ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਕਰਵਾਏ ਭਾਸ਼ਣ ਮੁਕਾਬਲੇ
ਮਾਤ ਭਾਸ਼ਾ ਦਿਵਸ ਮੌਕੇ ਵਿਦਿਆਰਥੀਆਂ ਦੇ ਕਰਵਾਏ ਭਾਸ਼ਣ ਮੁਕਾਬਲੇ
Publish Date: Mon, 23 Feb 2026 04:05 PM (IST)
Updated Date: Mon, 23 Feb 2026 04:07 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਭਾਸ਼ਾ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਸਕੂਲਾਂ ਅਤੇ ਕਾਲਜਾਂ’ਚ ਭਾਸ਼ਣ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਦੀ ਅਗਵਾਈ ਹੇਠ ਬਾਵਾ ਨਿਹਾਲ ਸਿੰਘ ਬੀਐੱਡ ਕਾਲਜ ਵਿਖੇ ਕਰਵਾਏ ਗਏ। ਖੋਜ ਅਫ਼ਸਰ ਬਲਜਿੰਦਰ ਜੌੜਕੀਆਂ ਨੇ ਦੱਸਿਆ ਕਿ ਭਾਸ਼ਣ ਮੁਕਾਬਲਿਆਂ ਦੇ ਸਕੂਲ ਪੱਧਰ ’ਤੇ ਨਤੀਜਿਆਂ ਚੋਂ ਖੁਸ਼ੀ ਸ.ਸ.ਸ.ਸ. ਲੱਖੇਵਾਲੀ ਨੇ ਪਹਿਲਾ, ਪੂਜਾ ਰਾਣੀ ਸ.ਸ.ਸ.ਸ. ਕੰਨਿਆ ਸ੍ਰੀ ਮੁਕਤਸਰ ਸਾਹਿਬ ਨੇ ਦੂਸਰਾ ਸਥਾਨ ਅਤੇ ਸੁਖਵੀਰ ਕੌਰ ਸ.ਸ.ਸ.ਸ. ਕੰਨਿਆ ਗਿੱਦੜਬਾਹਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਕਾਲਜ ਪੱਧਰ ਦੇ ਮੁਕਾਬਲਿਆਂ ‘ਚੋਂ ਸਿਮਰਜੀਤ ਕੌਰ ਡੀਏਵੀ ਕਾਲਜ ਮਲੋਟ ਨੇ ਪਹਿਲਾ, ਸੰਦੀਪ ਕੌਰ ਐਮਐਮਡੀ ਡੀਏਵੀ ਕਾਲਜ ਗਿੱਦੜਬਾਹਾ ਨੇ ਦੂਜਾ ਅਤੇ ਸਿਮਰਨਜੀਤ ਕੌਰ ਡੀਏਵੀ ਕਾਲਜ ਮਲੋਟ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਪ੍ਰਕਾਰ ਭਾਸ਼ਣ ਮੁਕਾਬਲਿਆਂ ਚ ਨਿਰਣਾਇਕ ਦੀ ਭੂਮਿਕਾ ਪ੍ਰਵੀਨ ਕੁਮਾਰ ਲੈਕਚਰਾਰ ਰੁਪਾਣਾ, ਜਗਤਾਰ ਸਿੰਘ ਪੰਜਾਬੀ ਮਾਸਟਰ ਹਰਾਜ ਅਤੇ ਸਰਬਜੀਤ ਕੌਰ ਐਮਐਮਡੀ ਡੀਏਵੀ ਕਾਲਜ ਗਿੱਦੜਬਾਹਾ ਨੇ ਨਿਭਾਈ। ਸਮਾਗਮ ਦੇ ਦੂਸਰੇ ਸੈਸ਼ਨ ਦੌਰਾਨ ਡਾ. ਗੁਰਪ੍ਰੀਤ ਸਿੰਘ ਸਹਾਇਕ ਪ੍ਰੋਫੈਸਰ ਮਹਾਰਾਜ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵੱਲੋਂ ‘ਪੰਜਾਬੀ ਮੀਡੀਆ:ਗ਼ਲਤੀਆਂ ਤੇ ਸੁਧਾਰ’ ਵਿਸ਼ੇ ’ਤੇ ਬਹੁਤ ਵਿਸਥਾਰ ਨਾਲ ਪੀਪੀਟੀ ਅਧਾਰਿਤ ਭਾਸ਼ਣ ਦਿੱਤਾ ਗਿਆ। ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਜਗਮੀਤ ਸਿੰਘ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਜ਼ਿਲ੍ਹਾ ਸਿੱਖਿਆ ਦਫ਼ਤਰ ਸੈਕੰਡਰੀ ਸਿੱਖਿਆ ਸ੍ਰੀ ਮੁਕਤਸਰ ਸਾਹਿਬ ਵੱਲੋਂ ਗੁਰਮੇਲ ਸਿੰਘ ਸਾਗੂ ਜ਼ਿਲ੍ਹਾ ਰਿਸੋਰਸ ਕੋਆਡੀਨੇਟਰ ਨੇ ਕਿਹਾ ਕਿ ਅਸੀਂ ਮਾਂ ਬੋਲੀ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ ਅਤੇ ਸਾਨੂੰ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪੰਜਾਬੀ ਅਧਿਆਪਕ ਗੁਰਨਾਮ ਨੂੰ ਪੰਜਾਬੀ ਪ੍ਰਤੀ ਯੋਗਦਾਨ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਵਿੰਦਰ ਸਿੰਘ ਖੋਖਰ ਥਾਂਦੇਵਾਲਾ, ਭੁਪਿੰਦਰ ਕੌਰ ਮਲੋਟ, ਸਤਨਾਮ ਸਿੰਘ, ਜਸਪਾਲ ਸਿੰਘ ਪ੍ਰਬੰਧਕੀ ਨਿਰਦੇਸ਼ਕ ਅਤੇ ਸਮੂਹ ਸਟਾਫ ਬਾਵਾ ਨਿਹਾਲ ਸਿੰਘ ਬੀ.ਐੱਡ ਕਾਲਜ ਦੇ ਸਟਾਫ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਇਹ ਸਮਾਗਮ ਮਾਂ ਬੋਲੀ ਪ੍ਰਤੀ ਸਾਰਥਕ ਸੁਨੇਹਾ ਦੇਣ ਦੇ ਨਾਲ-ਨਾਲ ਵਿਦਿਆਰਥੀਆਂ ਅੰਦਰ ਸਾਹਿਤ ਦੀ ਚੇਟਕ ਲਾਉਣ ’ਚ ਸਫਲ ਰਿਹਾ।