ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
Publish Date: Sat, 05 Sep 2026 04:49 PM (IST)
Updated Date: Sat, 05 Sep 2026 04:52 PM (IST)
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ਼ਹਿਰ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ ਮਨਾਇਆ ਗਿਆ। ਸ਼ਹਿਰ ਦੇ ਮੰਦਰ ਭਗਵਾਨ ਸ੍ਰੀ ਕ੍ਰਿਸ਼ਨ ਦੇ ਰੰਗ ’ਚ ਰੰਗੇ ਰਹੇ। ਮੰਦਰਾਂ ’ਚ ਦੇਰ ਰਾਤ ਤੱਕ ਸ਼ਰਧਾਲੂਆਂ ਦੀ ਆਮਦ ਲੱਗੀ ਰਹੀ ਤੇ ਕਾਨ੍ਹਾ ਦੇ ਜਨਮ ਦਿਨ ਦੀ ਖੁਸ਼ੀ ’ਚ ਲੋਕ ਰਾਤ ਭਰ ਮੰਦਰਾਂ ’ਚ ਉਮੜਦੇ ਨਜ਼ਰ ਆਏ। ਸ਼ਹਿਰ ਦੇ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ, ਸ੍ਰੀ ਸ਼ਿਆਮ ਮੰਦਰ, ਸਾਈਂ ਮੰਦਰ, ਪੁਰਾਣੀ ਦਾਣਾ ਮੰਡੀ ਕੋਲ ਸਥਿਤ ਸ੍ਰੀ ਰਘੂਨਾਥ ਮੰਦਰ, ਬੈਂਕ ਰੋਡ ਸਥਿਤ ਸ੍ਰੀ ਮਹਾਦੇਵ ਮੰਦਰ, ਰੇਲਵੇ ਰੋਡ ਸਥਿਤ ਸ਼ਕਤੀ ਮੰਦਰ ਸ੍ਰੀ ਮਨਨ ਧਾਮ, ਰਾਮਬਾੜਾ ਬਾਜ਼ਾਰ ਸਥਿਤ ਸ੍ਰੀ ਦੁਰਗਾ ਮੰਦਰ ਗੀਤਾ ਭਵਨ, ਕੋਟਕਪੂਰਾ ਰੋਡ ਸਥਿਤ ਬਾਬਾ ਕਾਂਸ਼ੀ ਪ੍ਰਸ਼ਾਦ ਸ਼ਿਵ ਮੰਦਰ ਸਮੇਤ ਹੋਰ ਮੰਦਰਾਂ ਵਿੱਚ ਰਾਤ ਭਰ ਉਤਸਵ ਹੁੰਦੇ ਰਹੇ ਅਤੇ ਮੰਦਰਾਂ ਨੂੰ ਜਗਮਗਾਉਂਦੀਆਂ ਲੜੀਆਂ, ਫੁੱਲਾਂ ਨਾਲ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਸੀ। ਜਿੱਥੇ ਮੰਦਰਾਂ ’ਚ ਭਾਰੀ ਭੀੜ ਉਮੜੀ ਨਜ਼ਰ ਆਈ, ਉੱਥੇ ਹੀ ਮੰਦਰਾਂ ਦੇ ਆਸ-ਪਾਸ ਵੀ ਖੂਬ ਰੌਣਕ ਮੇਲਾ ਲੱਗਾ ਰਿਹਾ। ਮੰਦਰਾਂ ਦੇ ਬਾਹਰ ਵੱਖ-ਵੱਖ ਤਰ੍ਹਾਂ ਦੇ ਲੰਗਰ ਵੀ ਚੱਲਦੇ ਰਹੇ। ਸ੍ਰੀ ਰਘੂਨਾਥ ਮੰਦਰ ਦੇ ਬਾਹਰ ਕਈ ਤਰ੍ਹਾਂ ਦੇ ਲੰਗਰ ਚੱਲਦੇ ਰਹੇ। ਇਸ ਮੌਕੇ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਦੇ ਗੱਦੀਨਸ਼ੀਨ ਬਾਊ ਸ਼ੰਮੀ ਚਾਵਲਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਤੇ ਕਾਨ੍ਹਾ ਨੂੰ ਝੂਲਾ ਝੁਲਾਇਆ ਤੇ ਆਸ਼ੀਰਵਾਦ ਲਿਆ। ਇਸ ਮੌਕੇ ਅਸ਼ੋਕ ਤੇਰੀਆ, ਰਾਜ ਖੁਰਾਣਾ, ਸੁਭਾਸ਼ ਗੁੰਬਰ, ਸੁਭਾਸ਼ ਗਰੋਵਰ, ਟੀਟੂ ਬਿਰਲਾ, ਸਤਿੰਦਰ ਚਾਵਲਾ, ਗੁਲਸ਼ਨ ਕੁਮਾਰ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ। ਐਸਐਚਓ. ਰਵਿੰਦਰ ਕੌਰ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸ੍ਰੀ ਸ਼ਿਆਮ ਮੰਦਰ ’ਚ ਚੇਅਰਮੈਨ ਜੀਵਨ ਸ਼ਰਮਾ ਦੀ ਦੇਖ-ਰੇਖ ਹੇਠ ਸੰਕੀਰਤਨ ਹੋਇਆ। ਇਸ ਮੌਕੇ ਸ੍ਰੀ ਸ਼ਿਆਮ ਪ੍ਰਭੂ, ਰਾਧਾ-ਮਾਧਵ ਅਤੇ ਪੰਚਮੁਖੀ ਹਨੂੰਮਾਨ ਜੀ ਦੇ ਦਰਬਾਰ ਦਾ ਕੀਤਾ ਗਿਆ ਸ਼ਿੰਗਾਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਪ੍ਰਧਾਨ ਚੰਦਰ ਮੋਹਨ, ਸਰਪ੍ਰਸਤ ਸੁਸ਼ੀਲ ਕੁਮਾਰ ਹੈਪੀ ਸ਼ਰਮਾ, ਬ੍ਰਿਜਲਤਾ ਸ਼ਰਮਾ ਸਮੇਤ ਸਮੂਹ ਮੰਦਰ ਕਮੇਟੀ ਤੇ ਸ਼ਰਧਾਲੂ ਮੌਜੂਦ ਰਹੇ। ਸ੍ਰੀ ਦੁਰਗਾ ਮੰਦਰ ਵਿੱਚ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਨੇ ਸ੍ਰੀ ਸ਼ਿਆਮ ਪ੍ਰਭੂ ਦਾ ਗੁਣਗਾਨ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਉਮੜਦੇ ਰਹੇ ਅਤੇ ਭਜਨਾਂ ਤੇ ਝੂਮਦੇ ਰਹੇ। ਸ੍ਰੀ ਸ਼ਿਆਮ ਪ੍ਰਭੂ ਦਾ ਕੀਤਾ ਗਿਆ ਸ਼ਿੰਗਾਰ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਪ੍ਰਧਾਨ ਵਿਜੇ ਮਿੱਤਲ, ਹਰੀ ਕ੍ਰਿਸ਼ਨ ਕਾਲਾ, ਕਸ਼ਮੀਰ ਸਿੰਘ, ਮਨੋਜ ਸ਼ੀਲੂ, ਅਜੈ ਕੁੱਛਲ, ਗੌਰਵ ਭਟੇਜਾ, ਸੋਨੂੰ ਕੁਬਾ, ਟੋਨੀ ਸ਼ਰਮਾ, ਵਰੁਣ ਭਾਟੀਆ, ਅਭਿ ਅਰੋੜਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ। ਸ੍ਰੀ ਰਾਮ ਭਵਨ ਦੇ ਬਾਹਰ ਸ੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ, ਜੈ ਮਾਂ ਚਿੰਤਪੁਰਨੀ ਲੰਗਰ ਸੇਵਾ ਵੱਲੋਂ ਖੀਰ, ਬ੍ਰੈੱਡ-ਪਕੌੜੇ ਦਾ ਲੰਗਰ ਲਗਾਇਆ ਗਿਆ ਸੀ। ਇਸ ਮੌਕੇ ਚੇਅਰਮੈਨ ਹਰੀਪਾਲ ਬਾਂਸਲ, ਪ੍ਰਧਾਨ ਰਾਜ ਸਿਡਾਨਾ, ਸੀਨੀਅਰ ਕੈਪਟਨ ਹੀਰਾ ਲਾਲ ਸ਼ਰਮਾ, ਰਾਜੂ, ਅੰਮ੍ਰਿਤਪਾਲ ਧੀਰ, ਵਰਿੰਦਰ ਸੋਢੀ, ਮੁਕੇਸ਼ ਆਦਿ ਨੇ ਵੱਧ-ਚੜ੍ਹ ਕੇ ਸੇਵਾ ਕਰਵਾਈ।