ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ‘ਸਪੈਸ਼ਲ ਨਾਈਟ ਆਪ੍ਰੇਸ਼ਨ’ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸਪੈਸ਼ਲ ਨਾਈਟ ਆਪ੍ਰੇਸ਼ਨ
Publish Date: Wed, 30 Sep 2026 03:35 PM (IST)
Updated Date: Wed, 30 Sep 2026 03:37 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਐੱਸਐੱਸਪੀ ਅਭਿਮੰਨਿਊ ਰਾਣਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਵਿਸ਼ੇਸ਼ ਹਾਈਟੈਕ ਨਾਈਟ ਆਪ੍ਰੇਸ਼ਨ ਚਲਾਇਆ ਗਿਆ। ਆਪ੍ਰੇਸ਼ਨ ਦੌਰਾਨ ਜ਼ਿਲ੍ਹੇ ’ਚ ਲਗਾਏ ਹਰੇਕ ਨਾਕੇ ’ਤੇ ਆਨਲਾਈਨ ਸਟੈਂਡਿੰਗ ਹਾਈਟੈਕ ਕੈਮਰੇ ਲਗਾਏ ਗਏ, ਜਿਨ੍ਹਾਂ ਰਾਹੀਂ ਨਾਕਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਗਈ। ਇਨ੍ਹਾਂ ਕੈਮਰਿਆਂ ਦੀ ਲਾਈਵ ਫੁਟੇਜ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਕੰਟਰੋਲ ਰੂਮ ’ਚ ਦੇਖੀ ਜਾ ਰਹੀ ਸੀ। ਐਸਐਸਪੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਤ 8 ਵਜੇ ਤੋਂ ਸ਼ੁਰੂ ਹੋਇਆ ਇਹ ਵਿਸ਼ੇਸ਼ ਆਪ੍ਰੇਸ਼ਨ ਪੂਰੀ ਰਾਤ ਜਾਰੀ ਰਿਹਾ। ਇਸ ਦੌਰਾਨ ਜ਼ਿਲ੍ਹੇ ਦੀਆਂ ਚਾਰ ਸਬ-ਡਿਵੀਜ਼ਨਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਵਿੱਚ ਵਿਸ਼ੇਸ਼ ਨਾਕਾਬੰਦੀ, ਸਰਚ ਆਪ੍ਰੇਸ਼ਨ ਅਤੇ ਚੈਕਿੰਗ ਮੁਹਿੰਮ ਚਲਾਈ ਗਈ। ਜ਼ਿਲ੍ਹੇ ਭਰ ’ਚ ਕੁੱਲ 35 ਨਾਕੇ ਲਗਾਏ ਗਏ, ਜਿਨ੍ਹਾਂ ’ਤੇ ਹਰੇਕ ਨਾਕੇ ’ਤੇ ਤਕਰੀਬਨ 10 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਇਸ ਮੁਹਿੰਮ ’ਚ 01 ਐਸਪੀ, 06 ਡੀਐਸਪੀ ਅਤੇ 400 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਹਰ ਨਾਕੇ ’ਤੇ ਹਾਈਟੈਕ ਕੈਮਰੇ, ਸੀਨੀਅਰ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਇਸ ਵਿਸ਼ੇਸ਼ ਆਪ੍ਰੇਸ਼ਨ ਤਹਿਤ ਪੁਲਿਸ ਵੱਲੋਂ ਰਵਾਇਤੀ ਚੈਕਿੰਗ ਦੇ ਨਾਲ-ਨਾਲ ਆਧੁਨਿਕ ਤਕਨੀਕ ਦੀ ਵਰਤੋਂ ਨੂੰ ਵੀ ਤਰਜੀਹ ਦਿੱਤੀ ਗਈ। ਹਰੇਕ ਨਾਕੇ ’ਤੇ ਸਟੈਂਡਿੰਗ ਹਾਈਟੈਕ ਕੈਮਰੇ ਲਗਾ ਕੇ ਉਨ੍ਹਾਂ ਨੂੰ ਆਨਲਾਈਨ ਨਿਗਰਾਨੀ ਪ੍ਰਣਾਲੀ ਨਾਲ ਜੋੜਿਆ ਗਿਆ, ਜਿਸ ਦੀ ਫੁਟੇਜ ਸੀਨੀਅਰ ਅਧਿਕਾਰੀਆਂ ਅਤੇ ਕੰਟਰੋਲ ਰੂਮ ’ਚ ਲਗਾਤਾਰ ਦੇਖੀ ਜਾ ਰਹੀ ਸੀ। ਇਸ ਮੌਕੇ ਐਸਪੀ (ਡੀ) ਅਸ਼ੋਕ ਮੀਨਾ, ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਪਹੁੰਚ ਕੇ ਚੈਕਿੰਗ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਪੁਲਿਸ ਟੀਮਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ। ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ ਤੇ ਜਨਤਕ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਆਪ੍ਰੇਸ਼ਨ ਦੌਰਾਨ ਪੁਲਿਸ ਟੀਮਾਂ ਵੱਲੋਂ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਮੁੱਖ ਸੜਕਾਂ, ਬਾਜ਼ਾਰਾਂ, ਗਲੀ-ਮੁਹੱਲਿਆਂ, ਪਾਰਕਾਂ, ਰਿਜ਼ੋਰਟਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਅੰਤਰਰਾਜੀ ਅਤੇ ਰਾਜ ਦੀਆਂ ਹੱਦਾਂ ਨਾਲ ਲੱਗਦੇ ਨਾਕਿਆਂ ’ਤੇ ਵੀ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਦਿਆਂ ਆਉਣ-ਜਾਣ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪੀਸੀਆਰ ਅਤੇ ਮੋਟਰਸਾਈਕਲ ਪੁਲਿਸ ਟੀਮਾਂ ਵੱਲੋਂ ਰਾਤ ਸਮੇਂ ਲਗਾਤਾਰ ਗਸ਼ਤ ਅਤੇ ਫਲੈਗ ਮਾਰਚ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ ਗਈ। ਪੁਲਿਸ ਵੱਲੋਂ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਚੌਕਸੀ ਵਰਤੀ ਗਈ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ-ਸ਼ਾਂਤੀ ਭੰਗ ਕਰਨ ਜਾਂ ਕਿਸੇ ਗੈਰ-ਕਾਨੂੰਨੀ ਗਤੀਵਿਧੀ ਨੂੰ ਅੰਜਾਮ ਦੇਣ ਦਾ ਮੌਕਾ ਨਾ ਮਿਲੇ। ਰੇਲਵੇ ਸਟੇਸ਼ਨਾਂ ’ਤੇ ਯਾਤਰੀਆਂ ਅਤੇ ਸ਼ੱਕੀ ਵਿਅਕਤੀਆਂ ਦੀ ਤਸਦੀਕ ਰੇਲਵੇ ਸਟੇਸ਼ਨਾਂ ’ਤੇ ਪੁਲਿਸ ਟੀਮਾਂ ਵੱਲੋਂ ਯਾਤਰੀਆਂ ਦੇ ਸਮਾਨ ਦੀ ਜਾਂਚ, ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਅਤੇ ਜੀਆਰਪੀ ਨਾਲ ਤਾਲਮੇਲ ਕਰਕੇ ਲੋੜ ਅਨੁਸਾਰ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਕੀਤੀ ਗਈ। ਇਸ ਦੇ ਨਾਲ ਹੀ ਪੀਏਆਈਐਸ ਐਪ ਦੀ ਮਦਦ ਨਾਲ ਕਈ ਵਿਅਕਤੀਆਂ ਦੇ ਪੁਲਿਸ ਰਿਕਾਰਡ ਦੀ ਮੌਕੇ ’ਤੇ ਜਾਂਚ ਅਤੇ ਤਸਦੀਕ ਵੀ ਕੀਤੀ ਗਈ। ਵਾਹਨ ਐਪ ਦੀ ਮਦਦ ਨਾਲ ਵਾਹਨਾਂ ਦੇ ਰਜਿਸਟ੍ਰੇਸ਼ਨ ਵੇਰਵਿਆਂ ਦੀ ਤਸਦੀਕ ਕੀਤੀ ਗਈ। ਵੱਖ-ਵੱਖ ਨਾਕਿਆਂ ’ਤੇ ਵਾਹਨਾਂ ਦੀ ਤਲਾਸ਼ੀ, ਦਸਤਾਵੇਜ਼ਾਂ ਦੀ ਜਾਂਚ ਅਤੇ ਨੰਬਰ ਪਲੇਟਾਂ ਦੀ ਪੜਤਾਲ ਕੀਤੀ ਗਈ। ਬਿਨਾਂ ਨੰਬਰ ਪਲੇਟ ਵਾਲੇ, ਮੋਡੀਫਾਈਡ ਸਿਲੈਂਸਰ ਲਗਾ ਕੇ ਸ਼ੋਰ ਪੈਦਾ ਕਰਨ ਵਾਲੇ, ਡਿਮ ਲਾਈਟਾਂ ਵਾਲੇ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਗਈ। ਐਸਐਸਪੀ ਨੇ ਕਿਹਾ ਯੋਜਨਾਬੱਧ ਢੰਗ ਨਾਲ ਨਾਕਾਬੰਦੀ, ਗਸ਼ਤ, ਸਰਚ ਆਪ੍ਰੇਸ਼ਨ ਅਤੇ ਵਿਸ਼ੇਸ਼ ਚੈਕਿੰਗ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਕਿਸੇ ਵੀ ਸ਼ੱਕੀ ਵਿਅਕਤੀ, ਵਾਹਨ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।