- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਕਤਸਰ ਲਾਗਲੇ ਪਿੰਡਾਂ ’ਚ ਤੂਫਾਨ ਤੇ ਗੜਿਆਂ ਨੇ ਮਚਾਇਆ ਕਹਿਰ

-ਝੋਨੇ ਦੀ ਫਸਲ ਖੇਤਾਂ ’ਚ ਵਿਛੀ, ਨਵੀਂ ਫੈਕਟਰੀ ਹੋਈ ਤਬਾਹ, ਕਿਸਾਨ ਦੀ ਮੌਤ
ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਬੁੱਧਵਾਰ ਨੂੰ ਦੇਰ ਰਾਤ ਮੁਕਤਸਰ ਲਾਗਲੇ ਪਿੰਡ ਸਰਾਏਨਾਗਾ, ਮਰਾੜ੍ਹ ਕਲਾਂ, ਵੜਿੰਗ, ਸੱਕਾਂਵਾਲੀ, ਚੱਕ ਕਲਿਆਣ ਆਦਿ ਪਿੰਡਾਂ ’ਚ ਤੂਫਾਨ ਅਤੇ ਗੜ੍ਹਿਆਂ ਨੇ ਭਾਰੀ ਬਰਬਾਦੀ ਕਰ ਦਿੱਤੀ। ਸੈਂਕੜੇ ਏਕੜ ਰਕਬੇ ’ਚ ਝੋਨੇ ਦੀ ਖੜ੍ਹੀ ਫ਼ਸਲ ਖੇਤਾਂ ’ਚ ਵਿਛ ਗਈ ਜਿਸਦੀ ਵਢਾਈ ਸੰਭਵ ਨਹੀਂ। ਇਸੇ ਤਰ੍ਹਾਂ ਪਿੰਡ ਮਰਾੜ੍ਹ ਕਲਾਂ ’ਚ ਕ੍ਰੋੜਾਂ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਝੋਨੇ ਦੀ ਪਰਾਲੀ ਤੋਂ ਵਰਤੋਂ ਯੋਗ ਵਸਤਾਂ ਬਣਾਉਣ ਵਾਲੀ ‘ਗਰੀਨ ਗੋਲਡ ਬਾਇਓਮਾਸ’ ਫੈਕਟਰੀ ਤਬਾਹ ਹੋ ਗਈ। ਸੜਕਾਂ ਉਪਰ ਦਰੱਖਤ ਡਿੱਗ ਗਏ। ਇਨ੍ਹਾਂ ਦਰੱਖਤਾਂ ਦੀ ਵਜ੍ਹਾ ਕਰਕੇ ਕਈ ਵਹੀਕਲ ਨੁਕਸਾਨੇ ਗਏ। ਬਿਜਲੀ ਦੇ ਖੰਭੇ ਉਖੜ ਗਏ। ਦਰੱਖਤ ਤਾਰਾਂ ਉਪਰ ਡਿੱਗ ਗਏ। ਪਸ਼ੂਆਂ ਦੇ ਵਾੜੇ ਉਡ ਗਏ। ਪਿੰਡ ਚੱਕ ਕਲਿਆਣ ਦਾ ਇਕ ਕਿਸਾਨ ਪਸ਼ੂਆਂ ਦੇ ਵਾੜੇ ਵਿੱਚੋਂ ਪਸ਼ੂ ਬਾਹਰ ਕੱਢਣ ਲੱਗਿਆ ਤਾਂ ਵਾੜੇ ਦਾ ਸ਼ੈੱਡ ਉਸ ਉਪਰ ਡਿੱਗ ਗਿਆ ਤੇ ਉਹ ਥਾਂ ’ਤੇ ਹੀ ਮਾਰਿਆ ਗਿਆ। ਗਰੀਬ ਦੇ ਘਰਾਂ ਢਹਿ ਗਏ। ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਨੁਕਸਾਨ ਦੀ ਪੂਰਤੀ ਲਈ ਫੌਰੀ ਕਾਰਵਾਈ ਕਰੇ।
