- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰੂਦ ਦੇ ਢੇਰ ’ਤੇ ਬੈਠਾ ਸ੍ਰੀ ਮੁਕਤਸਰ ਸਾਹਿਬ, ਲੋਕਾਂ ਦੀ ਜਾਨ ਨਾਲ ਕੀਤਾ ਜਾ ਰਿਹੈ ਖਿਲਵਾੜ

ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਵਿਖੇ ਪਟਾਕਿਆਂ ਦੀ ਅਣਅਧਿਕਾਰਤ ਵਿਕਰੀ ਅਤੇ ਭੰਡਾਰਨ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਤਾਂ ਜਾਰੀ ਕਰ ਦਿੱਤੇ ਗਏ ਹਨ, ਪਰ ਇਨ੍ਹਾਂ ’ਤੇ ਅਮਲ ਕਰਵਾਉਣ ਲਈ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ। ਸ਼ਹਿਰ ਦੇ ਬਾਜ਼ਾਰਾਂ ’ਚ ਸੈਂਕੜਿਆਂ ਦੀ ਗਿਣਤੀ ’ਚ ਪਟਾਕਿਆਂ ਦੇ ਸਟਾਲ ਲੱਗ ਚੁੱਕੇ ਹਨ। ਅਜਿਹੇ ’ਚ ਭੀੜਭਾੜ ਵਾਲੇ ਬਾਜ਼ਾਰਾਂ ’ਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਪ੍ਰਸ਼ਾਸਨ ਦੀ ਕਥਿਤ ਢਿੱਲੀ ਕਾਰਗੁਜਾਰੀ ਕਾਰਨ ਸ਼ਹਿਰ ਕਿਸੇ ਵੱਡੇ ਹਾਦਸੇ ਦੇ ਖ਼ਤਰੇ ਹੇਠ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕਿਆਂ ਦੀ ਵਿਕਰੀ ਲਈ ਨਿਰਧਾਰਿਤ ਜਗ੍ਹਾ ਤੈਅ ਕਰਨ ਦੇ ਨਾਲ ਹੀ 7, 8 ਅਤੇ 9 ਨਵੰਬਰ ਦੀਆਂ ਤਾਰੀਖ਼ਾਂ ਤੈਅ ਕੀਤੀਆਂ ਹਨ। ਇਸਦੇ ਬਾਵਜੂਦ ਸ਼ਹਿਰ ਦੇ ਬਾਜ਼ਾਰਾਂ ’ਚ ਤੈਅ ਸਮੇਂ ਤੋਂ ਪਹਿਲਾਂ ਹੀ ਪਟਾਕਿਆਂ ਦੀ ਵਿਕਰੀ ਸ਼ੁਰੂ ਹੋ ਗਈ ਹੈ। ਕਈ ਦੁਕਾਨਦਾਰ ਨਿਰਧਾਰਿਤ ਥਾਵਾਂ ਦੀ ਬਜਾਏ ਬਾਜ਼ਾਰਾਂ ਅਤੇ ਦੁਕਾਨਾਂ ਦੇ ਬਾਹਰ ਸਟਾਲ ਲਗਾ ਕੇ ਪਟਾਕੇ ਵੇਚ ਰਹੇ ਹਨ। ਰੇਲਵੇ ਰੋਡ ’ਤੇ ਰਿਹਾਇਸ਼ੀ ਇਲਾਕੇ ਨੇੜੇ ਵੱਡੀ ਪੱਧਰ ’ਤੇ ਧਮਾਕੇਖ਼ੇਜ਼ ਸਮੱਗਰੀ ਦੇ ਭਰੇ ਭੰਡਾਰ ਲੋਕਾਂ ਦੀ ਜਾਨ ਲੈ ਸਕਦੇ ਹਨ। ਇਸਦੇ ਬਾਵਜੂਦ ਪੁਲਿਸ ਅਤੇ ਸਬੰਧਤ ਵਿਭਾਗਾਂ ਵੱਲੋਂ ਇਨ੍ਹਾਂ ’ਤੇ ਰੋਕ ਲਗਾਉਣ ਲਈ ਕੋਈ ਅਸਰਦਾਰ ਕਾਰਵਾਈ ਦਿਖਾਈ ਨਹੀਂ ਦੇ ਰਹੀ। ਸਭ ਤੋਂ ਵੱਧ ਚਿੰਤਾ ਸ਼ਹਿਰ ਦੇ ਤੰਗ ਅਤੇ ਭੀੜਭਾੜ ਵਾਲੇ ਬਾਜ਼ਾਰਾਂ ਨੂੰ ਲੈ ਕੇ ਹੈ। ਇੱਥੇ ਦਿਨ ਭਰ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਅਜਿਹੇ ’ਚ ਪਟਾਕਿਆਂ ਦਾ ਭੰਡਾਰਨ ਅਤੇ ਵਿਕਰੀ ਅੱਗ ਲੱਗਣ ਦੀ ਘਟਨਾ ਦਾ ਕਾਰਨ ਬਣ ਸਕਦੀ ਹੈ। ਜੇਕਰ ਕਿਸੇ ਦੁਕਾਨ ਜਾਂ ਸਟਾਲ ਵਿੱਚ ਅੱਗ ਲੱਗਦੀ ਹੈ ਤਾਂ ਭੀੜੀਆਂ ਗਲੀਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਪਹੁੰਚਣ ’ਚ ਵੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਨਾਲ ਅੱਗ ’ਤੇ ਕਾਬੂ ਪਾਉਣ ’ਚ ਦੇਰੀ ਅਤੇ ਜਾਨ-ਮਾਲ ਦੇ ਨੁਕਸਾਨ ਦਾ ਖ਼ਤਰਾ ਵਧ ਸਕਦਾ ਹੈ। ਸਮਾਜ ਸੇਵੀ ਜਗਦੀਸ਼ ਰਾਏ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਵਿਕਰੀ ਲਈ ਥਾਂ ਅਤੇ ਤਾਰੀਖ਼ਾਂ ਤੈਅ ਕਰਨ ਦੇ ਬਾਵਜੂਦ ਬਾਜ਼ਾਰਾਂ ’ਚ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਤੰਗ ਬਾਜ਼ਾਰਾਂ ’ਚ ਪਟਾਕਿਆਂ ਦੀ ਵਿਕਰੀ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਕਿਸੇ ਹਾਦਸੇ ਤੋਂ ਬਾਅਦ ਕਾਰਵਾਈ ਕਰਨ ਦੀ ਬਜਾਏ ਪ੍ਰਸ਼ਾਸਨ ਨੂੰ ਪਹਿਲਾਂ ਹੀ ਚੌਕਸੀ ਵਰਤਣੀ ਚਾਹੀਦੀ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਕਿ ਬਾਜ਼ਾਰਾਂ ’ਚ ਮੁਹਿੰਮ ਚਲਾ ਕੇ ਅਣਅਧਿਕਾਰਤ ਪਟਾਕੇ ਦੇ ਸਟਾਲ ਹਟਾਏ ਜਾਣ ਅਤੇ ਨਿਰਧਾਰਿਤ ਥਾਵਾਂ ਅਤੇ ਤਾਰੀਖ਼ਾਂ ਅਨੁਸਾਰ ਹੀ ਵਿਕਰੀ ਯਕੀਨੀ ਬਣਾਈ ਜਾਵੇ। ਸਿਰਫ਼ ਹੁਕਮ ਜਾਰੀ ਕਰਨਾ ਕਾਫ਼ੀ ਨਹੀਂ, ਉਨ੍ਹਾਂ ਦੀ ਪਾਲਣਾ ਕਰਵਾਉਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।