ਵਿਸਡਮ ਵਰਲਡ ਸਕੂਲ ’ਚ ਸ਼ਾਨਦਾਰ ਐਥਲੈਟਿਕ ਮੀਟ ਦਾ ਆਯੋਜਨ ਵਿਸਡਮ ਵਰਲਡ ਸਕੂਲ ’ਚ ਸ਼ਾਨਦਾਰ ਐਥਲੈਟਿਕ ਮੀਟ ਦਾ ਆਯੋਜਨ
Publish Date: Mon, 23 Nov 2026 03:49 PM (IST)
Updated Date: Tue, 24 Nov 2026 04:01 AM (IST)
-ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਵੱਖ-ਵੱਖ ਖੇਡ ਮੁਕਾਬਲਿਆਂ ’ਚ ਲਿਆ ਹਿੱਸਾ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਵਿਸਡਮ ਵਰਲਡ ਸਕੂਲ ਥਾਂਦੇਵਾਲਾ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਖੇਡਾਂ ਪ੍ਰਤੀ ਰੁਚੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸ਼ਾਨਦਾਰ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜਸਵਿੰਦਰ ਸਿੰਘ ਅਤੇ ਵਿਸ਼ੇਸ਼ ਸਲਾਹਕਾਰ ਵਜੋਂ ਡਾ. ਦਲਜੀਤ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦੀ ਅਗਵਾਈ ਸਕੂਲ ਪ੍ਰਿੰਸੀਪਲ ਜੋਤੀ ਗਾਂਧੀ, ਵਾਈਸ ਪ੍ਰਿੰਸੀਪਲ ਸੋਨੀਆ, ਕੋਆਰਡੀਨੇਟਰ ਮੈਡਮ ਅਮਨਦੀਪ ਕੌਰ ਬਰਾੜ, ਮੈਡਮ ਸਟੈਫੀ ਅਤੇ ਮੈਡਮ ਪੂਨਮ ਸ਼ਰਮਾ ਵੱਲੋਂ ਕੀਤੀ ਗਈ। ਇਸ ਸਾਰੇ ਖੇਡ ਮੁਕਾਬਲੇ ਡਿਨ ਮੈਡਮ ਅਮਨਦੀਪ ਕੌਰ ਬਰਾੜ ਦੀ ਅਗਵਾਈ ਹੇਠ ਹੋਏ। ਸਮਾਗਮ ਦੀ ਸ਼ੁਰੂਆਤ ਡਾ. ਦਲਜੀਤ ਸਿੰਘ ਵੱਲੋਂ ਜੋਤ ਜਗਾ ਕੇ ਕੀਤੀ ਗਈ। ਇਸ ਉਪਰੰਤ ਖੇਡ ਭਾਵਨਾ ਅਤੇ ਏਕਤਾ ਦੇ ਪ੍ਰਤੀਕ ਵਜੋਂ ਮਸ਼ਾਲ ਜਗਾਈ ਗਈ ਅਤੇ ਰੰਗ-ਬਿਰੰਗੇ ਗੁਬਾਰੇ ਅਸਮਾਨ ’ਚ ਛੱਡੇ ਗਏ। ਇਸਤੋਂ ਬਾਅਦ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਗਈ, ਜਿਸਨੇ ਸਮਾਗਮ ’ਚ ਨਵਾਂ ਜੋਸ਼ ਅਤੇ ਉਤਸ਼ਾਹ ਭਰ ਦਿੱਤਾ। ਐਥਲੈਟਿਕ ਮੀਟ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ ਵੱਖ-ਵੱਖ ਉਮਰ ਵਰਗਾਂ ਅਨੁਸਾਰ ਕਈ ਦਿਲਚਸਪ ਖੇਡ ਮੁਕਾਬਲੇ ਕਰਵਾਏ ਗਏ। ਛੋਟੇ ਬੱਚਿਆਂ ਲਈ ਬਟਰਫਲਾਈ ਰੇਸ, 50 ਮੀਟਰ ਰੇਸ, ਥ੍ਰੀ-ਲੈਗ ਰੇਸ, ਹਰਡਲ ਰੇਸ, ਬੈਗਪੈਕ ਰੇਸ, ਜੰਪ ਰੇਸ ਅਤੇ ਫਰੌਗ ਰੇਸ ਵਰਗੇ ਮਨੋਰੰਜਕ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ’ਚ ਨੰਨ੍ਹੇ ਖਿਡਾਰੀਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ। ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਲਈ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ ਕਰਵਾਈਆਂ ਗਈਆਂ। ਇਸਤੋਂ ਇਲਾਵਾ ਸ਼ਾਟਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ, ਲੌਂਗ ਜੰਪ, ਹਾਈ ਜੰਪ ਅਤੇ ਰਿਲੇ ਰੇਸ ਵਰਗੇ ਮੁਕਾਬਲਿਆਂ ਨੇ ਵੀ ਵਿਦਿਆਰਥੀਆਂ ’ਚ ਖੇਡਾਂ ਪ੍ਰਤੀ ਖਾਸ ਉਤਸ਼ਾਹ ਪੈਦਾ ਕੀਤਾ। ਪੂਰੇ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਮੈਦਾਨ ’ਚ ਮੌਜੂਦ ਹੋਰ ਵਿਦਿਆਰਥੀਆਂ ਨੇ ਤਾੜੀਆਂ ਵਜਾ ਕੇ ਆਪਣੇ ਸਾਥੀਆਂ ਦਾ ਹੌਂਸਲਾ ਵਧਾਇਆ। ਮੁਕਾਬਲਿਆਂ ਦੇ ਵਿਚਕਾਰ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ, ਜਿਸਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ। ਸਮਾਗਮ ਦੇ ਅੰਤ ’ਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੱਚਿਆਂ ਨੇ ਨਾ ਸਿਰਫ਼ ਜਿੱਤ-ਹਾਰ ਨੂੰ ਸਵੀਕਾਰ ਕਰਨਾ ਸਿੱਖਿਆ, ਸਗੋਂ ਅਨੁਸ਼ਾਸਨ, ਸਹਿਯੋਗ, ਟੀਮ ਵਰਕ, ਆਤਮ-ਵਿਸ਼ਵਾਸ ਅਤੇ ਖੇਡ ਭਾਵਨਾ ਵਰਗੇ ਮਹੱਤਵਪੂਰਨ ਗੁਣ ਵੀ ਸਿੱਖੇ। ਜਿਨ੍ਹਾਂ ਬੱਚਿਆਂ ਨੇ ਇਸ ਵਾਰ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਿਆ ਸੀ, ਉਨ੍ਹਾਂ ਨੇ ਅਗਲੀ ਵਾਰ ਪੂਰੇ ਉਤਸ਼ਾਹ ਨਾਲ ਭਾਗ ਲੈਣ ਦਾ ਵਾਅਦਾ ਕੀਤਾ। ਸਮਾਗਮ ਦੀ ਸਮਾਪਤੀ ਇੱਕ ਪ੍ਰੇਰਨਾਦਾਇਕ ਸੰਦੇਸ਼ ਨਾਲ ਕੀਤੀ ਗਈ ਕਿ ਖੇਡਾਂ ਸਿਰਫ਼ ਜਿੱਤਣ ਦਾ ਸਾਧਨ ਨਹੀਂ, ਸਗੋਂ ਸਿਹਤਮੰਦ ਸਰੀਰ, ਮਜ਼ਬੂਤ ਮਨ ਅਤੇ ਆਤਮ-ਵਿਸ਼ਵਾਸੀ ਸ਼ਖ਼ਸੀਅਤ ਦੀ ਨੀਂਹ ਹਨ। ਸਾਰੇ ਵਿਦਿਆਰਥੀਆਂ ਨੇ ਭਵਿੱਖ ’ਚ ਹੋਰ ਵੀ ਵੱਧ ਚੜ੍ਹ ਕੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਪ੍ਰਣ ਲਿਆ। ਇਸ ਤਰ੍ਹਾਂ ਵਿਜ਼ਨ ਵਰਲਡ ਸਕੂਲ ਦੀ ਇਹ ਐਥਲੈਟਿਕ ਮੀਟ ਬੱਚਿਆਂ ਲਈ ਖੁਸ਼ੀਆਂ, ਨਵੇਂ ਤਜਰਬਿਆਂ, ਸਿੱਖਿਆ ਅਤੇ ਯਾਦਗਾਰੀ ਪਲਾਂ ਨਾਲ ਭਰਪੂਰ ਰਹੀ।