ਤੇਜ਼ ਰਫ਼ਤਾਰ ਥਾਰ ਨੇ ਬਾਈਕ ਨੂੰ ਮਾਰੀ ਟੱਕਰ, ਸਵਾਰ ਗੰਭੀਰ ਜ਼ਖ਼ਮੀ
ਤੇਜ਼ ਰਫ਼ਤਾਰ ਥਾਰ ਨੇ ਬਾਈਕ ਸਵਾਰ ਨੂੰ ਟੱਕਰ ਮਾਰੀ, ਬਾਈਕ ਸਵਾਰ ਗੰਭੀਰ ਜ਼ਖਮੀ
Publish Date: Tue, 31 Mar 2026 05:20 PM (IST)
Updated Date: Tue, 31 Mar 2026 05:22 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਪਿੰਡ ਬਿਦੋਵਾਲੀ ਦੇ ਇੱਕ ਵਿਅਕਤੀ ਨਾਲ ਹੋਏ ਸੜਕ ਹਾਦਸੇ ਦੇ ਸਬੰਧ ’ਚ ਥਾਣਾ ਲੰਬੀ ਪੁਲਿਸ ਨੇ ਰਾਜਸਥਾਨ ਦੇ ਇੱਕ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਹਾਦਸਾ ਥਾਰ ਗੱਡੀ ਦੇ ਡਰਾਈਵਰ ਦੀ ਲਾਪਰਵਾਹੀ ਅਤੇ ਗਲਤ ਦਿਸ਼ਾ ਵਿੱਚ ਗੱਡੀ ਚਲਾਉਣ ਕਾਰਨ ਵਾਪਰਿਆ। ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਬਿਦੋਵਾਲੀ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ’ਚ ਕਿਹਾ ਕਿ 22 ਮਾਰਚ ਨੂੰ ਰਾਤ ਲਗਭਗ 8:30 ਵਜੇ ਉਹ ਕੰਮ ਲਈ ਆਪਣੇ ਮੋਟਰਸਾਈਕਲ ਤੇ ਲੰਬੀ ਜਾ ਰਿਹਾ ਸੀ। ਜਦੋਂ ਉਹ ਲੰਬੀ ਤੋਂ ਲਗਭਗ 500 ਮੀਟਰ ਦੂਰ ਡੇਰਾ ਬਿਆਸ ਪਹੁੰਚਿਆ ਤਾਂ ਲੰਬੀ ਤੋਂ ਆ ਰਹੀ ਇੱਕ ਕਾਲੇ ਰੰਗ ਦੀ ਮਹਿੰਦਰਾ ਥਾਰ, ਨੰਬਰ ਆਰਜੇ 31ਸੀਸੀ 5448 ਦੇ ਡਰਾਈਵਰ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆਪਣੀ ਗੱਡੀ ਗਲਤ ਸਾਈਡ ਲਿਆ ਕੇ ਮੋਟਰਸਾਈਕਲ ਨੂੰ ਆਹਮੋ-ਸਾਹਮਣੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁਲਵਿੰਦਰ ਸਿੰਘ ਸੜਕ ’ਤੇ ਡਿੱਗ ਗਿਆ, ਜਿਸ ਕਾਰਨ ਉਸਦੀ ਸੱਜੀ ਬਾਂਹ ਅਤੇ ਸੱਜੀ ਲੱਤ ਟੁੱਟ ਗਈ। ਉਸਦੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਗੰਭੀਰ ਸੱਟਾਂ ਲੱਗੀਆਂ ਅਤੇ ਮੋਟਰਸਾਈਕਲ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਥਾਰ ਡਰਾਈਵਰ ਮੌਕੇ ਤੋਂ ਭੱਜ ਗਿਆ। ਰਾਹਗੀਰਾਂ ਨੇ ਤੁਰੰਤ ਐਂਬੂਲੈਂਸ ਬੁਲਾਈ ਅਤੇ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਲੰਬੀ ਪਹੁੰਚਾਇਆ, ਜਿੱਥੇ ਉਸਦੀ ਗੰਭੀਰ ਹਾਲਤ ਕਾਰਨ ਉਸਨੂੰ ਪ੍ਰਗਮਾ ਹਸਪਤਾਲ ਬਠਿੰਡਾ ਰੈਫਰ ਕਰ ਦਿੱਤਾ ਗਿਆ। ਪੁਲਿਸ ਨੇ ਥਾਰ ਡਰਾਈਵਰ ਅਮਰਿੰਦਰ ਸਿੰਘ ਵਾਸੀ ਹਰੀਪੁਰਾ, ਰਾਜਸਥਾਨ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।