅ ਲੱਗਣ ’ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ’ਚ ਬਣੇ ਫੋਕਲ ਪੁਆਇੰਟਾਂ ’ਤੇ ਸੈੱਡ ਬਣਾਏ ਜਾਣ। ਇਸਤੋਂ ਇਲਾਵਾ ਫੋਕਲ ਪੁਆਇੰਟਾਂ ’ਤੇ ਪੱਕੇ ਤੌਰ ’ਤੇ ਪਖਾਨੇ ਬਣਾਏ ਜਾਣ, ਸਾਫ਼ ਸਫਾਈ ਲਈ ਪੱਕੇ ਕਰਮਚਾਰੀ ਰੱਖੇ ਜਾਣ। ਉਨ੍ਹਾਂ ਦੱਸਿਆ ਕਿ ਫੋਕਲ ਪੁਆਇੰਟਾਂ ’ਤੇ ਪ੍ਰਸ਼ਾਸਨ ਵੱਲੋਂ ਮੰਡੀਆਂ ’ਚ ਫ਼ਸਲ ਦੀ ਆਮਦ ਸਮੇਂ ਸਿਰਫ ਆਰਜੀ ਪਖਾਨੇ ਬਣਾ ਕੇ ਹੀ ਢੰਗ ਟਪਾਇਆ ਜਾਂਦਾ ਹੈ। ਫ਼ਸਲ ਦਾ ਝਾੜ ਘੱਟ ਨਿਕਲੇਗਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕੋਟਲੀ ਸੰਘਰ ਨੇ ਕਿਹਾ ਕਿ ਤੇਜ ਹਵਾਵਾਂ ਤੇ ਮੀਂਹ ਨਾਲ ਡਿੱਗੀਆਂ ਕਣਕਾਂ ਦਾ ਝਾੜ ਘੱਟ ਨਿਕਲੇਗਾ। ਉਨ੍ਹਾਂ ਕਿਹਾ ਕਿ ਅੱਜ ਸਵੇਰ ਤੋਂ ਹੀ ਤੇਜ ਹਵਾਵਾਂ ਚੱਲ ਰਹੀਆਂ ਹਨ, ਜਿਸ ਕਾਰਨ ਜਿਨ੍ਹਾਂ ਕਣਕਾਂ ਨੂੰ ਪਾਣੀ ਲੱਗੇ ਹਨ ਉਹ ਡਿੱਗ ਜਾਣਗੀਆਂ ਤੇ ਝਾੜ ਪ੍ਰਤੀ ਏਕੜ ਪਿੱਛੇ ਦੋ ਜਾਂ ਤਿੰਨ ਕੁਇੰਟਲ ਘੱਟ ਨਿਕਲੇਗਾ। ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਣਕ ਅਤੇ ਸਰੋਂ ਦੀ ਆਮਦ ਦੇ ਮੱਦੇਨਜ਼ਰ ਮੰਡੀਆਂ ਦੀ ਸਾਫ਼ ਸਫਾਈ ਤੇ ਬਿਜਲੀ, ਪਾਣੀ ਦੇ ਢੁੱਕਵੇਂ ਪ੍ਰਬੰਧ ਕੀਤੇ ਜਾਣ। ਬੇਮੌਸਮੀ ਬਾਰਿਸ਼ ਫ਼ਸਲ ਲਈ ਘਾਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਨੇ ਕਿਹਾ ਕਿ ਬੇਮੌਸਮੀ ਬਾਰਿਸ਼ ਤੇ ਤੇਜ ਹਵਾਵਾਂ ਨਾਲ ਫ਼ਸਲ ਲਈ ਬਹੁਤ ਘਾਤਕ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਪਹਿਲਾਂ ਵੀ ਸਰਹੱਦੀ ਖੇਤਰਾਂ ’ਚ ਆਏ ਹੜਾਂ ਕਾਰਨ ਕਿਸਾਨਾਂ ਦੀਆਂ ਹਾਜ਼ਾਰਾਂ ਏਕੜ ਉਜੜੀਆਂ ਫ਼ਸਲਾਂ ਦਾ ਕੋਈ ਮੁਆਵਜਾ ਨਹੀਂ ਦਿੱਤਾ। ਆਪਣੇ ਰਾਜ ਕਾਲ ਦੇ ਸਾਢੇ ਚਾਰ ਸਾਲ ਬੀਤਣ ਉਪਰੰਤ ਵੀ ਕੀਤੇ ਗਏ ਵਾਅਦੇ ਦੇ ਬਾਵਜੂਦ ਸਰਕਾਰ ਨੇ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਤੇ ਕਿਸਾਨੀ ਨਾਲ ਆਪਣਾ ਜੀਵਨ ਬਸਰ ਕਰਦੇ ਖੇਤ ਮਜ਼ਦੁਰ ਤੇ ਹੋਰਨਾਂ ਵਰਗਾਂ ਦੇ ਹਿੱਸਿਆਂ ਦੀ ਭਲਾਈ ਲਈ ਪੰਜਾਬ ਸਰਕਾਰ ਦੀ ਕੋਈ ਕਿਸਾਨੀ ਨੀਤੀ ਨਹੀਂ ਬਣਾਈ। ਇਸ ਲਈ ਸਮੇਂ-ਸਮੇਂ ਸਿਰ ਪੈਂਦੀਆਂ ਅਜਿਹੀਆਂ ਕੁਦਰਤੀ ਮਾਰਾਂ ਤੋਂ ਕਿਸਾਨੀ ਜਾਂ ਖੇਤੀ ਨੂੰ ਬਚਾਉਣ ਲਈ ਪੱਕੀ ਕਿਸਾਨੀ ਨੀਤੀ ਦੀ ਅਣਸਰਦੀ ਲੋੜ ਹੈ।