ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਥਾਣਾ ਸਿਟੀ ਦੀ ਅਚਨਚੇਤ ਚੈਕਿੰਗ
Publish Date: Thu, 24 Sep 2026 06:28 PM (IST)
Updated Date: Fri, 25 Sep 2026 04:09 AM (IST)
-ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਜ਼ਰੂਰੀ ਹਦਾਇਤਾਂ ਪੰਜਾਬੀ ਜਾਗਰਣ, ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਮੁਖੀ ਅਭਿਮੰਨਿਊ ਰਾਣਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ’ਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਪੁਲਿਸ-ਪਬਲਿਕ ਤਾਲਮੇਲ ਵਧਾਉਣ ਲਈ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਐਸਐਸਪੀ ਨੇ ਮਾਲਖਾਨਾ, ਅਸਲਾ ਰਿਕਾਰਡ, ਡਾਕ ਰਜਿਸਟਰ, ਰੋਜ਼ਨਾਮਚਾ, ਸੀਸੀਟੀਵੀ ਕੈਮਰੇ ਅਤੇ ਥਾਣੇ ਦੀ ਬਿਲਡਿੰਗ ਦਾ ਜਾਇਜ਼ਾ ਲਿਆ। ਉਨ੍ਹਾਂ ਸਫ਼ਾਈ, ਅਨੁਸ਼ਾਸਨ ਅਤੇ ਰਿਕਾਰਡ ਨੂੰ ਸਮੇਂ ਸਿਰ ਅਪਡੇਟ ਰੱਖਣ ਦੇ ਹੁਕਮ ਦਿੱਤੇ। ਇਸਤੋਂ ਇਲਾਵਾ ਉਨ੍ਹਾਂ ਥਾਣੇ ਆਏ ਆਮ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਮਾਮਲਿਆਂ ਦੇ ਤੁਰੰਤ ਨਿਪਟਾਰੇ ਦੇ ਨਿਰਦੇਸ਼ ਦਿੱਤੇ। ਸਟਾਫ਼ ਨਾਲ ਮੀਟਿੰਗ ਕਰਦਿਆਂ ਐਸਐਸਪੀ ਨੇ ਮੁਲਾਜ਼ਮਾਂ ਨੂੰ ਇਮਾਨਦਾਰੀ ਨਾਲ ਡਿਊਟੀ ਨਿਭਾਉਣ, ਲੋਕਾਂ ਨਾਲ ਨਰਮ ਤੇ ਸਨਮਾਨਪੂਰਵਕ ਵਿਵਹਾਰ ਕਰਨ ਅਤੇ ਤਫ਼ਤੀਸ਼ ਅਧੀਨ ਮਾਮਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ’ਚ ਗਸ਼ਤ ਅਤੇ ਨਾਕਾਬੰਦੀ ਲਗਾਤਾਰ ਜਾਰੀ ਰਹੇਗੀ ਅਤੇ ਕਾਨੂੰਨ ਤੋੜਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਪੀ (ਡੀ) ਅਸ਼ੋਕ ਮੀਨਾ, ਡੀਐੱਸਪੀ ਬਚਨ ਸਿੰਘ ਅਤੇ ਥਾਣਾ ਮੁੱਖ ਅਫ਼ਸਰ ਇੰਸਪੈਕਟਰ ਰਵਿੰਦਰ ਕੌਰ ਵੀ ਹਾਜ਼ਰ ਸਨ। ਐੱਸਐੱਸਪੀ ਨੇ ਆਮ ਜਨਤਾ ਨੂੰ ਨਸ਼ਿਆਂ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਦੱਸਿਆ ਕਿ ਕਿਸੇ ਵੀ ਅਪਰਾਧਿਕ ਜਾਣਕਾਰੀ ਲਈ ਹੈਲਪਲਾਈਨ ਨੰਬਰ 80549-42100 ਤੇ ਸੰਪਰਕ ਕੀਤਾ ਜਾ ਸਕਦਾ ਹੈ, ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।