ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰ ਘਰ ’ਚ ਵਿਸ਼ੇਸ਼ ਤਲਾਸ਼ੀ ਮੁਹਿੰਮ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਸੁਧਾਰ ਘਰ ’ਚ ਵਿਸ਼ੇਸ਼ ਤਲਾਸ਼ੀ ਮੁਹਿੰਮ
Publish Date: Tue, 20 Jan 2026 04:31 PM (IST)
Updated Date: Tue, 20 Jan 2026 04:33 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜਨਤਕ ਸੁਰੱਖਿਆ, ਅਮਨ-ਕਾਨੂੰਨ ਦੀ ਸਥਿਤੀ ਅਤੇ ਜੇਲ੍ਹ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੱਜ ਜ਼ਿਲ੍ਹਾ ਸੁਧਾਰ ਘਰ (ਜੇਲ੍ਹ) ’ਚ ਇੱਕ ਵਿਸ਼ੇਸ਼ ਅਤੇ ਅਚਾਨਕ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦਾ ਮੁੱਖ ਮਕਸਦ ਜੇਲ੍ਹ ਅੰਦਰ ਕਿਸੇ ਵੀ ਕਿਸਮ ਦੀ ਗੈਰਕਾਨੂੰਨੀ ਸਰਗਰਮੀ, ਨਸ਼ਿਆਂ ਦੀ ਤਸਕਰੀ ਅਤੇ ਬਾਹਰੀ ਸੰਪਰਕਾਂ ’ਤੇ ਪੂਰੀ ਤਰ੍ਹਾਂ ਨਿਗਰਾਨੀ ਕਰਨਾ ਸੀ। ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਫਰੀਦਕੋਟ ਰੇਂਜ ਦੀ ਡੀਆਈਜੀ ਨਿਲਾਂਬਰੀ ਜਗਦਲੇ ਵਿਜੇ, ਆਈਪੀਐਸ ਦੀਆਂ ਹਦਾਇਤਾਂ ਅਨੁਸਾਰ ਐਸਐਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਦੀ ਸਿੱਧੀ ਨਿਗਰਾਨੀ ਹੇਠ ਇਹ ਵਿਸ਼ੇਸ਼ ਸਰਚ ਅਭਿਆਨ ਅਮਲ ’ਚ ਲਿਆਂਦਾ ਗਿਆ। ਇਸ ਕਾਰਵਾਈ ਦੀ ਅਗਵਾਈ ਡੀਐਸਪੀ ਸ੍ਰੀ ਮੁਕਤਸਰ ਸਾਹਿਬ ਬਚਨ ਸਿੰਘ ਵੱਲੋਂ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਜੇਲ੍ਹਾਂ ਦੀ ਅੰਦਰੂਨੀ ਸੁਰੱਖਿਆ ’ਤੇ ਲਗਾਤਾਰ ਨਜ਼ਰ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰ ਅਜਿਹੀਆਂ ਥਾਵਾਂ ਤੋਂ ਗੈਰਕਾਨੂੰਨੀ ਨੈਟਵਰਕ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਲਈ ਜੇਲ੍ਹ ਅੰਦਰ ਅਨੁਸ਼ਾਸਨ ਅਤੇ ਕਾਨੂੰਨੀ ਪਾਬੰਦੀਆਂ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਕਾਰਵਾਈਆਂ ਸਮੇਂ-ਸਮੇਂ ‘ਤੇ ਕੀਤੀਆਂ ਜਾਂਦੀਆਂ ਹਨ। ਇਹ ਕਾਰਵਾਈ ਪੁਲਿਸ ਅਤੇ ਜੇਲ੍ਹ ਪ੍ਰਬੰਧਕ ਵਿਭਾਗ ਦੇ ਸਾਂਝੇ ਤਾਲਮੇਲ ਨਾਲ ਕੀਤੀ ਗਈ। ਇਸ ਦੌਰਾਨ ਐੱਸਆਈ ਦਰਸ਼ਨ ਸਿੰਘ (ਮੁੱਖ ਅਫ਼ਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ) ਅਤੇ ਐੱਸਆਈ ਗੁਰਦੀਪ ਸਿੰਘ (ਮੁੱਖ ਅਫ਼ਸਰ ਥਾਣਾ ਬਰੀਵਾਲਾ) ਆਪਣੀਆਂ ਟੀਮਾਂ ਸਮੇਤ ਮੁਹਿੰਮ ’ਚ ਸ਼ਾਮਲ ਰਹੇ। ਇਸ ਮੌਕੇ ’ਤੇ ਜੇਲ੍ਹ ਸੁਪਰਡੈਂਟ ਦੀ ਨਿਗਰਾਨੀ ਹੇਠ ਐੱਸਆਈ ਗੁਰਦਿੱਤ ਸਿੰਘ, ਐੱਸਆਈ ਵਰਿੰਦਰ ਸਿੰਘ ਅਤੇ ਹੋਰ ਜੇਲ੍ਹ ਸਟਾਫ ਦੀ ਹਾਜ਼ਰੀ ’ਚ ਸਰਚ ਕਾਰਵਾਈ ਕੀਤੀ ਗਈ। ਇਸ ਮੁਹਿੰਮ ’ਚ ਵੱਖ-ਵੱਖ ਥਾਣਿਆਂ ਤੋਂ ਤਕਰੀਬਨ 150 ਪੁਲਿਸ ਕਰਮਚਾਰੀ ਸ਼ਾਮਲ ਰਹੇ। ਸਰਚ ਅਭਿਆਨ ਦੌਰਾਨ ਕੀਤੀ ਗਈ ਕਾਰਵਾਈ ਜੇਲ੍ਹ ਦੀਆਂ ਸਾਰੀਆਂ ਬੈਰਕਾਂ ਅਤੇ ਸਹਾਇਕ ਥਾਵਾਂ ਦੀ ਵਿਸਥਾਰਪੂਰਕ ਜਾਂਚ ਕੀਤੀ ਗਈ। ਕੈਦੀਆਂ ਅਤੇ ਹਵਾਲਾਤੀਆਂ ਦੀ ਨਿੱਜੀ ਤਲਾਸ਼ੀ ਲੈ ਕੇ ਉਨ੍ਹਾਂ ਦੇ ਸਮਾਨ ਦੀ ਗਹਿਰਾਈ ਨਾਲ ਚੈਕਿੰਗ ਕੀਤੀ ਗਈ। ਜੇਲ੍ਹ ਦੇ ਅੰਦਰਲੇ ਅਤੇ ਬਾਹਰੀ ਆਵਾਜਾਈ ਰਸਤੇ, ਕੰਧਾਂ ਦੇ ਕੋਨੇ ਅਤੇ ਅਤੇ ਨਾਲ ਲਗਦੀਆਂ ਥਾਵਾਂ ਦੀ ਖਾਸ ਤੌਰ ‘ਤੇ ਜਾਂਚ ਕੀਤੀ ਗਈ। ਕੁਝ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕਰਕੇ ਸੰਭਾਵੀ ਗੈਰਕਾਨੂੰਨੀ ਸਰਗਰਮੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਗਈ। ਜੇਲ੍ਹ ਅੰਦਰ ਗੈਰਕਾਨੂੰਨੀ ਨੈਟਵਰਕਾਂ ’ਤੇ ਸਖ਼ਤ ਨਜ਼ਰ ਅਧਿਕਾਰੀਆਂ ਨੇ ਕਿਹਾ ਕਿ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਜਾਂ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰੀਕੇ ਨਾਲ ਬਾਹਰੀ ਸੰਪਰਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਦਾ ਉਦੇਸ਼ ਕੇਵਲ ਤਲਾਸ਼ੀ ਮੁਹਿੰਮ ਤੱਕ ਸੀਮਿਤ ਨਹੀਂ, ਸਗੋਂ ਅਜਿਹੇ ਸਾਰੇ ਨੈਟਵਰਕਾਂ ਨੂੰ ਤੋੜਨਾ ਹੈ ਜੋ ਜੇਲ੍ਹ ਅੰਦਰੋਂ ਗੈਰਕਾਨੂੰਨੀ ਸਰਗਰਮੀਆਂ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਰ ਅਜਿਹੀ ਕਾਰਵਾਈ ਤੋਂ ਬਾਅਦ ਵਿਸਥਾਰਪੂਰਕ ਰਿਪੋਰਟ ਤਿਆਰ ਕਰਕੇ ਉਸ ਦੇ ਆਧਾਰ ‘ਤੇ ਅਗਲੇ ਕਾਨੂੰਨੀ ਕਦਮ ਚੁੱਕੇ ਜਾਂਦੇ ਹਨ। ਅਚਾਨਕ ਚੈਕਿੰਗ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਸਪੱਸ਼ਟ ਕੀਤਾ ਕਿ ਜਨਤਕ ਸੁਰੱਖਿਆ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅਗਾਮੀ ਸਮੇਂ ਵਿੱਚ ਵੀ ਇਸ ਤਰ੍ਹਾਂ ਦੀਆਂ ਅਚਾਨਕ ਸਰਚ ਅਤੇ ਚੈਕਿੰਗ ਕਾਰਵਾਈਆਂ ਨਿਰੰਤਰ ਜਾਰੀ ਰਹਿਣਗੀਆਂ। ਜੇਲ੍ਹ ਅੰਦਰੋਂ ਨਸ਼ਾ ਤਸਕਰੀ ਜਾਂ ਗੈਰਕਾਨੂੰਨੀ ਗਤੀਵਿਧੀਆਂ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।m ਅੰਤ ਵਿੱਚ ਕਿਹਾ ਗਿਆ ਕਿ ਸ੍ਰੀ ਮੁਕਤਸਰ ਸਾਹਿਬ ਪੁਲਿਸ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਸੰਕਲਪਬੱਧ ਹੈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।