ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏਨਾਗਾ ਵਿਖੇ ਪਾਏ ਭੋਗ
ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏਨਾਗਾ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ
Publish Date: Tue, 31 Mar 2026 05:48 PM (IST)
Updated Date: Tue, 31 Mar 2026 05:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਸ੍ਰੀ ਗੁਰੂ ਅੰਗਦ ਦੇਵ ਜੀ ਦੇ 522ਵੇਂ ਪਾਵਨ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਸਰਾਏਨਾਗਾ ਵਿਖੇ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਸ਼ਾਲ ਗੁਰਮਤਿ ਸਮਾਗਮਾਂ ਲੜੀ ਤਹਿਤ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸਤੋਂ ਪਹਿਲਾਂ ਰਾਤਰੀ ਸਮਾਗਮ ਦੌਰਾਨ ਗਿਆਨੀ ਨਵਤੇਜ ਸਿੰਘ ਜੀ ਦਮਦਮੀ ਟਕਸਾਲ ਅਤੇ ਭਾਈ ਸਤਿੰਦਰਵੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕਥਾ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ 31 ਮਾਰਚ ਨੂੰ ਦਿਨ ਸਮੇਂ ਹੋਏ ਗੁਰਮਿਤ ਸਮਾਗਮ ਦੌਰਾਨ ਬਾਬਾ ਜਰਮਨਜੀਤ ਸਿੰਘ ਅਤੇ ਬਾਬਾ ਹਰਦੀਪ ਸਿੰਘ ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੁਰੂ ਅੰਗਦ ਦੇਵ ਜੀ ਨੇ ਬਚਪਨ ਦੇ ਕਰੀਬ 11 ਸਾਲ ਪਿੰਡ ਸਰਾਏਨਾਗਾ ਵਿਖੇ ਬਿਤਾਏ। ਉਨ੍ਹਾਂ ਕਿਹਾ ਕਿ ਪਹਿਲਾਂ ਸਰਾਏਨਗਾ ਨੂੰ ਮੱਤੇ ਦੀ ਸਰਾਂ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ ਅਤੇ ਬਾਅਦ ’ਚ ਇਸਦਾ ਨਾਮ ਸਰਾਏਨਾਗਾ ਪੈ ਗਿਆ ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਅੰਗਦ ਦੇਵ ਜੀ ਤੋਂ ਸੇਧ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਣਾ ਚਾਹੀਦਾ ਹੈ। ਇਸ ਸਮੇਂ ਗਗਨਦੀਪ ਸਿੰਘ ਪਟਨਾ ਸਾਹਿਬ ਵਾਲੇ ਤੋਂ ਇਲਾਵਾ ਵੱਖ ਵੱਖ ਰਾਗੀ-ਢਾਡੀ, ਕਥਾ ਵਾਚਕ ਅਤੇ ਕਵੀਸ਼ਰੀ ਜਥਿਆਂ ਨੇ ਗੁਰੂ ਦਾ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਬਾਬਾ ਫਰੀਦ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੀਬ 40 ਖੂਨਦਾਨੀਆਂ ਵੱਲੋਂ ਖੂਨਦਾਨ ਕਰਕੇ ਮਾਨਵਤਾ ਦੀ ਸੇਵਾ ਦਾ ਫਰਜ਼ ਨਿਭਾਇਆ। ਇਸ ਦੌਰਾਨ ਬਾਬਾ ਜਰਮਨਜੀਤ ਸਿੰਘ ਨੇ ਖੁਦ ਵੀ ਖੂਨਦਾਨ ਕਰਕੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਆ। ਜਿੰਦਲ ਹਸਪਤਾਲ ਕੋਟਕਪੂਰਾ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਕਰੀਬ 250 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਸਮਾਗਮ ਦੌਰਾਨ ਬਾਬਾ ਜਰਮਨਜੀਤ ਸਿੰਘ ਅਤੇ ਬਾਬਾ ਹਰਦੀਪ ਸਿੰਘ ਵੱਲੋਂ ਪਹੁੰਚੇ ਹੋਏ ਰਾਗੀ-ਢਾਡੀ ਅਤੇ ਕਵੀਸ਼ਰੀ ਜਥਿਆਂ ਦਾ ਸਿਰਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।