ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਦੁਰਗਾ ਅਸ਼ਟਮੀ ਤੇ ਨੌਮੀ, ਸ਼ਰਧਾਲੂਆਂ ਨੇ ਕੰਜਕ ਪੂਜਨ ਕਰਕੇ ਖੋਲ੍ਹੇ ਵਰਤ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ ਸ੍ਰੀ ਦੁਰਗਾ ਅਸ਼ਟਮੀ ਤੇ ਨੌਮੀ
Publish Date: Mon, 19 Oct 2026 03:33 PM (IST)
Updated Date: Mon, 19 Oct 2026 03:36 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹੇ ’ਚ ਸੋਮਵਾਰ ਨੂੰ ਸ੍ਰੀ ਦੁਰਗਾ ਅਸ਼ਟਮੀ ਅਤੇ ਮਹਾਨੌਮੀ ਦਾ ਤਿਉਹਾਰ ਪੂਰੀ ਧੂੰਮ-ਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੂਰਾ ਸ਼ਹਿਰ ਮਾਤਾ ਰਾਣੀ ਦੇ ਰੰਗ ’ਚ ਰੰਗਿਆ ਨਜ਼ਰ ਆਇਆ। ਸ਼ਾਰਦੀਯ ਨਵਰਾਤ੍ਰਿ ਮੌਕੇ ਸ਼ੁਰੂ ਹੋਏ ਸ੍ਰੀ ਦੁਰਗਾ ਸਤੁਤੀ ਅਤੇ ਸ੍ਰੀ ਰਾਮਾਇਣ ਪਾਠਾਂ ਦਾ ਅੱਜ ਵਿਸ਼ਰਾਮ (ਸਮਾਪਨ) ਹੋ ਗਿਆ, ਜਿਸ ਨਾਲ ਮੰਦਰਾਂ ਵਿੱਚ ਵਿਸ਼ੇਸ਼ ਉਤਸਵ ਮਾਹੌਲ ਦੇਖਣ ਨੂੰ ਮਿਲਿਆ। ਬ੍ਰਹਮ ਮਹੂਰਤ ਤੋਂ ਸ਼ੁਰੂ ਹੋਇਆ ਕੰਜਕ ਪੂਜਨ ਦਾ ਸਿਲਸਿਲਾ ਸੋਮਵਾਰ ਸਵੇਰੇ ਬ੍ਰਹਮ ਮਹੂਰਤ ਤੋਂ ਹੀ ਸ਼ਰਧਾਲੂਆਂ ਨੇ ਘਰਾਂ ਅਤੇ ਮੰਦਰਾਂ ਵਿੱਚ ਕੰਜਕ ਪੂਜਨ ਕਰਕੇ ਆਪਣੇ ਵਰਤ ਖੋਲ੍ਹੇ। ਕੰਨਿਆਵਾਂ ਨੂੰ ਮਾਤਾ ਰਾਣੀ ਦਾ ਸਰੂਪ ਮੰਨਦਿਆਂ ਸ਼ਰਧਾਲੂਆਂ ਨੇ ਉਨ੍ਹਾਂ ਦੇ ਚਰਨ ਧੋਤੇ, ਤੋਹਫ਼ੇ ਭੇਟ ਕੀਤੇ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਸਵੇਰੇ ਕਰੀਬ ਚਾਰ ਵਜੇ ਤੋਂ ਹੀ ਕੰਨਿਆਵਾਂ ਗਲੀਆਂ ਵਿੱਚ ਘਰ-ਘਰ ਆਉਂਦੀਆਂ-ਜਾਂਦੀਆਂ ਦਿਖਾਈ ਦਿੱਤੀਆਂ ਅਤੇ ਇਹ ਸਿਲਸਿਲਾ ਦੁਪਹਿਰ ਕਰੀਬ ਬਾਰਾਂ ਵਜੇ ਤੱਕ ਜਿਰ ਰਿਹਾ। ਇਸ ਦੌਰਾਨ ਮੰਦਰਾਂ ਅਤੇ ਘਰਾਂ ਵਿੱਚ ਮਾਤਾ ਰਾਣੀ ਦੇ ਜੈਕਾਰੇ ਲਗਾਤਾਰ ਗੂੰਜਦੇ ਰਹੇ। ਵੱਖ-ਵੱਖ ਮੰਦਰਾਂ ਵਿੱਚ ਹੋਏ ਧਾਰਮਿਕ ਸਮਾਗਮ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਅਸਥਾਨਾਂ ਜਿਵੇਂ ਕਿ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ, ਸ੍ਰੀ ਸਾਈਂ ਮੰਦਰ, ਪੁਰਾਣੀ ਦਾਣਾ ਮੰਡੀ ਨੇੜੇ ਸ੍ਰੀ ਰਘੁਨਾਥ ਮੰਦਰ, ਬੈਂਕ ਰੋਡ ਸਥਿਤ ਸ੍ਰੀ ਮਹਾਦੇਵ ਮੰਦਰ, ਰੇਲਵੇ ਰੋਡ ਸਥਿਤ ਸ਼ਕਤੀ ਮੰਦਰ ਸ੍ਰੀ ਮਨਨ ਧਾਮ, ਰਾਮਬਾੜਾ ਬਾਜ਼ਾਰ ਸਥਿਤ ਸ੍ਰੀ ਦੁਰਗਾ ਮੰਦਰ ਗੀਤਾ ਭਵਨ, ਅਬੋਹਰ ਰੋਡ ਖੱਡੀਆਂਵਾਲੀ ਗਲੀ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਅਤੇ ਜਲਾਲਾਬਾਦ ਰੋਡ ਬਾਈਪਾਸ ਸਥਿਤ ਸ਼ਕਤੀ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਭਾਰੀ ਭੀੜ ਦੇਖਣ ਨੂੰ ਮਿਲੀ। ਬੈਂਕ ਰੋਡ ਸਥਿਤ ਸ੍ਰੀ ਮਹਾਦੇਵ ਮੰਦਰ ਵਿੱਚ ਰੱਖੇ ਗਏ 14 ਸ੍ਰੀ ਰਾਮਾਇਣ ਪਾਠਾਂ ਦਾ ਅੱਜ ਵਿਸ਼ਰਾਮ ਹੋਇਆ, ਜਿਸ ਦੌਰਾਨ ਪਾਠ ਕਰਨ ਵਾਲੀਆਂ ਮਹਿਲਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੇਸ ਰਾਜ ਤਨੇਜਾ, ਬਾਵਾ ਵਾਟਸ, ਆਦਰਸ਼ ਗਿਰਧਰ, ਹਰੀਓਮ ਗਰਗ, ਗੋਬਿੰਦ ਦਾਬੜਾ, ਸੁਨੀਲ ਗੁੰਬਰ ਅਤੇ ਸੰਜੀਵ ਧੂੜੀਆ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ। ਗੁਲਸ਼ਨ ਆਹੂਜਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਲੰਗਰ ਦੀ ਵਿਸ਼ੇਸ਼ ਸੇਵਾ ਨਿਭਾਈ ਗਈ। ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਖੇ ਭਜਨ ਸੰਕੀਰਤਨ ਦੀ ਗੂੰਜ ਵਿੱਚ ਸ਼ਰਧਾਲੂ ਭਗਤੀ ਵਿੱਚ ਲੀਨ ਨਜ਼ਰ ਆਏ। ਉੱਧਰ, ਸ੍ਰੀ ਰਘੁਨਾਥ ਮੰਦਰ ਵਿੱਚ 31 ਸ੍ਰੀ ਰਾਮਾਇਣ ਪਾਠ ਸੰਪੂਰਨ ਹੋਏ। ਇਸ ਮੌਕੇ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ ਦੇ ਗੱਦੀਨਸ਼ੀਨ ਬਾਊ ਸ਼ੰਮੀ ਚਾਵਲਾ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਕ੍ਰਿਸ਼ਨ ਕੁਮਾਰ ਸ਼ੰਮੀ ਤੇਰੀਆ, ਰਾਜ ਖੁਰਾਣਾ, ਅਸ਼ੋਕ ਤੇਰੀਆ ਸਮੇਤ ਕਈ ਪਤਵੰਤੇ ਹਾਜ਼ਰ ਸਨ। ਪ੍ਰਬੰਧਕਾਂ ਨੇ ਦੱਸਿਆ ਕਿ ਜਲਾਲਾਬਾਦ ਰੋਡ ਸਥਿਤ ਮਾਂ ਬਗਲਾਮੁਖੀ ਧਾਮ ਵਿਖੇ 20 ਅਕਤੂਬਰ ਨੂੰ ਮਹਾਨੌਮੀ ਅਤੇ ਵਿਜੇਦਸ਼ਮੀ ਮੌਕੇ ਵਿਸ਼ਾਲ ਹਵਨ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ। ਸਵੇਰੇ ਛੇ ਵਜੇ ਤੋਂ ਸਾਢੇ ਅੱਠ ਵਜੇ ਤੱਕ ਬ੍ਰਹਮਰਿਸ਼ੀ ਪੰ. ਪੂਰਨ ਚੰਦਰ ਜੋਸ਼ੀ ਦੀ ਅਗਵਾਈ ਹੇਠ ਹਵਨ ਹੋਵੇਗਾ, ਜਿਸ ਤੋਂ ਬਾਅਦ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। ਇਸ ਦੇ ਨਾਲ ਹੀ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਸ਼ਿਆਮ ਮੰਦਰ ਵਿੱਚ ਵੀ ਸ੍ਰੀ ਦੁਰਗਾ ਸਤੁਤੀ ਪਾਠਾਂ ਦਾ ਵਿਸ਼ਰਾਮ ਵਿਜੇਦਸ਼ਮੀ ਵਾਲੇ ਦਿਨ ਕੀਤਾ ਜਾਵੇਗਾ।