ਪ੍ਰਿੰਸੀਪਲਾਂ ਦੀਆਂ ਤਰੱਕੀਆਂ 'ਤੇ ਜਾਰੀ ਸਟੇਅ ਟੁੱਟੀ ਤਰੱਕੀਆਂ ਦਾ ਰਾਹ ਖੁੱਲਿਆ ਪ੍ਰਿੰਸੀਪਲਾਂ ਦੀਆਂ ਤਰੱਕੀਆਂ 'ਤੇ ਜਾਰੀ ਸਟੇਅ ਟੁੱਟੀ ਤਰੱਕੀਆਂ ਦਾ ਰਾਹ ਖੁੱਲਿਆ
Publish Date: Mon, 06 Jul 2026 06:51 PM (IST)
Updated Date: Mon, 06 Jul 2026 06:54 PM (IST)
ਪੱਤਰ ਪ੍ਰੇਰਕ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਿੱਖਿਆ ਵਿਭਾਗ ਵਿਚਲੇ ਪਗਡੰਡੀਆਂ ਰਾਹੀਂ ਮੰਜ਼ਲ ’ਤੇ ਪਹੁੰਚਣ ਦੇ ਚਾਹਵਾਨ ਲੋਕਾਂ ਵੱਲੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ’ਚ ਜਾਣ ਬੁੱਝ ਕੇ ਅਟਕਾਏ ਰੋੜਿਆਂ ਨੂੰ ਪੂਰਨ ਤੌਰ ਤੇ ਪਾਸੇ ਕਰਦੇ ਹੋਏ ਹਾਈ ਕੋਰਟ ਨੇ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਲਈ ਰਾਹ ਪੱਧਰਾ ਕਰ ਦਿੱਤਾ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਲਈ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਲੰਬੇ ਸਮੇਂ ਤੋ ਜਥੇਬੰਦਕ ਤੇ ਕਾਨੂੰਨੀ ਲੜਾਈ ਲੜ ਰਿਹਾ ਸੀ। ਇਸ ਤੋਂ ਪਹਿਲਾਂ ਪ੍ਰਿੰਸੀਪਲਾਂ, ਹੈਡਮਾਸਟਰਾਂ, ਬੀਪੀਏਓਜ਼ ਦੀਆਂ ਤਰੱਕੀਆਂ ’ਚ ਪ੍ਰੋਮੋਸ਼ਨ ਕੋਟਾ 75:25 ਕਰਵਾਉਣ ਲਈ ਜਥੇਬੰਦੀ ਵੱਲੋਂ ਲੰਬੀ ਲੜਾਈ ਲੜੀ ਗਈ ਤੇ ਪ੍ਰੋਮੋਸ਼ਨ ਕੋਟਾ 75% ਕਰਵਾਇਆ ਗਿਆ ਜਿਸ ਨਾਲ ਸੀਨੀਅਰ ਲੈਕਚਰਾਰਾਂ, ਮਾਸਟਰ ਕਾਡਰ ਅਧਿਆਪਕਾਂ ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ’ਚ ਆਈ ਖੜੋਤ ਟੁੱਟਣ ਦੀ ਆਸ ਬੱਝੀ ਸੀ ਪਰ ਕੁਛ ਸ਼ਾਰਟ ਕੱਟ ਮਾਰਨ ਦੇ ਦੋਖੀ ਲੋਕਾਂ ਨੇ ਫਿਰ ਤੋ ਹਾਈ ਕੋਰਟ ’ਚ ਜਾ ਕੇ ਤਰੱਕੀਆਂ ਉੱਪਰ ਸਟੇਅ ਕਰਵਾ ਦਿੱਤੀ ਜਿਥੇ ਜਥੇਬੰਦੀ ਲਗਾਤਾਰ ਕਰੜੇ ਸੰਘਰਸ਼ ਨਾਲ ਇਸ ਮੁੱਦੇ ਤੇ ਦਬਾਅ ਬਣਾ ਰਹੀ ਸੀ ਓਥੇ ਜਥੇਬੰਦੀ ਦੇ ਸਾਥੀਆਂ ਹਰਵਿੰਦਰ ਸਿੰਘ ਫਤਹਿਗੜ ਸਾਹਿਬ ਤੇ ਕੁਲਵਿੰਦਰ ਸਿੰਘ ਬਠਿੰਡਾ ਦੀ ਲਗਾਤਾਰ ਲੜੀ ਕਾਨੂੰਨੀ ਲੜਾਈ ਨਾਲ ਅੱਜ ਹਾਈ ਕੋਰਟ ਨੇ ਤਰੱਕੀਆਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ, ਜ਼ਿਲ੍ਹਾ ਸਕੱਤਰ ਜੀਵਨ ਸਿੰਘ ਬਧਾਈ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਸੇਤੀਆ ਮੀਤ ਪ੍ਰਧਾਨ, ਪਰਮਿੰਦਰ ਖੋਖਰ ਤੇ ਜ਼ਿਲ੍ਹਾ ਵਿੱਤ ਸਕੱਤਰ ਨੀਰਜ਼ ਬਜਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸੈਕੰਡਰੀ ਸਕੂਲਾਂ ’ਚ ਲਗਭਗ 65-70% ਪ੍ਰਿੰਸੀਪਲਾਂ ਦੀਆਂ ਜ਼ਿਲ੍ਹਾ ਵਾਈਜ ਖਾਲੀ ਪਈਆਂ ਅਸਾਮੀਆਂ ਦਾ ਮੁੱਦਾ ਜੱਥੇਬੰਦੀ ਵੱਲੋਂ ਪ੍ਰੈੱਸ ’ਚ ਪ੍ਰਮੁੱਖਤਾ ਨਾਲ ਉਠਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਕੂਲ ਵੱਡੇ ਪੱਧਰ ਤੇ ਖਾਲੀ ਹੋਣ ਕਰਕੇ ਸਿੱਖਿਆ ਦਾ ਤਾਣਾ ਬਾਣਾ ਬੁਰੀ ਤਰਾਂ ਉਲਝਿਆ ਗਿਆ ਹੈ। ਆਗੂਆਂ ਨੇ ਸਿੱਖਿਆ ਵਿਭਾਗ ਤੋ ਜ਼ੋਰਦਾਰ ਮੰਗ ਕੀਤੀ ਕਿ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਤਾਂ ਜੋ ਬਿਨਾਂ ਪ੍ਰਿੰਸੀਪਲਾਂ ਤੋ ਚੱਲ ਰਹੇ ਸਕੂਲਾਂ ਨੂੰ ਸਥਾਈ ਪ੍ਰਿੰਸੀਪਲ ਮਿਲ ਸਕਣ। ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਹਰ ਤਰ੍ਹਾਂ ਦੀਆਂ ਵਿਭਾਗੀ ਤਰੱਕੀਆਂ ਤੁਰੰਤ ਕਰਕੇ ਦਰਜ਼ਾ ਬ- ਦਰਜਾ ਪ੍ਰਾਇਮਰੀ ਤੋਂ ਮਾਸਟਰ ਕਾਡਰ ਮਾਸਟਰ ਤੋਂ ਲੈਕਚਰਾਰ ਤੇ ਹੈਡਮਾਸਟਰ, ਸੀਐੱਚਟੀ ਤੋਂ ਬੀਪੀਈਓ, ਪ੍ਰਾਇਮਰੀ ਤੇ ਸੀਐਂਡਵੀ ਤੇ ਨਾਨ ਟੀਚਿੰਗ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਵੀ ਤੁਰੰਤ ਕੀਤੀਆਂ ਜਾਣ। ਆਗੂਆਂ ਨੇ ਮੰਗ ਕੀਤੀ ਕਿ ਸਾਰੇ ਕਾਡਰਾਂ ਦੀਆਂ ਖਾਲੀ ਪਈਆਂ ਸਿੱਧੀ ਭਰਤੀ ਕੋਟੇ ਦੀਆਂ ਅਸਾਮੀਆਂ ਦਾ ਤੁਰੰਤ ਇਸ਼ਤਿਹਾਰ ਦੇ ਕੇ ਭਰਤੀ ਕੀਤੀ ਜਾਵੇ ਤਾਂ ਜੋ ਸਕੂਲਾਂ ’ਚ ਸਟਾਫ ਪੂਰਾ ਹੋ ਸਕੇ। ਇਸ ਸਮੇਂ ਚਰਨਜੀਤ ਸਿੰਘ ਅਟਵਾਲ, ਗੁਰਪ੍ਰੀਤ ਲੰਬੀ, ਕੁਲਦੀਪ ਸ਼ਰਮਾ ਖੁੱਡੀਆਂ, ਗੁਰਵਰਿਆਮ ਸਰਾਵਾਂ, ਕੁਲਵਿੰਦਰ ਅਕਾਲਗੜ੍ਹ, ਸੁਖਜੀਤ ਥਾਂਦੇਵਾਲਾ ਰਵਿੰਦਰ ਰਵੀ, ਰਵੀ ਸ਼ਰਮਾ, ਰਵਿੰਦਰ ਦੀਪ ਗੁਲਾਬੇ ਵਾਲਾ ਸਮੇਤ ਵੱਡੀ ਗਿਣਤੀ ’ਚ ਅਧਿਆਪਕ ਆਗੂ ਹਾਜ਼ਰ ਸਨ।