ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੰਤਰਰਾਜੀ ਚੋਰ ਗਰੋਹ ਦੇ 8 ਮੈਂਬਰ ਕਾਬੂ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੰਤਰਰਾਜੀ ਚੋਰ ਗਰੋਹ ਦੇ 08 ਮੈਂਬਰ ਕਾਬੂ
Publish Date: Fri, 21 Aug 2026 04:49 PM (IST)
Updated Date: Fri, 21 Aug 2026 04:51 PM (IST)
ਪੰਜਾਬੀ ਜਾਗਰਣ ਟੀਮ, ਸ੍ਰੀ ਮੁਕਤਸਰ ਸਾਹਿਬ : ਪੁਲਿਸ ਵੱਲੋਂ ਅੰਤਰਰਾਜੀ ਚੋਰ ਗਰੋਹ ਦੇ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਨੇ ਦੱਸਿਆ ਕਿ ਥਾਣਾ ਸਦਰ ਮਲੋਟ ਦੀ ਤਫ਼ਤੀਸ਼ ਦੌਰਾਨ ਇਸ ਗਰੋਹ ਦਾ ਪਰਦਾਫਾਸ਼ ਹੋਇਆ। ਇਹ ਗਰੋਹ 6-7 ਅਗਸਤ ਦੀ ਦਰਮਿਆਨੀ ਰਾਤ ਨੂੰ ਗੁਰਮੇਜ ਸਿੰਘ ਦੇ ਘਰ ’ਚੋਂ ਕਰੀਬ 9-10 ਤੋਲੇ ਸੋਨਾ ਤੇ 14,000 ਨਕਦੀ ਚੋਰੀ ਕਰਨ ਦੀ ਵਾਰਦਾਤ ’ਚ ਸ਼ਾਮਲ ਸੀ। ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਗਰੋਹ ਦੇ ਮੁੱਖ ਮੈਂਬਰ ਦਾਸ ਸਤੀਸ ਅਤੇ ਰੋਬਿਨ ਵੱਖ-ਵੱਖ ਜ਼ਿਲ੍ਹਿਆਂ ’ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ, ਜਦਕਿ ਚੋਰੀ ਕੀਤਾ ਸੋਨਾ ਅਤੇ ਹੋਰ ਕੀਮਤੀ ਸਾਮਾਨ ਉਨ੍ਹਾਂ ਦੇ ਪਰਿਵਾਰ ਦੀਆਂ ਮਹਿਲਾ ਮੈਂਬਰਾਂ ਰਾਹੀਂ ਅੱਗੇ ਵੇਚਿਆ ਜਾਂਦਾ ਸੀ। ਜਾਂਚ ਦੌਰਾਨ ਕੁੱਲ 380 ਗ੍ਰਾਮ ਸੋਨੇ ਦਾ ਪਤਾ ਲੱਗਾ, ਜਿਸ ਵਿੱਚੋਂ 250 ਗ੍ਰਾਮ ਸੋਨਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ। 130 ਗ੍ਰਾਮ ਸੋਨਾ ਇੱਕ ਗੋਲਡ ਫਾਇਨਾਂਸ ਕੰਪਨੀ ਕੋਲ ਗਿਰਵੀ ਰੱਖ ਕੇ ਉਸ ਤੇ ਲੋਨ ਲਿਆ ਗਿਆ ਸੀ। ਇਸ ਸਬੰਧੀ ਕਾਨੂੰਨੀ ਕਾਰਵਾਈ ਜਾਰੀ ਹੈ। ਚੋਰੀ ਦੀ ਰਕਮ ਨਾਲ ਮੁਲਜ਼ਮਾਂ ਨੇ ਰੋਹਿਣੀ (ਦਿੱਲੀ) ਵਿਖੇ ਕਰੀਬ 20 ਲੱਖ ਦਾ ਇੱਕ ਪਲਾਟ, ਇੰਦਰਗੜ੍ਹ, ਜ਼ਿਲ੍ਹਾ ਰੋਹਤਕ (ਹਰਿਆਣਾ) ਵਿਖੇ ਕਰੀਬ 24 ਲੱਖ ਦਾ ਇੱਕ ਪਲਾਟ ਅਤੇ ਇੰਦਰਗੜ੍ਹ ’ਚ ਹੀ ਕਰੀਬ 6 ਲੱਖ ਦੀਆਂ ਦੋ ਦੁਕਾਨਾਂ ਖਰੀਦੀਆਂ। ਕਾਬੂ ਮੁਲਜ਼ਮਾਂ ’ਚ ਤਾਨਾ ਪੁੱਤਰ ਲਖਮੀ ਪੁੱਤਰ ਚੰਕੀ, ਵਾਸੀ ਇੰਦਰਗੜ੍ਹ ਲੱਖਣਮਾਜਰਾ, ਤਹਿਸੀਲ ਮਹਿਮ, ਜ਼ਿਲ੍ਹਾ ਰੋਹਤਕ (ਹਰਿਆਣਾ), ਰੋਬਿਨ ਪੁੱਤਰ ਰਮੇਸ਼ ਕੁਮਾਰ ਪੁੱਤਰ ਨਿਹਾਲ ਸਿੰਘ, ਵਾਸੀ ਪਿੰਡ ਬੜਸੀ, ਜ਼ਿਲ੍ਹਾ ਭਿਵਾਨੀ (ਹਰਿਆਣਾ), ਕਮਲੇਸ਼ ਪਤਨੀ ਦਾਸ ਸਤੀਸ, ਪ੍ਰੀਤੀ ਪਤਨੀ ਸੁਨੀਲ, ਪਿੰਕੀ ਪਤਨੀ ਮੋਨੂੰ (ਵਾਸੀਆਨ ਇੰਦਰਗੜ੍ਹ ਲੱਖਣਮਾਜਰਾ, ਤਹਿਸੀਲ ਮਹਿਮ, ਜ਼ਿਲ੍ਹਾ ਰੋਹਤਕ, ਹਰਿਆਣਾ), ਕਵਿਤਾ ਪਤਨੀ ਵਿਜੇਂਦਰ, 7. ਮਨੀਸ਼ਾ ਪਤਨੀ ਪਰਵੀਨ ਅਤੇ ਅਨਾਰਕਲੀ @ ਅਨਾਰੋ ਪਤਨੀ ਰਾਮੇਸ਼ ਵਾਸੀਆਨ ਪਿੰਡ ਬੜਸੀ, ਜ਼ਿਲ੍ਹਾ ਭਿਵਾਨੀ, ਹਰਿਆਣਾ ਸ਼ਾਮਿਲ ਹਨ। ਇਸਤੋਂ ਇਲਾਵਾ ਦਾਸ ਸਤੀਸ ਪੁੱਤਰ ਦੀਪ ਚੰਦ, ਜੋ ਕਿ ਥਾਣਾ ਲੰਬੀ ਦੇ ਐਨਡੀਪੀਐਸ ਐਕਟ ਦੇ ਇੱਕ ਮੁਕੱਦਮੇ ’ਚ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ, ਨੂੰ ਇਸ ਕੇਸ ਦੀ ਤਫ਼ਤੀਸ਼ ਲਈ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਦਰਜ ਕਈ ਚੋਰੀ ਦੀਆਂ ਵਾਰਦਾਤਾਂ ਬਾਰੇ ਖੁਲਾਸੇ ਕੀਤੇ ਹਨ। ਹੁਣ ਤੱਕ ਇਸ ਗਰੋਹ ਦਾ 6 ਮੁਕੱਦਮਿਆਂ ਥਾਣਾ ਲੰਬੀ ਐਫਆਈ 152 ਮਿਤੀ 13\05\2026 ਪਿੰਡ ਲਾਲਬਾਈ, ਐਆਈਆਰ ਨੰ. 162 (21.05.2026) ਪਿੰਡ ਫਤੂਹੀ ਖੇੜਾ, ਐਫਆਈਆਰ ਨੰ. 182 (11.06.2026)-ਪਿੰਡ ਭਾਗੂ, ਐਫਆਈਆਰ ਨੰ. 185 (14.06.2026) –ਪਿੰਡ ਖੇਮਾ ਖੇੜਾ, ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਐਫਆਈਆਰ ਨੰ. 180 (14.06.2026)-ਪਿੰਡ ਗੋਨਿਆਣਾ ਅਤੇ ਐਫਆਈਆਰ ਨੰ. 176 (07.07.2026)-ਪਿੰਡ ਮਹਿਰਾਜਵਾਲਾ ਨਾਲ ਸਬੰਧ ਸਾਹਮਣੇ ਆਇਆ ਹੈ। ਮੁਲਜ਼ਮ ਤਾਨਾ ਪੁੱਤਰ ਲਖਮੀ ਪੁੱਤਰ ਚੰਕੀ, ਵਾਸੀ ਇੰਦਰਗੜ੍ਹ ਲੱਖਣਮਾਜਰਾ, ਤਹਿਸੀਲ ਮਹਿਮ, ਜ਼ਿਲ੍ਹਾ ਰੋਹਤਕ (ਹਰਿਆਣਾ) ’ਤੇ ਹਰਿਆਣਾ ’ਚ ਪਹਿਲਾਂ ਵੀ 06 ਮੁਕੱਦਮੇ ਦਰਜ ਹਨ। ਮੁਲਜ਼ਮ ਦਾਸ ਉਰਫ ਸਤੀਸ਼ ਪੁੱਤਰ ਦੀਪ ਚੰਦ ਵਾਸੀ ਲ਼ਾਖਨਮਾਜਰਾ, ਜਿਲ੍ਹਾ ਰੋਹਤਕ ’ਤੇ ਹਰਿਆਣਾ ’ਚ 15 ਮੁਕੱਦਮੇ ਦਰਜ ਹਨ। ਇਨ੍ਹਾਂ ਸਾਰੇ ਮਾਮਲਿਆਂ ’ਚ ਚੋਰੀ ਕੀਤੇ ਗਏ ਸੋਨੇ, ਨਕਦੀ ਅਤੇ ਹੋਰ ਕੀਮਤੀ ਸਮਾਨ ਸਬੰਧੀ ਤਫ਼ਤੀਸ਼ ਜਾਰੀ ਹੈ ਅਤੇ ਹੋਰ ਅਹਿਮ ਖੁਲਾਸੇ ਅਤੇ ਬਰਾਮਦਗੀਆਂ ਹੋਣ ਦੀ ਪੂਰੀ ਸੰਭਾਵਨਾ ਹੈ।