-ਖੇਤਾਂ ’ਚ ਖੜ੍ਹਾ ਸਾਰਾ ਝੋਨਾ ਹੋਇਆ ਬਰਬਾਦ
ਪਿੰਡ ਮਰਾੜ੍ਹ ਕਲਾਂ ਦੇ ਕਿਸਾਨ ਆਗੂ ਰਾਜਬਲਵਿੰਦਰ ਸਿੰਘ ਮਰਾੜ੍ਹ ਤੇ ਕਿਸਾਨ ਸਾਹਿਬ ਸਿੰਘ ਨੇ ਦੱਸਿਆ ਕਿ ਇਸ ਖੇਤਰ ’ਚ ਅਜੇ 90 ਪ੍ਰਤੀਸ਼ਤ ਝੋਨੇ ਦੀ ਵਢਾਈ ਨਹੀਂ ਹੋਈ। ਇਹ ਝੋਨਾ ਇਕ ਹਫਤੇ ਦੇ ਅੰਦਰ ਵੱਢਿਆ ਜਾਣਾ ਸੀ। ਪਰ ਬੀਤੀ ਰਾਤ ਆਏ ਝਖੇੜੇ ਨੇ ਖੇਤਾਂ ’ਚ ਖੜ੍ਹਾ ਸਾਰਾ ਝੋਨਾ ਜੜਾਂ ਤੋਂ ਸਿੱਟ ਦਿੱਤਾ ਜਿਸ ਕਰਕੇ ਇਸਦੀ ਵਢਾਈ ਵੀ ਨਹੀਂ ਹੋਣੀ ਤੇ ਜਿੰਨ੍ਹੀ ਕੁ ਵਢਾਈ ਹੋਵੇਗੀ, ਉਸਦੀ ਕੁਆਲਟੀ ਮਾੜੀ ਹੋਣ ਕਰ ਕੇ ਵੇਚੀ ਨਹੀਂ ਜਾਣੀ। ਉਨ੍ਹਾਂ ਦੱਸਿਆ ਕਿ ਛੇ ਮਹੀਨਿਆਂ ’ਚ ਪਾਇਆ ਮੁਆਵਜ਼ਾ ਇਕ ਰਾਤ ’ਚ ਹੀ ਬਰਬਾਦ ਹੋ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਸਲ ਦੇ ਖਰਾਬੇ ਦੀ ਗਿਰਦਾਵਰੀ ਕਰਵਾ ਕੇ ਇਸਦਾ ਮੁਆਵਜ਼ਾ ਦਿੱਤੇ ਜਾਣ ਦਾ ਹੁਕਮ ਜਾਰੀ ਕੀਤਾ ਜਾਵੇ।
-ਕੈਨੇਡਾ ਤੋਂ ਪਰਤੇ ਨੌਜਵਾਨ ਦੀ ਕਰੋੜਾਂ ਦੀ ਫੈਕਟਰੀ ਹੋਈ ਬਰਬਾਦ
ਮੁਕਤਸਰ ਲਾਗਲੇ ਪਿੰਡ ਮਰਾੜ੍ਹ ਕਲਾਂ ਵਿਖੇ 9 ਵਰ੍ਹਿਆਂ ਦੀ ਕਮਾਈ ਕਰ ਕੇ ਕੈਨੇਡਾ ਤੋਂ ਵਰਤੇ ਨੌਜਵਾਨ ਜਗਮੋਹਨ ਸਿੰਘ ਨੇ ਆਪਣੀ ਸਾਰੀ ਪੂੰਜੀ ਤੇ ਹੋਰ ਕਰਜ਼ਾ ਲੈ ਕੇ ‘ਗਰੀਨ ਗੋਲਡ ਬਾਇਓਮਾਸ’ ਫੈਕਟਰੀ ਲਾਈ ਸੀ। ਇਸ ਫੈਕਟਰੀ ’ਚ ਝੋਨੇ ਦੀ ਪਰਾਲੀ ਤੋਂ ਵਰਤੋਂ ਯੋਗ ਵਸਤਾਂ ਬਣਾਈਆਂ ਜਾਣੀਆਂ ਸਨ। ਇਹ ਫੈਕਟਰੀ ਦੋ ਸਾਲਾਂ ਤੋਂ ਬਣ ਰਹੀ ਸੀ ਤੇ ਕੁੱਝ ਦਿਨਾਂ ਤੱਕ ਚਾਲੂ ਹੋ ਜਾਣੀ ਸੀ। ਪਰ 14 ਅਕਤੂਬਰ ਦੀ ਰਾਤ ਨੂੰ ਆਏ ਤੇਜ਼ ਤੂਫਾਨ ਨੇ ਫੈਕਟਰੀ ਤਾਸ਼ ਦੇ ਪੱਤਿਆਂ ਵਾਂਗ ਉਡਾ ਦਿੱਤੀ। ਜਗਮੋਹਨ ਸਿੰਘ ਨੇ ਡਾਢੇ ਦੁਖੀ ਮਨ ਨਾਲ ਦੱਸਿਆ ਕਿ ਉਹ 9 ਸਾਲ ਲਾ ਕੇ ਕੈਨੇਡਾ ਤੋਂ ਪੰਜਾਬ ’ਚ ਪੱਕੇ ਤੌਰ ’ਤੇ ਰਹਿਣ ਅਤੇ ਕਾਰੋਬਾਰ ਕਰਨ ਵਾਸਤੇ ਆਇਆ ਸੀ। ਕ੍ਰੋੜਾਂ ਰੁਪਏ ਖਰਚ ਕਰਕੇ ਇਹ ਫੈਕਟਰੀ ਲਾਈ ਸੀ ਪਰ ਇਕ ਰਾਤ ’ਚ ਉਸਦੇ ਸਾਰੇ ਸੁਪਨੇ ਢੇਰੀ ਹੋ ਗਏ ਤੇ ਅੱਗੋਂ ਭਵਿੱਖ ਵੀ ਧੁੰਦਲਾ ਹੋ ਗਿਆ। ਅਗਾਂਹ ਵਧੂ ਕਿਸਾਨ ਸੁਖਬੀਰ ਸਿੰਘ ਮਰਾੜ੍ਹ ਤੇ ਰਾਜਬਲਵਿੰਦਰ ਸਿੰਘ ਹੋਰਾਂ ਨੇ ਵੀ ਦੱਸਿਆ ਕਿ ਜਗਮੋਹਨ ਸਿੰਘ ਨੌਜਵਾਨਾਂ ਤੇ ਪ੍ਰਵਾਸੀਆਂ ਲਈ ਰੋਲ ਮਾਡਲ ਸੀ। ਪਰ ਹੁਣ ਉਹ ਸਗੋਂ ਭਾਰੀ ਸੰਕਟ ਵਿੱਚ ਘਿਰ ਗਿਆ ਹੈ ਇਸ ਲਈ ਸਰਕਾਰ ਨੂੰ ਕੁਦਰਤੀ ਆਫਤ ਮੰਨਦੇ ਹੋਏ ਉਸਦਾ ਕਰਜ਼ਾ ਮੁਆਫੀ ਤੇ ਹੋਰ ਲਾਭ ਦੇਣੇ ਚਾਹੀਦੇ ਹਨ ਤਾਂ ਜੋ ਉਹ ਆਪਣੀ ਫੈਕਟਰੀ ਚਾਲੂ ਕਰ ਸਕੇ।
-
ਝਖੇੜੇ ਕਾਰਨ ਸੜਕਾਂ ’ਤੇ ਰੁੱਖ ਡਿੱਗੇ, ਆਵਾਜਾਈ ਪ੍ਰਭਾਵਿਤ
ਸੜਕਾਂ ਉਪਰ ਵੱਡੇ ਰੁੱਖਾਂ ਕਰ ਕੇ ਸੜਕਾਂ ਉਪਰ ਆਵਾਜਾਈ ਠੱਪ ਹੋ ਗਈ। ਕਈ ਵਾਹਨ ਤਾਂ ਰੁੱਖਾਂ ਦੀ ਚਪੇਟ ’ਚ ਆ ਕੇ ਨੁਕਸਾਨੇ ਵੀ ਗਏ। ਇਕ ਟਰੱਕ ਰੁੱਖਾਂ ਤੋਂ ਬਚਦਾ ਹੋਇਆ ਖੇਤਾਂ ’ਚ ਪਲਟ ਗਿਆ। ਰਾਜਸਥਾਨ ਤੋਂ ਆਏ ਟਰੱਕ ਚਾਲਕ ਨੇ ਦੱਸਿਆ ਕਿ ਰਾਤ ਕਰੀਬ ਡੇਢ ਵਜੇ ਤੇਜ਼ ਹਨੇਰੀ ਨਾਲ ਸੈਂਕੜੇ ਦਰੱਖਤ ਸੜਕ ਉਪਰ ਝੂਲ ਰਹੇ ਸਨ, ਜਿਸ ਕਰ ਕੇ ਉਹ ਸੁਰੱਖਿਅਤ ਜਗ੍ਹਾ ਦੀ ਭਾਲ ’ਚ ਹੌਲੀ-ਹੌਲੀ ਜਾ ਰਿਹਾ ਸੀ ਕਿ ਇਕ ਦਰੱਖਤ ਟਰੱਕ ਉਪਰ ਡਿੱਗ ਗਿਆ ਤੇ ਉਸਦੀ ਮਾਰ ਨਾਲ ਦਰੱਖਤ ਖੇਤਾਂ ਵਲ ਪਲਟ ਗਿਆ।