ਦੁਸਹਿਰੇ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਭਰ ’ਚ ਸਖ਼ਤ ਸੁਰੱਖਿਆ ਪ੍ਰਬੰਧ ਦੁਸਹਿਰੇ ਦੇ ਮੱਦੇਨਜ਼ਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹੇ ਭਰ ’ਚ ਸਖ਼ਤ ਸੁਰੱਖਿਆ ਪ੍ਰਬੰਧ
Publish Date: Tue, 20 Oct 2026 05:26 PM (IST)
Updated Date: Tue, 20 Oct 2026 05:27 PM (IST)
3 ਐੱਸਪੀ, 6 ਡੀਐੱਸਪੀ ਅਤੇ 11 ਐੱਸਐੱਚਓ ਸਮੇਤ 700 ਪੁਲਿਸ ਮੁਲਾਜ਼ਮ ਤਾਇਨਾਤ ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਦੁਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਸ਼ਰਾਰਤੀ ਅਨਸਰਾਂ ਤੇ ਠੱਲ੍ਹ ਪਾਉਣ ਲਈ ਵਿਸ਼ੇਸ਼ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਐੱਸਐੱਸਪੀ ਅਭਿਮਨਿਊ ਰਾਣਾ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਸਖ਼ਤ ਨਾਕੇਬੰਦੀ ਅਤੇ ਚੈਕਿੰਗ ਅਭਿਆਨ ਚਲਾਇਆ ਜਾ ਰਹਾ ਹੈ, ਤਾਂ ਜੋ ਆਮ ਲੋਕ ਬਿਨਾਂ ਕਿਸੇ ਡਰ ਤੋਂ ਤਿਉਹਾਰ ਮਨਾ ਸਕਣ। 700 ਪੁਲਿਸ ਜਵਾਨਾਂ ਦੇ ਹਵਾਲੇ ਸੁਰੱਖਿਆ ਦੀ ਕਮਾਨ ਐੱਸਐੱਸਪੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਪ੍ਰਮੁੱਖ ਥਾਵਾਂ ’ਤੇ ਦੁਸਹਿਰਾ ਸਮਾਗਮ ਕਰਵਾਏ ਜਾ ਰਹੇ ਹਨ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਉਮੀਦ ਹੈ। ਸਮਾਗਮਾਂ ਨੂੰ ਸੁਚਾਰੂ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ 3 ਐੱਸ.ਪੀ. (ਐੱਸ.ਪੀ.ਡੀ. ਅਸ਼ੋਕ ਮੀਨਾ, ਐੱਸ.ਪੀ. ਆਪਰੇਸ਼ਨ ਮਹੇਸ਼ ਕੁਮਾਰ ਸੈਣੀ, ਐੱਸ.ਪੀ.ਐੱਚ. ਗੁਰਿੰਦਰਜੀਤ ਸਿੰਘ), 6 ਡੀ.ਐੱਸ.ਪੀ. ਅਤੇ 11 ਐੱਸ.ਐੱਚ.ਓ. ਸਮੇਤ ਕੁੱਲ 700 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਸਮਾਗਮ ਵਾਲੀਆਂ ਥਾਵਾਂ ਦੇ ਮੁੱਖ ਪ੍ਰਵੇਸ਼ ਦੁਆਰਾਂ, ਪਾਰਕਿੰਗ ਸਥਾਨਾਂ ਅਤੇ ਪੁਤਲਿਆਂ ਦੇ ਆਲੇ-ਦੁਆਲੇ ਵਿਸ਼ੇਸ਼ ਸੁਰੱਖਿਆ ਘੇਰਾ ਤਿਆਰ ਕੀਤਾ ਗਿਆ ਹੈ। ਆਧੁਨਿਕ ਤਕਨਾਲੋਜੀ ਨਾਲ ਬਾਰੀਕੀ ਨਾਲ ਚੈਕਿੰਗ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਤੇ ਨਜ਼ਰ ਰੱਖਣ ਲਈ ਆਧੁਨਿਕ ਤਕਨੀਕ ਦਾ ਸਹਾਰਾ ਲਿਆ ਜਾ ਰਿਹਾ ਹੈ। ਪੀਏਆਈਐਸ ਐਪ ਰਾਹੀਂ ਸ਼ੱਕੀ ਵਿਅਕਤੀਆਂ ਦੀ ਸ਼ਨਾਖ਼ਤ ਅਤੇ ਉਨ੍ਹਾਂ ਦੇ ਅਪਰਾਧਿਕ ਰਿਕਾਰਡ ਦੀ ਤੁਰੰਤ ਜਾਂਚ ਕੀਤੀ ਗਈ। ਵਾਹਨ ਐਪ ਰਾਹੀਂ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਅਤੇ ਜਨਤਕ ਥਾਵਾਂ ਤੇ ਖੜ੍ਹੇ ਸ਼ੱਕੀ ਵਾਹਨਾਂ ਜਾਂਚ ਕੀਤੀ। ਇਸਤੋਂ ਇਲਾਵਾ ਪੀਸੀਆਰ ਟੀਮਾਂ ਅਤੇ ਮੋਟਰਸਾਈਕਲ ਸਵਾਰ ਪੁਲਿਸ ਜਵਾਨ ਸ਼ਹਿਰ ਦੇ ਕੋਨੇ-ਕੋਨੇ ’ਚ ਗਸ਼ਤ ਕਰ ਰਹੇ ਹਨ। ਹੋਟਲਾਂ, ਢਾਬਿਆਂ, ਰੈਸਟੋਰੈਂਟਾਂ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ ’ਤੇ ਠਹਿਰੇ ਲੋਕਾਂ ਦੇ ਪਛਾਣ ਪੱਤਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। 11 ਵਿਸ਼ੇਸ਼ ਨਾਕੇ ਤੇ ਸੁਚਾਰੂ ਟ੍ਰੈਫਿਕ ਵਿਵਸਥਾ ਜ਼ਿਲ੍ਹੇ ਦੇ ਸੀਲਿੰਗ ਪੁਆਇੰਟਾਂ ’ਤੇ 11 ਵਿਸ਼ੇਸ਼ ਨਾਕੇ ਲਗਾ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਟ੍ਰੈਫਿਕ ਵਿਵਸਥਾ ਨੂੰ ਬਹਾਲ ਰੱਖਣ ਲਈ ਵੱਖਰੇ ਤੌਰ ’ਤੇ ਟ੍ਰੈਫਿਕ ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਨਿਰਧਾਰਤ ਪਾਰਕਿੰਗ ਥਾਵਾਂ ਬਣਾਈਆਂ ਗਈਆਂ ਹਨ ਤਾਂ ਜੋ ਆਮ ਜਨਤਾ ਨੂੰ ਆਵਾਜਾਈ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਐੱਸਐੱਸਪੀ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਦੁਸਹਿਰਾ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ। ਜ਼ਿਲ੍ਹਾ ਵਾਸੀ ਇਸ ਤਿਉਹਾਰ ਨੂੰ ਆਪਸੀ ਭਾਈਚਾਰੇ ਅਤੇ ਸ਼ਾਂਤੀ ਨਾਲ ਮਨਾਉਣ। ਕਿਸੇ ਵੀ ਸ਼ੱਕੀ ਵਿਅਕਤੀ, ਵਾਹਨ ਜਾਂ ਗਤੀਵਿਧੀ ਦੀ ਜਾਣਕਾਰੀ ਤੁਰੰਤ ਪੰਜਾਬ ਪੁਲਿਸ ਦੇ ਹੈਲਪਲਾਈਨ ਨੰਬਰ 112 ਜਾਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੇ ਨੰਬਰ 8054942100 ਤੇ ਦਿਓ। ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।