ਪੁਲਿਸ ਨੇ ਚਾਰੇ ਸਬ-ਡਿਵੀਜ਼ਨਾਂ 'ਚ ਇਕੋ ਸਮੇਂ ਚਲਾਇਆ ਵਿਸ਼ੇਸ਼ ਸਰਚ ਅਭਿਆਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚਾਰੇ ਸਬ-ਡਿਵੀਜ਼ਨਾਂ 'ਚ ਇਕੋ ਸਮੇਂ ਚਲਾਇਆ ਵਿਸ਼ੇਸ਼ ਸਰਚ ਅਭਿਆਨ
Publish Date: Thu, 17 Sep 2026 05:57 PM (IST)
Updated Date: Fri, 18 Sep 2026 04:09 AM (IST)
ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਡੀਆਈਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਵਿਜੇ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਸ਼ਿਕੰਜਾ ਕੱਸਦਿਆਂ ਜ਼ਿਲ੍ਹੇ ਭਰ ’ਚ ਵਿਆਪਕ ਤਲਾਸ਼ੀ ਅਭਿਆਨ (ਕਾਸੋ) ਚਲਾਇਆ ਗਿਆ। ਐਸਐਸਪੀ ਅਭਿਮੰਨਿਊ ਰਾਣਾ ਦੀ ਸੁਚੱਜੀ ਅਗਵਾਈ ਹੇਠ ਇਹ ਮੁਹਿੰਮ ਜ਼ਿਲ੍ਹੇ ਦੀਆਂ ਚਾਰੇ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਇਕੋ ਸਮੇਂ ਆਰੰਭੀ ਗਈ। ਇਸ ਆਪ੍ਰੇਸ਼ਨ ਦੀ ਨਿਗਰਾਨੀ ਐਸਪੀ (ਡੀ) ਅਸ਼ੋਕ ਮੀਨਾ ਵੱਲੋਂ ਕੀਤੀ ਗਈ, ਜਦਕਿ ਮੌਕੇ ’ਤੇ ਡੀਐੱਸਪੀ ਸ੍ਰੀ ਮੁਕਤਸਰ ਸਾਹਿਬ ਬਚਨ ਸਿੰਘ, ਡੀਐਸਪੀ ਗਿੱਦੜਬਾਹਾ ਜਤਿੰਦਰ ਸਿੰਘ, ਡੀਐਸਪੀ ਲੰਬੀ ਹਰਬੰਸ ਸਿੰਘ ਸਮੇਤ ਵੱਖ-ਵੱਖ ਥਾਣਿਆਂ ਦੇ ਮੁੱਖ ਅਫ਼ਸਰ ਅਤੇ ਵੱਡੀ ਗਿਣਤੀ ’ਚ ਪੁਲਿਸ ਜਵਾਨ ਤਾਇਨਾਤ ਰਹੇ। ਪੁਲਿਸ ਟੀਮਾਂ ਨੇ ਪਹਿਲਾਂ ਸਬੰਧਤ ਸੰਵੇਦਨਸ਼ੀਲ ਇਲਾਕਿਆਂ ਦੀ ਨਾਕਾਬੰਦੀ ਕਰ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸੀਲ ਕੀਤਾ। ਇਸਤੋਂ ਬਾਅਦ ਨਸ਼ਾ ਤਸਕਰੀ ’ਚ ਪਹਿਲਾਂ ਸ਼ਾਮਲ ਰਹੇ ਵਿਅਕਤੀਆਂ, ਉਨ੍ਹਾਂ ਦੇ ਰਿਸ਼ਤੇਦਾਰਾਂ, ਨੇੜਲੇ ਸਾਥੀਆਂ ਅਤੇ ਖੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸ਼ੱਕੀ ਟਿਕਾਣਿਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਤਲਾਸ਼ੀ ਅਭਿਆਨ ਦੌਰਾਨ ਪੁਲਿਸ ਵੱਲੋਂ ਆਧੁਨਿਕ ਤਕਨਾਲੋਜੀ ਦਾ ਸਹਾਰਾ ਲਿਆ ਗਿਆ। ਸ਼ੱਕੀ ਵਾਹਨਾਂ ਅਤੇ ਨੰਬਰ ਪਲੇਟਾਂ ਦੀ ਪ੍ਰਮਾਣਿਕਤਾ ਜਾਂਚਣ ਲਈ ਵਾਹਨ ਐਪ ਦੀ ਵਰਤੋਂ ਕੀਤੀ ਗਈ, ਜਦਕਿ ਸ਼ੱਕੀ ਵਿਅਕਤੀਆਂ ਦੇ ਅਪਰਾਧਿਕ ਪਿਛੋਕੜ ਅਤੇ ਪਛਾਣ ਦੀ ਪੁਸ਼ਟੀ ਲਈ ਪੀਏਆਈਐਸ ਐਪ ਰਾਹੀਂ ਮੌਕੇ ’ਤੇ ਹੀ ਡਾਟਾ ਖੰਗਾਲਿਆ ਗਿਆ। ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਸਐਸਪੀ ਅਭਿਮੰਨਿਊ ਰਾਣਾ ਨੇ ਤਾੜਨਾ ਕੀਤੀ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਗੈਰ-ਕਾਨੂੰਨੀ ਕਮਾਈ ਨਾਲ ਬਣਾਈਆਂ ਗਈਆਂ ਜਾਇਦਾਦਾਂ ਨੂੰ ਕਾਨੂੰਨ ਮੁਤਾਬਕ ਫਰੀਜ਼ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰੀ ਸਬੰਧੀ ਕੋਈ ਵੀ ਜਾਣਕਾਰੀ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸੇਫ਼ ਪੰਜਾਬ ਹੈਲਪਲਾਈਨ : 97791-00200, ਪੁਲਿਸ ਹੈਲਪਲਾਈਨ: 112, ਪੁਲਿਸ ਕੰਟਰੋਲ ਰੂਮ (ਸ੍ਰੀ ਮੁਕਤਸਰ ਸਾਹਿਬ): 80549-42100 ’ਤੇ ਸਾਂਝੀ ਕਰਨ, ਸੂਚਨਾ ਦੇਣ ਵਾਲੇ ਦੀ ਪਛਾਣ ਬਿਲਕੁਲ ਗੁਪਤ ਰੱਖੀ ਜਾਵੇਗੀ।