- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰੂਦ ਦੇ ਢੇਰ ’ਤੇ ਸ੍ਰੀ ਮੁਕਤਸਰ ਸਾਹਿਬ, ਹਾਦਸੇ ਦੇ ਇੰਤਜ਼ਾਰ ’ਚ ਪ੍ਰਸ਼ਾਸਨ !

ਭੰਵਰਾ/ਗਿੱਲ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪ੍ਰਸ਼ਾਸਨ ਦੀ ਗੰਭੀਰ ਲਾਪਰਵਾਹੀ ਅਤੇ ਢਿੱਲੀ ਕਾਰਗੁਜ਼ਾਰੀ ਕਾਰਨ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਇਸ ਵੇਲੇ ਬਰੂਦ ਦੇ ਢੇਰ ’ਤੇ ਬੈਠਾ ਨਜ਼ਰ ਆ ਰਿਹਾ ਹੈ। ਪਟਾਕਿਆਂ ਦੀ ਅਣਅਧਿਕਾਰਤ ਵਿਕਰੀ ਅਤੇ ਗੈਰ-ਕਾਨੂੰਨੀ ਭੰਡਾਰਨ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮ ਮਹਿਜ਼ ਕਾਗਜ਼ੀ ਦਾਅਵੇ ਸਾਬਤ ਹੋ ਰਹੇ ਹਨ। ਸ਼ਹਿਰ ਦੇ ਤੰਗ ਅਤੇ ਬਹੁਤ ਹੀ ਭੀੜਭਾੜ ਵਾਲੇ ਬਾਜ਼ਾਰਾਂ ’ਚ ਸੈਂਕੜਿਆਂ ਦੀ ਗਿਣਤੀ ’ਚ ਪਟਾਕਿਆਂ ਦੇ ਸਟਾਲ ਸ਼ਰੇਆਮ ਲੱਗ ਚੁੱਕੇ ਹਨ, ਜਿਸ ਨਾਲ ਲੱਖਾਂ ਲੋਕਾਂ ਦੀ ਜਾਨ-ਮਾਲ ਨੂੰ ਸਿੱਧੇ ਤੌਰ ’ਤੇ ਖ਼ਤਰੇ ’ਚ ਪਾਇਆ ਜਾ ਰਿਹਾ ਹੈ।
ਰਿਹਾਇਸ਼ੀ ਇਲਾਕਿਆਂ ’ਚ ਲੱਗੇ ‘ਬਰੂਦ’ ਦੇ ਭੰਡਾਰ
ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕਿਆਂ ਦੀ ਵਿਕਰੀ ਲਈ ਖਾਸ ਥਾਵਾਂ ਤੈਅ ਕੀਤੀਆਂ ਸਨ, ਪਰ ਦੁਕਾਨਦਾਰਾਂ ਵੱਲੋਂ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਤੰਗ ਬਾਜ਼ਾਰਾਂ ਅਤੇ ਦੁਕਾਨਾਂ ਦੇ ਬਾਹਰ ਧੜੱਲੇ ਨਾਲ ਸਟਾਲ ਲਗਾਏ ਗਏ ਹਨ। ਰੇਲਵੇ ਰੋਡ ’ਤੇ ਰਿਹਾਇਸ਼ੀ ਇਲਾਕੇ ਦੇ ਬਿਲਕੁਲ ਨੇੜੇ ਵੱਡੀ ਪੱਧਰ ’ਤੇ ਧਮਾਕੇਖ਼ੇਜ਼ ਸਮੱਗਰੀ ਦਾ ਭੰਡਾਰਨ ਕੀਤਾ ਗਿਆ ਹੈ। ਭੀੜਭਾੜ ਵਾਲੀਆਂ ਮੁੱਖ ਥਾਵਾਂ ’ਤੇ ਰੋਜ਼ਾਨਾ ਹਜ਼ਾਰਾਂ ਲੋਕਾਂ ਦੀ ਆਵਾਜਾਈ ਦੇ ਵਿਚਕਾਰ ਪਟਾਕਿਆਂ ਦੀ ਵਿਕਰੀ ਚੱਲ ਰਹੀ ਹੈ। ਇਨ੍ਹਾਂ ਗੰਭੀਰ ਉਲੰਘਣਾਵਾਂ ਦੇ ਬਾਵਜੂਦ ਪੁਲਿਸ ਅਤੇ ਸਬੰਧਤ ਵਿਭਾਗ ਮੂਕ ਦਰਸ਼ਕ ਬਣੇ ਹੋਏ ਹਨ ਅਤੇ ਕੋਈ ਵੀ ਠੋਸ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਰਹੀ।
