ਚਾਇਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ : ਗੁਰਦਾਸ ਗਿਰਧਰ
ਚਾਇਨਾ ਡੋਰ ਵੇਚਣ ਵਾਲਿਆਂ ਖਿਲਾਫ ਹੋਵੇ ਸਖ਼ਤ ਕਾਰਵਾਈ : ਗੁਰਦਾਸ ਗਿਰਧਰ
Publish Date: Wed, 28 Jan 2026 04:16 PM (IST)
Updated Date: Wed, 28 Jan 2026 04:19 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ ਨੇ ਕਿਹਾ ਕਿ ਚਾਇਨਾ ਡੋਰ ਵੇਚਣ ਅਤੇ ਸਟੋਰ ਕਰਨ ਵਾਲਿਆਂ ਖਿਲਾਫ਼ ਸਖਤ ਕਰਵਾਈ ਹੋਵੇ ਤਾਂ ਜੋ ਇਸ ਨਾਲ ਜਾ ਰਹੀਆਂ ਮਨੁੱਖੀ ਤੇ ਪੰਛੀਆਂ ਦੀਆਂ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਇਹ ਡੋਰ ਐਨੀਂ ਜਿਆਦਾ ਖਤਰਨਾਕ ਹੈ ਕਿ ਇਸ ਨਾਲ ਜਿੱਥੇ ਪੰਛੀਆਂ ਤੇ ਜਾਨਵਰਾਂ ਦਾ ਜਾਨੀ ਨੁਕਸਾਨ ਹੁੰਦਾ ਹੈ ਉੱਥੇ ਹੀ ਮਨੁੱਖਾਂ ਦਾ ਵੀ ਜਾਨੀ ਨੁਕਸਾਨ ਹੋ ਰਿਹਾ ਹੈ, ਅਜੇ ਪਿਛਲੇ ਦਿਨੀਂ ਹੀ ਇਕ ਨੌਜਵਾਨ ਦੀ ਚਾਈਨਾ ਡੋਰ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ’ਚ ਸ਼ਰੇਆਮ ਚਾਈਨਾਂ ਡੋਰ ਦੀ ਵਿੱਕਰੀ ਹੋ ਰਹੀ ਹੈ ਪਰ ਪ੍ਰਸ਼ਾਸਨ ਮੁੂਕ ਦਰਸ਼ਕ ਬਣਿਆ ਹੋਇਆ ਹੈ। ਦੁਕਾਨਦਾਰ ਬੇਖੌਫ ਹੋ ਕੇ ਧੜੱਲੇ ਨਾਲ ਚਾਈਨਾਂ ਡੋਰ ਵੇਚ ਰਹੇ ਹਨ। ਇਹ ਚਾਈਨਾਂ ਡੋਰ ਬਾਜ਼ਾਰਾਂ ’ਚ ਕਈ ਵਾਰ ਮੋਟਰਸਾਇਕਲ ਚਾਲਕਾਂ ਦੇ ਗਲ ’ਚ ਫਿਰ ਜਾਂਦੀ ਹੈ ਜਿਸ ਕਾਰਨ ਲੋਕਾਂ ਦਾ ਜਾਨੀ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਚਾਈਨਾਂ ਡੋਰ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਦੁਕਾਨਦਾਰਾਂ ਵੱਲੋਂ ਸਟੋਰ ਕੀਤੀ ਚਾਈਨਾ ਡੋਰ ਜਬਤ ਕਰਕੇ ਇਸਨੂੰ ਨਸ਼ਟ ਕੀਤਾ ਜਾਵੇ ਅਤੇ ਚਾਈਨਾਂ ਡੋਰ ਵਿਕਰੇਤਾਵਾਂ ਨੂੰ ਵੱਡੇ ਜੁਰਮਾਨੇ ਕੀਤੇ ਜਾਣ।