ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਸਖ਼ਤ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸ੍ਰੀ ਮੁਕਤਸਰ ਸਾਹਿਬ ਪੁਲਿਸ ਦੀ ਸਖ਼ਤ ਕਾਰਵਾਈ ਜਾਰੀ
Publish Date: Sat, 21 Nov 2026 05:03 PM (IST)
Updated Date: Sun, 22 Nov 2026 04:02 AM (IST)
-ਨਵੰਬਰ ਮਹੀਨੇ ਦੌਰਾਨ 20 ਤਾਰੀਖ ਤੱਕ ਕੁੱਲ 4,333 ਚਲਾਨ ਕੀਤੇ, 127 ਵਾਹਨ ਕੀਤੇ ਇੰਪਾਊਂਡ ਪੰਜਾਬੀ ਜਾਗਰਣ, ਰਿਪੋਰਟਰ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਮੁੱਖੀ ਅਭਿਮੰਨਿਊ ਰਾਣਾ ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ’ਚ ਟਰੈਫਿਕ ਵਿਵਸਥਾ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਜਾਰੀ ਹੈ। ਇਸਦੇ ਨਾਲ ਹੀ ਪੁਲਿਸ ਵੱਲੋਂ ਲੋਕਾਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਨਵੰਬਰ ਮਹੀਨੇ ਤੋਂ ਜ਼ਿਲ੍ਹੇ ਦੇ ਚਾਰੇ ਸਬ-ਡਿਵੀਜ਼ਨਾਂ ’ਚ ਥਾਣਿਆਂ ਅਤੇ ਟਰੈਫਿਕ ਪੁਲਿਸ ਵੱਲੋਂ ਦਿਨ-ਰਾਤ ਵਿਸ਼ੇਸ਼ ਨਾਕਾਬੰਦੀ ਕਰਕੇ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਧੂਰੇ ਦਸਤਾਵੇਜ਼ਾਂ, ਬਿਨਾਂ ਨੰਬਰ ਪਲੇਟਾਂ, ਕਾਲੀਆਂ ਫਿਲਮਾਂ, ਸਪਾਟ ਲਾਈਟਾਂ, ਟ੍ਰਿਪਲ ਰਾਈਡਿੰਗ ਅਤੇ ਹੋਰ ਨਿਯਮ ਤੋੜਨ ਵਾਲੇ ਚਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਐੱਸਐੱਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ 20.11.2026 ਤੱਕ 207 ਮੋਟਰ ਵਹੀਕਲ ਐਕਟ ਤਹਿਤ 127 ਵਾਹਨ ਇੰਪਾਊਂਡ ਕੀਤੇ ਗਏ ਹਨ। ਇਸ ਤੋਂ ਇਲਾਵਾ ਕਾਲੀਆਂ ਫਿਲਮਾਂ ਦੇ 40, ਬਿਨਾਂ ਨੰਬਰ ਪਲੇਟਾਂ ਦੇ 284, ਟ੍ਰਿਪਲ ਰਾਈਡਿੰਗ ਦੇ 239 ਅਤੇ ਹੋਰ ਉਲੰਘਣਾਵਾਂ ਦੇ 3,632 ਚਲਾਨਾਂ ਸਮੇਤ ਕੁੱਲ 4,333 ਚਲਾਨ ਕੀਤੇ ਗਏ ਹਨ। ਜਾਗਰੂਕਤਾ ਮੁਹਿੰਮ ਤਹਿਤ ਸਕੂਲਾਂ, ਕਾਲਜਾਂ, ਪਿੰਡਾਂ, ਸ਼ਹਿਰਾਂ ਅਤੇ ਜਨਤਕ ਥਾਵਾਂ ’ਤੇ ਲਗਭਗ 120 ਟਰੈਫਿਕ ਸੈਮੀਨਾਰ ਵੀ ਲਗਾਏ ਗਏ ਹਨ। ਐਸਐਸਪੀ ਨੇ ਅਪੀਲ ਕੀਤੀ ਕਿ ਦੋਪਹੀਆ ਚਾਲਕ ਹੈਲਮਟ ਪਹਿਨਣ, ਤਿੰਨ ਸਵਾਰੀਆਂ ਨਾ ਬਿਠਾਉਣ ਅਤੇ ਚਾਰ ਪਹੀਆ ਵਾਹਨ ਚਲਾਉਂਦੇ ਸਮੇਂ ਸੀਟ ਬੈਲਟ ਜ਼ਰੂਰ ਲਗਾਉਣ। ਡਰਾਈਵਿੰਗ ਦੌਰਾਨ ਮੋਬਾਈਲ ਦੀ ਵਰਤੋਂ, ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਤੋਂ ਬਚਿਆ ਜਾਵੇ। ਡਰਾਈਵਿੰਗ ਲਾਇਸੈਂਸ, ਆਰ.ਸੀ., ਇੰਸ਼ੋਰੈਂਸ ਅਤੇ ਪ੍ਰਦੂਸ਼ਣ ਸਰਟੀਫਿਕੇਟ ਨਾਲ ਰੱਖੇ ਜਾਣ। ਮਾਪੇ ਨਾਬਾਲਗ ਬੱਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਅਤੇ ਉਨ੍ਹਾਂ ਨੂੰ ਸੜਕ ਸੁਰੱਖਿਆ ਬਾਰੇ ਜਾਗਰੂਕ ਕਰਨ। ਬਾਜ਼ਾਰਾਂ ’ਚ ਸੜਕਾਂ ’ਤੇ ਬੇਤਰਤੀਬੇ ਵਾਹਨ ਖੜ੍ਹੇ ਕਰਨ ਦੀ ਥਾਂ ਨਿਰਧਾਰਤ ਪਾਰਕਿੰਗ ਦੀ ਹੀ ਵਰਤੋਂ ਕੀਤੀ ਜਾਵੇ। ਪੁਲਿਸ ਨੇ ਜ਼ਿਲ੍ਹਾ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਸਖ਼ਤੀ ਅੱਗੇ ਵੀ ਜਾਰੀ ਰਹੇਗੀ। ਕਿਸੇ ਵੀ ਜਾਣਕਾਰੀ ਜਾਂ ਸ਼ਿਕਾਇਤ ਲਈ ਹੈਲਪਲਾਈਨ ਨੰਬਰ 8054942100 ’ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।