ਤੇਜ਼ ਰਫ਼ਤਾਰ ਸਕਾਰਪਿਓ ਨੇ ਮੋਟਰਸਾਈਕਲ ਸਵਾਰ ਦਰੜੇ, ਇਕ ਦੀ ਮੌਤ
ਤੇਜ਼ ਰਫ਼ਤਾਰ ਸਕਾਰਪਿਓ ਨੇ ਮੋਟਰਸਾਈਕਲ ਸਵਾਰ ਮਜ਼ਦੂਰ ਦਰੜੇ, ਇਕ ਦੀ ਮੌਤ
Publish Date: Tue, 25 Aug 2026 03:51 PM (IST)
Updated Date: Tue, 25 Aug 2026 03:51 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ-ਕੋਟਕਪੂਰਾ ਰੋਡ ਤੇ ਪਿੰਡ ਕੋਟਲੀ ਸੰਘਰ ਮੋੜ ਨੇੜੇ ਇਕ ਤੇਜ਼ ਰਫ਼ਤਾਰ ਸਕਾਰਪਿਓ ਗੱਡੀ ਨੇ ਮੋਟਰਸਾਈਕਲ ਸਵਾਰ ਦੋ ਮਜ਼ਦੂਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਵੀਰ ਸਿੰਘ ਉਰਫ਼ ਗੋਰਾ ਸਿੰਘ ਪੁੱਤਰ ਰਾਜਾ ਸਿੰਘ (30) ਜਦਕਿ ਜਖ਼ਮੀ ਵਿਅਕਤੀ ਦੀ ਪਛਾਣ ਸਤਨਾਮ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ। ਘਟਨਾ ਤੋਂ ਬਾਅਦ ਗੱਡੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੁਖਦੀਪ ਕੌਰ ਵਾਸੀ ਕੋਟਲੀ ਸੰਘਰ ਨੇ ਦੱਸਿਆ ਕਿ ਉਸਦਾ ਬੇਟਾ ਜਸਵੀਰ ਸਿੰਘ ਉਰਫ਼ ਗੋਰਾ ਸਿੰਘ ਤੇ ਉਸਦਾ ਸਾਥੀ ਸਤਨਾਮ ਸਿੰਘ ਦੋਵੇਂ ਮੁਕਤਸਰ ਤੋਂ ਸੋਮਵਾਰ ਦੇਰ ਸ਼ਾਮ ਕਰੀਬ 8 ਵਜੇ ਮਜ਼ਦੂਰੀ ਕਰਕੇ ਮੋਟਰਸਾਈਕਲ (ਪੀਬੀ 30 ਵਾਈ 9905) ’ਤੇ ਪਿੰਡ ਪਰਤ ਰਹੇ ਸਨ। ਜਦੋਂ ਉਹ ਮੁਕਤਸਰ-ਕੋਟਕਪੂਰਾ ਰੋਡ ਤੋਂ ਪਿੰਡ ਕੋਟਲੀ ਸੰਘਰ ਵੱਲ ਮੋੜ ਮੁੜਨ ਲੱਗੇ ਤਾਂ ਇਕ ਤੇਜ਼ ਰਫ਼ਤਾਰ ਕਾਲੇ ਰੰਗ ਦੀ ਸਕਾਰਪਿਓ ਗੱਡੀ ਦੇ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ’ਚ ਜਸਵੀਰ ਸਿੰਘ ਉਰਫ਼ ਗੋਰਾ ਸਿੰਘ ਮੌਤ ਹੋ ਗਈ, ਜਦਕਿ ਸਤਨਾਮ ਸਿੰਘ ਦਾ ਇਲਾਜ ਜਾਰੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਛੋਟੇ ਬੱਚੇ (ਦੋ ਲੜਕੇ ਤੇ ਇਕ ਲੜਕੀ) ਛੱਡ ਗਿਆ ਹੈ।