ਅੱਗ ਲੱਗਣ ’ਤੇ ਫਾਇਰ ਬ੍ਰਿਗੇਡ ਦਾ ਪਹੁੰਚਣਾ ਵੀ ਅਸੰਭਵ
ਸ਼ਹਿਰ ਦੇ ਅਤਿ-ਸੰਵੇਦਨਸ਼ੀਲ ਅਤੇ ਤੰਗ ਬਾਜ਼ਾਰਾਂ ’ਚ ਦਿਨ ਭਰ ਭਾਰੀ ਭੀੜ ਰਹਿੰਦੀ ਹੈ। ਜੇਕਰ ਕਿਸੇ ਵੀ ਸਟਾਲ ਜਾਂ ਦੁਕਾਨ ’ਚ ਅਚਾਨਕ ਸ਼ਾਰਟ ਸਰਕਟ ਜਾਂ ਕਿਸੇ ਚੰਗਿਆੜੀ ਨਾਲ ਅੱਗ ਲੱਗਦੀ ਹੈ, ਤਾਂ ਭੀੜੀਆਂ ਗਲੀਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਮੌਕੇ ’ਤੇ ਪਹੁੰਚਣਾ ਲਗਭਗ ਅਸੰਭਵ ਹੋ ਜਾਵੇਗਾ। ਇਸ ਨਾਲ ਅੱਗ ’ਤੇ ਕਾਬੂ ਪਾਉਣ ’ਚ ਹੋਈ ਦੇਰੀ ਕਿਸੇ ਵੱਡੀ ਤਬਾਹੀ ਅਤੇ ਭਾਰੀ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ।
ਹਾਦਸੇ ਤੋਂ ਬਾਅਦ ਲਕੀਰ ਪਿੱਟਣ ਦੀ ਬਜਾਏ ਪਹਿਲਾਂ ਚੌਕਸੀ ਵਰਤੇ ਪ੍ਰਸ਼ਾਸਨ
ਸਮਾਜਸੇਵੀ ਜਗਦੀਸ਼ ਰਾਏ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਗ੍ਹਾ ਨਿਰਧਾਰਿਤ ਕਰਨ ਦੇ ਬਾਵਜੂਦ ਸ਼ਹਿਰ ’ਚ ਸ਼ਰੇਆਮ ਧੱਜੀਆਂ ਉੱਡ ਰਹੀਆਂ ਹਨ। ਤੰਗ ਬਾਜ਼ਾਰਾਂ ’ਚ ਪਟਾਕੇ ਵੇਚਣਾ ਆਮ ਲੋਕਾਂ ਦੀ ਸੁਰੱਖਿਆ ਨਾਲ ਖਿਲਵਾੜ ਹੈ। ਕਿਸੇ ਅਣਹੋਣੀ ਤੋਂ ਬਾਅਦ ਕਾਰਵਾਈ ਕਰਨ ਦਾ ਕੋਈ ਫਾਇਦਾ ਨਹੀਂ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੁਰੰਤ ਵਿਸ਼ੇਸ਼ ਮੁਹਿੰਮ ਚਲਾ ਕੇ ਅਣਅਧਿਕਾਰਤ ਸਟਾਲਾਂ ਨੂੰ ਹਟਾਏ। ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸਿਰਫ਼ ਹੁਕਮ ਜਾਰੀ ਕਰਨਾ ਨਹੀਂ, ਸਗੋਂ ਉਨ੍ਹਾਂ ਦੀ ਪਾਲਣਾ ਕਰਵਾਉਣਾ ਹੈ।