138 ਕਰੋੜ ਦੀ ਪਾਈਪਲਾਈਨ ਯੋਜਨਾ ਲੋਕਾਂ ਲਈ ਬਣੀ ਮੁਸੀਬਤ ਨਾਕਾ ਨੰਬਰ ਛੇ ਦੀਆਂ ਗਲੀਆਂ ਪੁੱਟੀਆਂ, ਪਾਣੀ ਦੀ ਨਿਕਾਸੀ ਠੱਪ
Publish Date: Tue, 28 Jul 2026 05:35 PM (IST)
Updated Date: Tue, 28 Jul 2026 05:37 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ’ਚ ਨਵੀਂ ਸੀਵਰ ਅਤੇ ਵਾਟਰ ਸਪਲਾਈ ਪਾਈਪਲਾਈਨ ਪਾਉਣ ਦੀ ਸ਼ੁਰੂ ਹੋਈ 138 ਕਰੋੜ ਦੀ ਯੋਜਨਾ ਹੁਣ ਰਾਹਤ ਦੀ ਥਾਂ ਪ੍ਰੇਸ਼ਾਨੀ ਬਣ ਗਈ ਹੈ। ਪੂਰਾ ਸ਼ਹਿਰ ਥਾਂ-ਥਾਂ ਤੋਂ ਪੁੱਟਿਆ ਪਿਆ ਹੈ। ਸੜਕਾਂ ਟੁੱਟੀਆਂ ਹਨ, ਗਲੀਆਂ ਖੱਡਿਆਂ ’ਚ ਤਬਦੀਲ ਹਨ ਅਤੇ ਰੋਜ਼ਮਰ੍ਹਾ ਦੀ ਜ਼ਿੰਦਗੀ ਠੱਪ ਹੋ ਚੁੱਕੀ ਹੈ। ਜਿਸ ਤਰੀਕੇ ਨਾਲ ਗਲੀਆਂ, ਸੜਕਾਂ ਪੁੱਟ ਰੱਖੀਆਂ ਹਨ, ਉਸ ਤੋਂ ਹੁਣ ਸ਼ਹਿਰ ਦੇ ਲੋਕ ਵੀ ਤੰਗ ਆ ਗਏ ਹਨ। ਨਾਕਾ ਨੰਬਰ ਛੇ ਅਤੇ ਸੱਤ ਦੇ ਇਲਾਕੇ ਦੀਆਂ ਗਲੀਆਂ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਪੁੱਟੀਆਂ ਪਈਆਂ ਹਨ। ਘਰਾਂ ਤੋਂ ਪਾਣੀ ਦੀ ਨਿਕਾਸੀ ਬੰਦ ਹੈ, ਵਾਟਰ ਸਪਲਾਈ ਠੱਪ ਹੈ ਅਤੇ ਗਲੀਆਂ ’ਚ ਗੰਦਾ ਪਾਣੀ ਜਮ੍ਹਾਂ ਹੋ ਕੇ ਚਿੱਕੜ ਬਣ ਚੁੱਕਾ ਹੈ। ਪੈਦਲ ਚੱਲਣਾ ਔਖਾ ਹੈ, ਵਾਹਨ ਫਸ ਰਹੇ ਹਨ। ਮੰਗਲਵਾਰ ਨੂੰ ਇਸੇ ਦਰਦ ਨੂੰ ਲੈ ਕੇ ਸਥਾਨਕ ਲੋਕ ਸੜਕ ਤੇ ਉੱਤਰ ਆਏ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਕਾਸ ਦੇ ਨਾਂ ਤੇ ਘਰਾਂ ਚ ਕੈਦ ਕਰ ਦਿੱਤਾ ਸਥਾਨਕ ਨਿਵਾਸੀਆਂ ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਅਮਰਜੀਤ ਕੌਰ ਅਤੇ ਜਸਵਿੰਦਰ ਕੌਰ ਸਮੇਤ ਦਰਜਨਾਂ ਲੋਕਾਂ ਦਾ ਕਹਿਣਾ ਹੈ ਕਿ ਪਾਈਪਲਾਈਨ ਤੋਂ ਸੁਵਿਧਾ ਸਾਨੂੰ ਹੀ ਮਿਲਣੀ ਹੈ, ਪਰ ਕੰਮ ਦਾ ਤਰੀਕਾ ਪੂਰੀ ਤਰ੍ਹਾਂ ਗੈਰ-ਯੋਜਨਾਬੱਧ ਹੈ। ਛੇ-ਸੱਤ ਨਾਕਾ ਨੰਬਰ ਵਾਲੇ ਪਾਸੇ 100 ਤੋਂ ਵੱਧ ਘਰ ਅਤੇ ਇਕ ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ। ਇਹੋ ਸੜਕ ਮਲੋਟ ਰੋਡ, ਸ਼ੇਰ ਸਿੰਘ ਚੌਂਕ, ਅਬੋਹਰ ਰੋਡ ਅਤੇ ਘਾਹ ਮੰਡੀ ਚੌਂਕ ਨੂੰ ਆਪਸ ’ਚ ਜੋੜਦੀ ਹੈ। ਇੱਥੇ ਦਿਨ ਭਰ ਭਾਰੀ ਆਵਾਜਾਈ ਰਹਿੰਦੀ ਹੈ। ਲੋਕਾਂ ਦਾ ਦੋਸ਼ ਹੈ ਕਿ ਠੇਕੇਦਾਰ ਨੇ ਪੰਜ ਤੋਂ 10 ਫੁੱਟ ਤੱਕ ਦੇ ਵੱਡੇ-ਵੱਡੇ ਖੱਡੇ ਪੁੱਟ ਕੇ ਉਨ੍ਹਾਂ ਨੂੰ ਇੰਝ ਹੀ ਛੱਡ ਦਿੱਤਾ ਹੈ। ਬਰਸਾਤ ਦਾ ਪਾਣੀ ਉਨ੍ਹਾਂ ’ਚ ਭਰ ਗਿਆ ਹੈ। ਬੱਚੇ ਇਨ੍ਹਾਂ ਹੀ ਗਲੀਆਂ ’ਚ ਖੇਡਦੇ ਹਨ, ਇਸ ਲਈ ਹਰ ਵੇਲੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਦੋ ਮਹੀਨਿਆਂ ਤੋਂ ਘਰਾਂ ’ਚ ਸਾਫ਼ ਪਾਣੀ ਨਹੀਂ ਆ ਰਿਹਾ। ਪੀਣ ਦੇ ਪਾਣੀ ਲਈ ਲੋਕ ਤਰਸ ਗਏ ਹਨ। ਗੁਰਦੁਆਰਾ ਸਾਹਿਬ ਤੱਕ ਨਹੀਂ ਜਾਇਆ ਜਾ ਰਿਹਾ ਕਿਉਂਕਿ ਚਾਰੇ ਪਾਸੇ ਖੁਦਾਈ ਹੀ ਖੁਦਾਈ ਹੈ। ਅਸੀਂ ਅਧਿਕਾਰੀਆਂ ਨੂੰ ਕਈ ਵਾਰ ਦੱਸਿਆ, ਪਰ ਕੋਈ ਸੁਣਵਾਈ ਨਹੀਂ ਹੋਈ। ਪੀੜਤਾਂ ਨੇ ਕਿਹਾ ਕਿ ਜਿੱਥੇ ਪਾਈਪਾਂ ਪੈ ਗਈਆਂ ਹਨ, ਉੱਥੇ ਤੁਰੰਤ ਗਲੀਆਂ ਨੂੰ ਠੀਕ ਕਰਕੇ ਆਵਾਜਾਈ ਬਹਾਲ ਕੀਤੀ ਜਾਵੇ। ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇਗਾ : ਐਕਸੀਅਨ ਸੀਵਰੇਜ ਅਤੇ ਵਾਟਰ ਸਪਲਾਈ ਵਿਭਾਗ ਦੇ ਐਕਸੀਅਨ ਕੇਵਲ ਗਰਗ ਨੇ ਕਿਹਾ ਕਿ ਪਾਈਪਲਾਈਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਪਾਈਪ ਪਾਉਣ ਤੋਂ ਬਾਅਦ ਖੱਡੇ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਮਾਮਲੇ ਦੀ ਜਾਣਕਾਰੀ ਲੈ ਕੇ ਤੁਰੰਤ ਹੱਲ ਕੀਤਾ ਜਾਵੇਗਾ।